ਬਾਬਾ ਬੀਰ ਸਿੰਘ ਜੀ ਦੀ ਯਾਦ 'ਚ ਮਨਾਇਆ ਜੋੜ ਮੇਲਾ
ਧਾਰਮਿਕ ਸਮਾਗਮ 'ਚ ਪਹੁੰਚੀਆਂ ਹੋਈਆਂ ਸ਼ਖ਼ਸੀਅਤਾਂ ਨੂੰ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਪੱਧਰੀ ਨੇ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ
Publish Date: Sun, 10 May 2026 04:51 PM (IST)
Updated Date: Mon, 11 May 2026 04:03 AM (IST)

ਕਾਰਜ ਸਿੰਘ ਬਿੱਟੂ•,ਪੰਜਾਬੀ ਜਾਗਰਣ, ਸੁਰਸਿੰਘ : ਪਿੰਡ ਪੱਧਰੀ ਕਲਾਂ ਵਿਖੇ ਧੰਨ-ਧੰਨ ਬਾਬਾ ਬੀਰ ਸਿੰਘ ਜੀ ਦੀ ਯਾਦ ਚ ਸਾਲਾਨਾ ਜੋੜ ਮੇਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ’ਚ ਕਵੀਸ਼ਰੀ ਜਥੇ ਭਾਈ ਕੇਵਲ ਸਿੰਘ, ਮਹਿਤਾ ਸੋਹੀ ਬ੍ਰਦਰਜ਼, ਗਿਆਨੀ ਸਤਨਾਮ ਸਿੰਘ ਲਾਲੂ ਘੁੰਮਣ, ਭਾਈ ਮਲਕੀਤ ਸਿੰਘ ਵਰਪਾਲ ਆਦਿ ਜਥਿਆਂ ਨੇ ਬਾਬਾ ਬੀਰ ਸਿੰਘ ਜੀ ਦਾ ਕੁਰਬਾਨੀ ਭਰਿਆ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮਹਾਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਦੇ ਛੋਟੇ ਸਪੁੱਤਰ ਬਾਬਾ ਚਰਨਜੀਤ ਸਿੰਘ ਜੀ ਬਿਧੀਚੰਦੀਏ, ਬਾਬਾ ਮੌਜੀ ਦਾਸ ਜੀ ਮਾੜੀ ਕੰਬੋਕੀ ਵਾਲੇ ਤੇ ਭੈਣ ਸੁਰਜੀਤ ਕੌਰ ਜੀ ਢਾਬਸਰ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਮੌਕੇ ਧੰਨ-ਧੰਨ ਬਾਬਾ ਬੀਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ’ਤੇ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਭਾਈ ਲਖਮੀਰ ਸਿੰਘ ਕੱਕਾ ਕੰਡਿਆਲਾ ਨੇ ਸਟੇਜ ਸੈਕਟਰੀ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਧਾਰਮਿਕ ਸਮਾਗਮ ਚ ਪਹੁੰਚੀਆਂ ਹੋਈਆਂ ਸ਼ਖ਼ਸੀਅਤਾਂ ਨੂੰ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਪੱਧਰੀ ਨੇ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਧਾਰਮਿਕ ਸਮਾਗਮ ਦੌਰਾਨ ਫਲਾਂ ਦਾ ਜੂਸ, ਨਿਊਟਰੀ ਬਰੈੱਡ, ਠੰਢੇ ਮਿੱਠੇ ਜਲ ਦੀਆਂ ਛਬੀਲਾਂ, ਚਾਹ ਪਕੌੜੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਦਿਲਬਾਗ ਸਿੰਘ, ਸੈਕਟਰੀ ਦਲਜੀਤ ਸਿੰਘ, ਸਵਿੰਦਰ ਸਿੰਘ ਨੰਬਰਦਾਰ, ਦਿਲਬਾਗ ਸਿੰਘ, ਬਲਦੇਵ ਸਿੰਘ, ਚਹਿਲ ਸਿੰਘ, ਦਿਲਬਾਗ ਸਿੰਘ, ਬਲਵਿੰਦਰ ਸਿੰਘ, ਫਰਮਿੰਦਰ ਸਿੰਘ, ਜਤਿੰਦਰ ਸਿੰਘ, ਸਰਪੰਚ ਸਲਵਿੰਦਰ ਸਿੰਘ ਪੱਧਰੀ, ਮਨਤੇਜ ਸਿੰਘ ਪੱਧਰੀ, ਗੁਰਸੇਵਕ ਸਿੰਘ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸ਼ਾਮ ਨੂੰ ਕਬੱਡੀ ਦੇ ਫ਼ਸਵੇਂ ਮੁਕਾਬਲੇ ਗੋਪੀ ਫਰੰਦੀਪੁਰ ਤੇ ਗੋਪੀ ਤੇਜਾ ਸਿੰਘ ਵਾਲੇ ਦੇ ਟੀਮਾਂ ਦੇ ਵਿਚਕਾਰ ਹੋਏ ਅਤੇ ਜੇਤੂ ਰਹੀ ਟੀਮ ਨੂੰ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ।