ਬੁਰਜ ਦੇਵਾ ਸਿੰਘ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਤੀਰਥ ਯਾਤਰਾ ਬੱਸ ਰਵਾਨਾ
ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਧਿਆਨ ’ਚ ਰੱਖਦਿਆਂ ਸ਼ੁਰੂ ਕੀਤੀਆਂ ਗਈਆਂ ਤੀਰਥ ਯਾਤਰਾਵਾਂ ਬਹੁਤ ਹੀ ਸ਼ਲਾਘਾਯੋਗ ਕਦਮ ਹਨ
Publish Date: Sun, 10 May 2026 06:37 PM (IST)
Updated Date: Mon, 11 May 2026 04:07 AM (IST)

ਦੀਪਕ ਕੁਮਾਰ•,ਪੰਜਾਬੀ ਜਾਗਰਣ, ਪੱਟੀ ਮੌੜ : ਪੱਟੀ ਹਲਕੇ ਦੇ ਪਿੰਡ ਬੁਰਜ ਦੇਵਾ ਸਿੰਘ ਤੋਂ ਅੱਜ ਸੰਗਤਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੀਰਥ ਯਾਤਰਾ ਲਈ ਲੈ ਕੇ ਜਾਣ ਵਾਲੀ ਬੱਸ ਸ਼ਰਧਾ ਤੇ ਉਤਸ਼ਾਹ ਦੇ ਮਾਹੌਲ ’ਚ ਰਵਾਨਾ ਹੋਈ। ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਧਰਮ ਪਤਨੀ ਬੀਬਾ ਸੁਰਿੰਦਰਪਾਲ ਕੌਰ ਭੁੱਲਰ ਵੱਲੋਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਇਲਾਕਾ ਵਾਸੀ, ਆਮ ਆਦਮੀ ਪਾਰਟੀ ਦੇ ਵਰਕਰ ਤੇ ਧਾਰਮਿਕ ਸ਼ਖ਼ਸੀਅਤਾਂ ਮੌਜੂਦ ਰਹੀਆਂ। ਸੰਗਤਾਂ ’ਚ ਤੀਰਥ ਯਾਤਰਾ ਨੂੰ ਲੈ ਕੇ ਖਾਸ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਸਾਰੇ ਯਾਤਰੀਆਂ ਨੇ ‘ਵਾਹਿਗੁਰੂ’ ਦਾ ਜਾਪ ਕਰਦਿਆਂ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ। ਬੀਬਾ ਸੁਰਿੰਦਰਪਾਲ ਕੌਰ ਭੁੱਲਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਧਿਆਨ ’ਚ ਰੱਖਦਿਆਂ ਸ਼ੁਰੂ ਕੀਤੀਆਂ ਗਈਆਂ ਤੀਰਥ ਯਾਤਰਾਵਾਂ ਬਹੁਤ ਹੀ ਸ਼ਲਾਘਾਯੋਗ ਕਦਮ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਲੋਕਾਂ ਨੂੰ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਸਿੱਖ ਇਤਿਹਾਸ ਦਾ ਮਹੱਤਵਪੂਰਨ ਧਾਰਮਿਕ ਅਸਥਾਨ ਹੈ ਤੇ ਇੱਥੇ ਜਾ ਕੇ ਸੰਗਤਾਂ ਨੂੰ ਆਤਮਿਕ ਸ਼ਾਂਤੀ ਤੇ ਨਵੀਂ ਉਰਜਾ ਪ੍ਰਾਪਤ ਹੁੰਦੀ ਹੈ। ਬੀਬਾ ਭੁੱਲਰ ਨੇ ਪੰਜਾਬ ਸਰਕਾਰ ਵੱਲੋਂ ਕੱਢੀ ਗਈ ‘ਸ਼ੁਕਰਾਨਾ ਯਾਤਰਾ’ ਦੀ ਵੀ ਸਰਾਹਨਾ ਕੀਤੀ ਤੇ ਕਿਹਾ ਕਿ ਇਹ ਯਾਤਰਾ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਤੇ ਸਰਕਾਰ ਦੇ ਲੋਕ-ਹਿਤੈਸ਼ੀ ਕੰਮਾਂ ਲਈ ਧੰਨਵਾਦ ਪ੍ਰਗਟ ਕਰਨ ਦਾ ਵਧੀਆ ਉਪਰਾਲਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਤੇ ਇਲਾਕੇ ਦੇ ਵਿਕਾਸ ਲਈ ਲਗਾਤਾਰ ਯਤਨ ਜਾਰੀ ਹਨ। ਇਸ ਮੌਕੇ ਹਾਜ਼ਰ ਆਗੂਆਂ ਤੇ ਪਿੰਡ ਵਾਸੀਆਂ ਨੇ ਵੀ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦੀ ਪ੍ਰਸ਼ੰਸਾ ਕੀਤੀ ਤੇ ਸੰਗਤਾਂ ਦੀ ਸੁਖਮਈ ਯਾਤਰਾ ਲਈ ਅਰਦਾਸ ਕੀਤੀ।