ਤਰਨਤਾਰਨ ਜ਼ਿਲ੍ਹੇ ’ਚ ਲੱਗੀ ਕੌਮੀ ਲੋਕ ਅਦਾਲਤ, 7683 ਕੇਸਾਂ ਦਾ ਕੀਤਾ ਮੌਕੇ ’ਤੇ ਨਿਪਟਾਰਾ
ਲੋਕ ਅਦਾਲਤ ’ਚ ਆਪਸੀ ਝਗੜਿਆਂ ਕਾਰਨ ਵੱਖ ਹੋਏ ਕਈ ਵਿਆਹੇ ਜੋੜੇ ਇਕੱਠੇ ਕੀਤੇ ਗਏ ਅਤੇ ਸਾਲਾਂ ਪੁਰਾਣੇ ਕਈ ਝਗੜੇ ਖ਼ਤਮ ਕਰਵਾਏ ਗਏ।
Publish Date: Sat, 09 May 2026 08:28 PM (IST)
Updated Date: Sun, 10 May 2026 04:13 AM (IST)

ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸੈਸ਼ਨਜ਼ ਡਵੀਜ਼ਨ ਵਿਚ ਸ਼ਨਿਚਰਵਾਰ ਨੂੰ ਕੌਮੀ ਲੋਕ ਅਦਾਲਤ ਲਾਈ ਗਈ। ਜਿਸ ਦੌਰਾਨ ਲੋਕਾਂ ਦੀ ਸਹੂਲਤ ਲਈ ਕੌਮੀ ਲੋਕ ਅਦਾਲਤ ਦੇ ਬੈਂਚ ਬਣਾਏ ਗਏ। ਜਿਨ੍ਹਾਂ ’ਚ ਪਹਿਲਾ ਬੈਂਚ ਮਨੋਜ ਕੁਮਾਰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ‘ਪ੍ਰਿੰਸੀਪਲ ਜੱਜ ਫੈਮਿਲੀ ਕੋਰਟ’ ਤਰਨਤਾਰਨ, ਦੂਸਰਾ ਬੈਂਚ ਰਵਿੰਦਰਜੀਤ ਸਿੰਘ ਬਾਜਵਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਤੀਸਰਾ ਬੈਂਚ ਅਮਨਦੀਪ ਸਿੰਘ ਅਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਤਰਨਤਾਰਨ, ਚੌਥਾ ਬੈਂਚ ਮਨਜੋਤ ਕੌਰ ਸਿਵਲ ਜੱਜ ਜੂਨੀਅਰ ਡਵੀਜ਼ਨ ਤਰਨਤਾਰਨ ਅਤੇ ਪੰਜਵਾ ਬੈਂਚ ਅਜੈਬ ਸਿੰਘ ਚੇਅਰਮੈਨ ਪਰਮਾਨੈਂਟ ਲੋਕ ਅਦਾਲਤ ਤਰਨਤਾਰਨ ਸ਼ਾਮਿਲ ਸਨ। ਇਸੇ ਤਰ੍ਹਾਂ ਪੱਟੀ ਵਿਖੇ ਦੋ ਬੈਂਚ ਸਿਮਰਨਜੀਤ ਸਿੰਘ ਸਿਵਲ ਜੱਜ ਜੂਨੀਅਰ ਡਵੀਜ਼ਨ ਪੱਟੀ ਅਤੇ ਸੰਨੀ ਸੰਧੂ ਸਿਵਲ ਜੱਜ ਜੂਨੀਅਰ ਡਵੀਜ਼ਨ ਪੱਟੀ ਵੱਲੋਂ ਲਾਏ ਗਏ। ਜਦੋਂਕਿ ਖਡੂਰ ਸਾਹਿਬ ਵਿਖੇ ਇਕ ਬੈਂਚ ਰਾਜਦੀਪ ਸਿੰਘ ਮਾਨ ਸਿਵਲ ਜੱਜ ਜੂਨੀਅਰ ਡਵੀਜ਼ਨ ਖਡੂਰ ਸਾਹਿਬ ਵੱਲੋਂ ਲਗਾਇਆ ਗਿਆ। ਜ਼ਿਲ੍ਹਾ ਅਤੇ ਸ਼ੈਸਨ ਜੱਜ ਕਮ-ਚੇਅਰਮੈਨ-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੰਵਲਜੀਤ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਅਦਾਲਤ ਦੇ ਬੈਚਾਂ ਦੇ ਪ੍ਰੀਜ਼ਾਈਡਿੰਗ ਅਫ਼ਸਰਾਂ ਨੇ ਬਹੁਤ ਹੀ ਸਹਿਜਤਾ, ਸੰਵੇਦਨਸ਼ੀਲਤਾ ਨਾਲ ਪਬਲਿਕ ਦੇ ਨਾਲ ਆਹਮੋ-ਸਾਹਮਣੇ ਬੈਠ ਕੇ ਉਨ੍ਹਾਂ ਦੇ ਝਗੜਿਆਂ, ਸਮੱਸਿਆਵਾਂ ਨੂੰ ਸੁਣਿਆ ਤੇ ਉਨ੍ਹਾਂ ਨੂੰ ਝਗੜਾ ਖ਼ਤਮ ਕਰਨ ਦੇ ਫ਼ਾਇਦੇ ਦੱਸਦੇ ਹੋਏ ਸਹਿਮਤੀ ਨਾਲ ਕੇਸ ਨਿਬੇੜਨ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ’ਚ ਆਪਸੀ ਝਗੜਿਆਂ ਕਾਰਨ ਵੱਖ ਹੋਏ ਕਈ ਵਿਆਹੇ ਜੋੜੇ ਇਕੱਠੇ ਕੀਤੇ ਗਏ ਅਤੇ ਸਾਲਾਂ ਪੁਰਾਣੇ ਕਈ ਝਗੜੇ ਖ਼ਤਮ ਕਰਵਾਏ ਗਏ। ==== 9183 ਕੇਸਾਂ ਵਿੱਚੋਂ 7683 ਕੇਸਾਂ ਦਾ ਕੀਤਾ ਮੌਕੇ ’ਤੇ ਨਿਪਟਾਰਾ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਲੋਕ ਅਦਾਲਤ ਦੇ ਪ੍ਰੀਜਾਈਡਿੰਗ ਅਫ਼ਸਰਾਂ ਨੇ ਪਬਲਿਕ ਦੀ ਸਹਿਮਤੀ ਨਾਲ ਇਸ ਵਾਰ ਦੀ ਕੌਮੀ ਲੋਕ ਅਦਾਲਤ ’ਚ ਰੱਖੇ 9183 ਕੇਸਾਂ ’ਚੋਂ 7683 ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਅਤੇ 4 ਕਰੋੜ 23 ਲੱਖ 88 ਹਜ਼ਾਰ 536 ਰੁਪਏ ਦੀ ਰਕਮ ਦੇ ਫ਼ੈਸਲੇ ਕੀਤੇ ਗਏ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੇਕਰ ਲੋਕ ਅਦਾਲਤ ’ਚ ਕਿਸੇ ਕੇਸ ਦਾ ਫ਼ੈਸਲਾ ਹੋ ਜਾਂਦਾ ਹੈ ਤਾਂ ਇਸ ਕੇਸ ’ਚ ਲੱਗੀ ਕੋਰਟ ਫੀਸ ਵਾਪਸ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅਦਾਲਤਾਂ ’ਚ ਸਮੇਂ-ਸਮੇਂ ’ਤੇ ਪ੍ਰੀ ਲੋਕ ਅਦਾਲਤਾਂ ਵੀ ਲਾਈਆਂ ਗਈਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਲੋਕ ਅਦਾਲਤ ’ਚ ਦੋ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ===== ਕੌਮੀ ਲੋਕ ਅਦਾਲਤ ਰਾਹੀਂ ਕੇਸ ਹੱਲ ਕਰਨ ਦੇ ਹੁੰਦੇ ਹਨ ਬਹੁਤ ਲਾਭ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਕੌਮੀ ਲੋਕ ਅਦਾਲਤ ਰਾਹੀਂ ਕੇਸ ਹੱਲ ਕਰਨ ਦੇ ਬੜੇ ਫ਼ਾਇਦੇ ਹਨ, ਕਿਉਂਕਿ ਕੌਮੀ ਲੋਕ ਅਦਾਲਤ ਰਾਹੀਂ ਹੱਲ ਕੀਤੇ ਜਾਂਦੇ ਮੁਕੱਦਮਿਆਂ ਦੀ ਅੱਗੇ ਕਿਸੇ ਵੀ ਅਦਾਲਤ ’ਚ ਅਪੀਲ ਨਹੀਂ ਕੀਤੀ ਜਾ ਸਕਦੀ ਤੇ ਲੋਕ ਅਦਾਲਤ ਰਾਹੀਂ ਹੱਲ ਕੀਤੇ ਗਏ ਮਾਮਲੇ ਦਾ ਫ਼ੈਸਲਾ ਅੰਤਿਮ ਹੁੰਦਾ ਹੈ। ਜਦੋਂਕਿ ਆਪਸੀ ਸਹਿਮਤੀ ਨਾਲ ਨਿਬੜੇ ਕੇਸਾਂ ’ਚ ਕੋਰਟ ਫੀਸ ਵੀ ਵਾਪਸ ਹੁੰਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਰੀਆਂ ਧਿਰਾਂ, ਵਕੀਲਾਂ ਨੇ ਇਸ ਕੌਮੀ ਲੋਕ ਅਦਾਲਤ ’ਚ ਬੜੀ ਚੰਗੀ ਦਿਲਚਸਪੀ ਦਿਖਾਈ ਅਤੇ ਅੱਜ ਦੀ ਕੌਮੀ ਲੌਕ ਅਦਾਲਤ ਦੀ ਸਫਲਤਾ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਨੇਕਾਂ ਜਾਗਰੂਕਤਾ ਕੈਂਪ, ਮੀਟਿਗਾਂ ਕੀਤੀਆਂ ਗਈਆਂ, ਜਿਸ ਦੇ ਸਾਰਥਕ ਸਿੱਟੇ ਸਾਹਮਣੇ ਆਏ ਹਨ। ====== ਵੱਧ ਤੋਂ ਵੱਧ ਲੋਕਾਂ ਨੂੰ ਲੋਕ ਅਦਾਲਤ ਵਿਚ ਭਾਗ ਲੈਣਾ ਚਾਹੀਦੈ- ਸੀਜੇਐੱਮ ਇਸ ਮੌਕੇ ਚੀਫ ਜੁਡੀਸ਼ੀਅਲ ਮੈਜੀਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨਤਾਰਨ ਕਿਰਨ ਜੋਤੀ ਨੇ ਕਿਹਾ ਕਿ ਜਨਤਾ ਨੂੰ ਵੱਧ ਤੋਂ ਵੱਧ ਕੌਮੀ ਲੋਕ ਅਦਾਲਤ ਵਿਚ ਭਾਗ ਲੈਣ ਚਾਹੀਦਾ ਹੈ ਅਤੇ ਇਸ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਗਲੀ ਕੌਮੀ ਲੋਕ ਅਦਾਲਤ ਮਿਤੀ 12 ਸਤੰਬਰ ਨੂੰ ਲੱਗ ਰਹੀ ਹੈ। ਇਸ ਸਬੰਧੀ ਜ਼ਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968, ਕੌਮੀ ਟੋਲ ਫ੍ਰੀ ਨੰਬਰ 15100 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨਤਾਰਨ ਦੇ ਨੰਬਰ 01852-223291 ਤੋਂ ਲਈ ਜਾ ਸਕਦੀ ਹੈ।