ਮਾਂ ਬੱਚੇ ਦੀ ਪਹਿਲੀ ਅਧਿਆਪਕ: ਪ੍ਰਿੰਸੀਪਲ ਪ੍ਰਵੀਨ ਸ਼ਰਮਾ
ਨਰਸਰੀ ਕਲਾਸ ਦੇ ਨੰਨੇ-ਮੁੰਨੇ ਬੱਚਿਆਂ ਨੇ ਮਾਂ ਦੇ ਪਿਆਰ ਨਾਲ ਭਰਪੂਰ ਕਵਿਤਾ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ।
Publish Date: Sat, 09 May 2026 05:06 PM (IST)
Updated Date: Sun, 10 May 2026 04:06 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਕੈਂਬਰਿਜ ਇੰਟਰਨੈਸ਼ਨਲ ਸਕੂਲ ਪੱਟੀ ’ਚ ਮਦਰਜ਼ ਡੇਅ ਬੜੇ ਹੀ ਉਤਸ਼ਾਹ ਤੇ ਪਿਆਰ ਭਰੇ ਮਾਹੌਲ ’ਚ ਮਨਾਇਆ ਗਿਆ। ਪ੍ਰੋਗਰਾਮ ’ਚ ਡਾ. ਪ੍ਰੀਤੀ ਤ੍ਰੇਹਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਬੱਚਿਆਂ ਦੀ ਸਿਹਤ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇ ਕੇ ਮਾਪਿਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪਣੀਆਂ ਮਾਵਾਂ ਪ੍ਰਤੀ ਪਿਆਰ ਤੇ ਸਤਿਕਾਰ ਪ੍ਰਗਟਾਉਣ ਲਈ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਨਰਸਰੀ ਕਲਾਸ ਦੇ ਨੰਨੇ-ਮੁੰਨੇ ਬੱਚਿਆਂ ਨੇ ਮਾਂ ਦੇ ਪਿਆਰ ਨਾਲ ਭਰਪੂਰ ਕਵਿਤਾ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ। ਜੂਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਕਵਿਤਾਵਾਂ, ਨਾਚਾਂ ਤੇ ਭਾਵਪੂਰਨ ਭਾਸ਼ਣਾਂ ਰਾਹੀਂ ਮਾਂ ਦੀ ਮਹਾਨਤਾ ਨੂੰ ਬੜੀ ਖੂਬਸੂਰਤੀ ਨਾਲ ਦਰਸਾਇਆ। ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗ੍ਰੀਟਿੰਗ ਕਾਰਡ ਤੇ ਹੱਥੋਂ ਬਣਾਏ ਤੋਹਫ਼ੇ ਵੀ ਸਮਾਗਮ ਦਾ ਖਾਸ ਆਕਰਸ਼ਨ ਰਹੇ। ਸਮਾਗਮ ਦੌਰਾਨ ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕਾਂ ਨੇ ਮਾਂ ਦੇ ਜੀਵਨ ’ਚ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ ਤੇ ਉਸ ਦਾ ਸਤਿਕਾਰ ਕਰਨਾ ਹਰ ਇਕ ਦਾ ਫ਼ਰਜ਼ ਹੈ। ਸਮਾਗਮ ਨੇ ਸਕੂਲ ’ਚ ਖੁਸ਼ੀ ਤੇ ਭਾਵਨਾਤਮਕ ਮਾਹੌਲ ਪੈਦਾ ਕਰ ਦਿੱਤਾ ਤੇ ਸਾਰੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਅੰਤ ’ਚ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਲਕੀਅਤ ਸਿੰਘ, ਡਾਇਰੈਕਟਰ ਮਨਮੀਤ ਸਿੰਘ, ਡਾਇਰੈਕਟਰ ਬਬਨਦੀਪ ਸਿੰਘ, ਡਾਇਰੈਕਟਰ ਹਰਮੀਤ ਕੌਰ ਤੇ ਸਕੂਲ ਪ੍ਰਿੰਸੀਪਲ ਪ੍ਰਵੀਨ ਸ਼ਰਮਾ ਵੱਲੋਂ ਆਏ ਹੋਏ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਡਾ. ਪ੍ਰੀਤੀ ਤ੍ਰੇਹਨ ਨੂੰ ਸਨਮਾਨਿਤ ਵੀ ਕੀਤਾ ਗਿਆ।