ਸਰਹੱਦ 'ਤੇ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ: ਪਿੰਡ ਡੱਲ 'ਚੋਂ ਟੁੱਟਿਆ ਹੋਇਆ ਡਰੋਨ ਬਰਾਮਦ
ਤਰਨਤਾਰਨ ਜ਼ਿਲ੍ਹੇ ’ਚ ਲੱਗਦੀ ਪਾਕਸਿਤਾਨ ਦੀ ਸਰਹੱਦ ਨੇੜਲੇ ਦੋ ਪਿੰਡਾਂ ਵਿੱਚੋਂ ਹੈਰੋਇਨ ਦਾ ਪੈਕੇਟ ਅਤੇ ਟੁੱਟੀ ਹਾਲਤ ਵਿਚ ਡ੍ਰੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ ਨੂੰ ਕਬਜੇ ਵਿਚ ਲੈ ਕੇ ਥਾਣਾ ਖਾਲੜਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਨਡੀਪੀਐੱਸ ਅਤੇ ਭਾਰਤੀ ਵਾਯੂਯਾਨ ਐਕਟ ਦੀਆਂ ਧਾਰਾਵਾਂ ਤਹਿਤ ਦੋ ਮੁਕੱਦਮੇਂ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Wed, 22 Apr 2026 12:58 PM (IST)
Updated Date: Wed, 22 Apr 2026 01:00 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ - ਤਰਨਤਾਰਨ ਜ਼ਿਲ੍ਹੇ ’ਚ ਲੱਗਦੀ ਪਾਕਸਿਤਾਨ ਦੀ ਸਰਹੱਦ ਨੇੜਲੇ ਦੋ ਪਿੰਡਾਂ ਵਿੱਚੋਂ ਹੈਰੋਇਨ ਦਾ ਪੈਕੇਟ ਅਤੇ ਟੁੱਟੀ ਹਾਲਤ ਵਿਚ ਡ੍ਰੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ ਨੂੰ ਕਬਜੇ ਵਿਚ ਲੈ ਕੇ ਥਾਣਾ ਖਾਲੜਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਨਡੀਪੀਐੱਸ ਅਤੇ ਭਾਰਤੀ ਵਾਯੂਯਾਨ ਐਕਟ ਦੀਆਂ ਧਾਰਾਵਾਂ ਤਹਿਤ ਦੋ ਮੁਕੱਦਮੇਂ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਖਾਲੜਾ ਦੇ ਸਬ ਇੰਸਪੈਕਟਰ ਗਸ਼ਤ ’ਤੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬਲਦੇਵ ਸਿੰਘ ਵਾਸੀ ਪਲੋਪਤੀ ਦੇ ਖੇਤ ਵਿਚ ਡ੍ਰੋਨ ਰਾਂਹੀ ਕੋਈ ਵਸਤੂ ਸੁੱਟੀ ਗਈ ਹੈ। ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਬੀਐੱਸਐੱਫ ਦੇ ਜਵਾਨਾਂ ਸਮੇਤ ਜਦੋਂ ਤਲਾਸ਼ੀ ਅਭਿਆਨ ਚਲਾਇਆ ਤਾਂ ਉਥੋਂ ਪੀਲੇ ਰੰਗ ਦਾ ਪੈਕੇਟ ਬਰਾਮਦ ਹੋਇਆ। ਜਿਸਦੀ ਚੈਕਿੰਗ ਦੌਰਾਨ 508 ਗ੍ਰਾਮ ਹੈਰੋਇਨ ਮਿਲੀ।
ਇਸੇ ਤਰ੍ਹਾਂ ਹੀ ਬੀਓਪੀ ਧਰਮਾ ’ਤੇ ਤਾਇਨਾਤ ਬੀਐੱਸਐੱਫ ਦੀ 142 ਬਟਾਲੀਅਨ ਦੇ ਕੰਪਨੀ ਕਮਾਂਡਰ ਰਾਜੇਸ਼ ਯਾਦਵ ਨੇ ਸੂਚਨਾ ਦਿੱਤੀ ਕਿ ਹਰਕਮਲਜੀਤ ਸਿੰਘ ਪੁੱਤਰ ਅਮਰਰ ਸਿੰਘ ਵਾਸੀ ਡੱਲ ਦੇ ਖੇਤ ਵਿਚ ਟੁੱਟਾ ਹੋਇਆ ਡ੍ਰੋਨ ਪਿਆ ਹੈ। ਜਿਸਦੇ ਚੱਲਦਿਆਂ ਸਬ ਇੰਸਪੈਟਰ ਆਰਜੂ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਤੇ ਡੀਜੇਆਈ ਮੈਵਿਸ 4 ਪ੍ਰੋ ਕੰਪਨੀ ਦੇ ਉਕਤ ਟੁੱਟੇ ਹੋਏ ਡ੍ਰੋਨ ਨੂੰ ਕਬਜ਼ੇ ’ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਉਕਤ ਖੇਪਾਂ ਮੰਗਵਾਉਣ ਵਾਲਿਆਂ ਦਾ ਪਤਾ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।