ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਬੰਗਲਾ ਦੇਸ਼ ਦੇ ਗੁਰਦੁਆਰਿਆਂ ਦੇ ਦਰਸ਼ਨ ਉਪਰੰਤ 40 ਸ਼ਰਧਾਲੂਆਂ ਦਾ ਜਥਾ ਵਾਪਸ ਪਰਤਿਆ
ਅੰਮ੍ਰਿਤਸਰ ਪਹੁੰਚਣ ’ਤੇ ਸਿੱਖ ਯਾਤਰੀ ਜਥੇ ਨੇ ਸੰਤ ਬਾਬਾ ਸੁੱਖਾ ਸਿੰਘ ਜੀ ਤੇ ਗੁਰਦੁਆਰਾ ਮੈਨੇਜਮੈਂਟ ਬੋਰਡ ਕੋਲਕੱਤਾ ਦਾ ਧੰਨਵਾਦ ਕੀਤਾ।
Publish Date: Sun, 03 May 2026 05:41 PM (IST)
Updated Date: Mon, 04 May 2026 04:09 AM (IST)

ਲਵਦੀਪ ਦੇਵਗਨ,•ਪੰਜਾਬੀ ਜਾਗਰਣ, ਸਰਹਾਲੀ ਕਲਾਂ : ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵੱਲੋਂ ਬੰਗਲਾ ਦੇਸ਼ ਦੇ ਗੁਰਦੁਆਰਿਆਂ ਦੀ ਕਾਰ ਸੇਵਾ ਸਾਲ 2004 ਤੋਂ ਚੱਲ ਰਹੀ ਹੈ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਬੰਗਲਾ ਦੇਸ਼ ਦੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਸਾਲ ’ਚ ਦੋ ਵਾਰ ਸਿੱਖ ਸੰਗਤਾਂ ਨੂੰ ਬੰਗਲਾ ਦੇਸ਼ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਇਸ ਸਾਲ ਇਹ ਯਾਤਰਾ 20 ਅਪ੍ਰੈਲ ਤੋਂ 2 ਮਈ ਤਕ ਕਰਵਾਈ ਗਈ, ਜਿਸ ’ਚ 40 ਸਿੱਖ ਸ਼ਰਧਾਲੂਆਂ ਦਾ ਜਥਾ ਖ਼ਾਲਸਾ ਸਾਜਨਾ ਦਿਹਾੜਾ ਵਿਸਾਖੀ ਦੇ ਸਬੰਧ ’ਚ ਬੰਗਲਾ ਦੇਸ਼ ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿਖੇ ਪੁੱਜਾ। 24 ਅਪ੍ਰੈਲ ਨੂੰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ, ਜਿਸ ’ਚ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਸਾਰਾ ਦਿਨ ਦੀਵਾਨ ਸਜਿਆ ਤੇ ਗੁਰੂ ਕੇ ਲੰਗਰ ਅਤੁੱਟ ਵਰਤੇ। ਇਸ ਉਪਰੰਤ ਸੰਗਤਾਂ ਨੇ ਅਗਲੇ ਦਿਨਾਂ ’ਚ ਗੁਰਦੁਆਰਾ ਸੰਗਤ ਟੋਲਾ ਪਾਤਸ਼ਾਹੀ ਨੌਵੀਂ ਢਾਕਾ, ਗੁਰਦੁਆਰਾ ਸਿੱਖ ਟੈਂਪਲ ਅਸਟੇਟ ਚਾਟੋਗ੍ਰਾਮ, ਗੁਰਦੁਆਰਾ ਸਾਹਿਬ ਪਹਾੜਤਲੀ, ਗੁਰਦੁਆਰਾ ਗੁਰੂ ਨਾਨਕ ਮੰਦਰ ਮਾਇਮਨ ਸਿੰਘ ਆਦਿ ਗੁਰਦੁਆਰਿਆਂ ਦੀ ਯਾਤਰਾ ਕੀਤੀ। ਇਸ ਜਥੇ ਦੀ ਅਗਵਾਈ ਸੰਪਰਦਾਇ ਕਾਰ ਸੇਵਾ ਸਕੱਤਰ ਹਰਭਜਨ ਸਿੰਘ ਸੰਧੂ ਵੱਲੋਂ ਕੀਤੀ ਗਈ। ਅੱਜ ਵਾਪਿਸ ਅੰਮ੍ਰਿਤਸਰ ਪਹੁੰਚਣ ’ਤੇ ਸਿੱਖ ਯਾਤਰੀ ਜਥੇ ਨੇ ਸੰਤ ਬਾਬਾ ਸੁੱਖਾ ਸਿੰਘ ਜੀ ਤੇ ਗੁਰਦੁਆਰਾ ਮੈਨੇਜਮੈਂਟ ਬੋਰਡ ਕੋਲਕੱਤਾ ਦਾ ਧੰਨਵਾਦ ਕੀਤਾ। ਜਥੇ ’ਚ ਸੁਰਿੰਦਰ ਸਿੰਘ ਸੋਹਲ, ਅਵਤਾਰ ਸਿੰਘ ਮੁੱਛਲ, ਸੰਤੋਖ ਸਿੰਘ ਸੰਧੂ, ਗੁਰਿੰਦਰਜੀਤ ਸਿੰਘ, ਹਰਚਰਨ ਸਿੰਘ, ਬੀਬੀ ਪਰਮਿੰਦਰ ਕੌਰ, ਬੀਬੀ ਜਸਬੀਰ ਕੌਰ, ਗੁਰਮੀਤ ਕੌਰ ਤੇ ਕਈ ਹੋਰ ਗੁਰਸਿੱਖ ਹਾਜ਼ਰ ਸਨ।