ਰਾਮ ਇਕਬਾਲ ਭਾਰਦਵਾਜ ਦੀ ਯਾਦ ‘ਚ ਸ਼ਾਨਦਾਰ ਐਵਾਰਡ ਸਮਾਰੋਹ
ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਦਾ ਸਵਾਗਤ ਕਰਨ ਉਪਰੰਤ ਰਿਬਨ ਕੱਟਣ ਤੇ ਜੋਤੀ ਪ੍ਰਜਵਲਿਤ ਕਰ ਕੇ ਕੀਤੀ
Publish Date: Sat, 25 Apr 2026 05:11 PM (IST)
Updated Date: Sun, 26 Apr 2026 04:07 AM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਸਿੱਖਿਆ ਦੇ ਖੇਤਰ ’ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਲਈ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਪੱਟੀ ਵੱਲੋਂ ਸਵ. ਬਾਊ ਰਾਮ ਇਕਬਾਲ ਭਾਰਦਵਾਜ ਦੇ ਜਨਮ ਦਿਵਸ ਮੌਕੇ ‘ਰਾਮ ਇਕਬਾਲ ਐਕਸੀਲੈਂਸ ਐਵਾਰਡ’ ਸਮਾਰੋਹ ਕਰਵਾਇਆ ਗਿਆ। ਸਮਾਗਮ ’ਚ ਏਡੀਸੀ ਤਰਨਤਾਰਨ ਸੁਰਿੰਦਰ ਸਿੰਘ ਪੀਸੀਐੱਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਦਾ ਸਵਾਗਤ ਕਰਨ ਉਪਰੰਤ ਰਿਬਨ ਕੱਟਣ ਤੇ ਜੋਤੀ ਪ੍ਰਜਵਲਿਤ ਕਰ ਕੇ ਕੀਤੀ ਗਈ। ਇਸ ਮੌਕੇ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸੁਆਗਤ ਗੀਤ ਪੇਸ਼ ਕੀਤਾ ਗਿਆ, ਜਦਕਿ ਬੱਚਿਆਂ ਦੇ ਗਿੱਧੇ ਦੀ ਮਨਮੋਹਕ ਪੇਸ਼ਕਾਰੀ ਨੇ ਹਾਲ ’ਚ ਮੌਜੂਦ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਮਾਰੋਹ ਦਾ ਮੁੱਖ ਉਦੇਸ਼ ਸਿੱਖਿਆ ਦੇ ਖੇਤਰ ’ਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਮਾਣ-ਸਨਮਾਨ ਦੇਣਾ ਸੀ। ਮੁੱਖ ਮਹਿਮਾਨ ਸੁਰਿੰਦਰ ਸਿੰਘ ਨੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸਤਿਅਮ ਭਾਰਦਵਾਜ ਤੇ ਮੈਡਮ ਸ਼ੁਭੀ ਭਾਰਦਵਾਜ ਦੇ ਸਹਿਯੋਗ ਨਾਲ ਲਗਭਗ 20 ਪ੍ਰਮੁੱਖ ਹਸਤੀਆਂ ਨੂੰ ‘ਰਾਮ ਇਕਬਾਲ ਐਕਸੀਲੈਂਸ ਐਵਾਰਡ’ ਨਾਲ ਨਿਵਾਜਿਆ। ਸਨਮਾਨ ਪ੍ਰਾਪਤ ਕਰਨ ਵਾਲਿਆਂ ’ਚ ਸਰਕਾਰੀ ਤੇ ਗ਼ੈਰ-ਸਰਕਾਰੀ ਸਕੂਲਾਂ ਦੇ 4 ਮੁਖੀ ਤੇ 9 ਅਧਿਆਪਕਾਵਾਂ ਸ਼ਾਮਿਲ ਸਨ। ਇਸ ਤੋਂ ਇਲਾਵਾ 7 ਹੋਰ ਸ਼ਖ਼ਸੀਅਤਾਂ ਨੂੰ ‘ਗੈਸਟ ਆਫ ਆਨਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ’ਚ ਰਾਕੇਸ਼ ਪਾਠਕ, ਨੀਲਮ ਪਾਠਕ, ਕ੍ਰਿਸ਼ਨਾ ਕੁਮਾਰੀ, ਸੁਰਿੰਦਰ ਉੱਪਲ, ਮਾਲਾ ਉੱਪਲ, ਡਾ. ਰਕੇਸ਼ ਤਰੇਹਨ, ਪਰਮਿੰਦਰ ਸਿੰਘ ਅਤੇ ਦੀਪਕ ਮਹਿਤਾ ਸਮੇਤ ਕਈ ਪ੍ਰਮੁੱਖ ਹਸਤੀਆਂ ਨੇ ਹਾਜ਼ਰੀ ਭਰੀ। ਇਸ ਦੇ ਨਾਲ ਹੀ ਵੱਖ-ਵੱਖ ਖੇਤਰਾਂ ’ਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੇ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੇ 70 ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਖ਼ਾਸ ਤੌਰ ‘ਤੇ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੂੰ ਨੈਸ਼ਨਲ ਟੈਲੇਂਟ ਸਰਚ ਟੈਸਟ ’ਚ ਭਾਰਤ ਭਰ ’ਚ ਪਹਿਲਾ ਸਥਾਨ ਹਾਸਿਲ ਕਰਨ ‘ਤੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਮੌਕੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ ਨੇ ਸਵਰਗੀ ਰਾਮ ਇਕਬਾਲ ਭਾਰਦਵਾਜ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮਿਹਨਤ ਤੇ ਲਗਨ ਸਦਕਾ ਹੀ ਸੰਸਥਾਵਾਂ ਅੱਜ ਇਸ ਉੱਚਾਈ ‘ਤੇ ਪਹੁੰਚੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਬਾਊ ਜੀ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਤੇ ਅਸੀਂ ਭਵਿੱਖ ’ਚ ਵੀ ਸਿੱਖਿਆ ਦੇ ਖੇਤਰ ’ਚ ਇਲਾਕੇ ਦੀ ਸੇਵਾ ਕਰਦੇ ਰਹਾਂਗੇ। ਉਨ੍ਹਾਂ ਅੱਗੇ ਦੱਸਿਆ ਕਿ ਸਵਰਗੀ ਰਾਮ ਇਕਬਾਲ ਭਾਰਦਵਾਜ ਸਿਰਫ਼ ਪੱਟੀ ਹੀ ਨਹੀਂ, ਸਗੋਂ ਪੂਰੇ ਪੰਜਾਬ ’ਚ ਸਿੱਖਿਆ ਦੇ ਖੇਤਰ ’ਚ ਚਮਕਦਾ ਨਾਮ ਸਨ। ਉਨ੍ਹਾਂ ਵੱਲੋਂ ਸਥਾਪਿਤ ਕੀਤੀਆਂ ਸੰਸਥਾਵਾਂ ਅੱਜ ਅੰਮ੍ਰਿਤਸਰ, ਪਠਾਨਕੋਟ, ਫਿਰੋਜ਼ਪੁਰ ਤੇ ਅੰਬਾਲਾ ਵਰਗੇ ਸ਼ਹਿਰਾਂ ’ਚ ਵੀ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ। ਇਸ ਮੌਕੇ ਏਡੀਸੀ ਸੁਰਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਦੀ ਤਰੱਕੀ ਦਾ ਆਧਾਰ ਹੁੰਦੀ ਹੈ ਤੇ ਅਜਿਹੇ ਸਮਾਗਮ ਸਿੱਖਿਆ ਦੇ ਖੇਤਰ ’ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਹੋਰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਵ. ਰਾਮ ਇਕਬਾਲ ਭਾਰਦਵਾਜ ਵੱਲੋਂ ਕੀਤੇ ਗਏ ਉਪਰਾਲੇ ਤਾਰੀਫ਼ ਦੇ ਯੋਗ ਹਨ ਤੇ ਉਨ੍ਹਾਂ ਦੀ ਸੋਚ ਅੱਜ ਵੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ’ਚ ਮਦਦਗਾਰ ਸਾਬਿਤ ਹੁੰਦੇ ਹਨ। ਇਸ ਦੌਰਾਨ ਡਾਇਰੈਕਟਰ ਸਤਿਅਮ ਭਾਰਦਵਾਜ ਨੇ ਸਮਾਗਮ ’ਚ ਪਹੁੰਚੇ ਮੁੱਖ ਮਹਿਮਾਨ ਤੇ ਹੋਰ ਸਤਿਕਾਰਯੋਗ ਮਹਿਮਾਨਾਂ ਨੂੰ ‘ਜੀ ਆਇਆਂ ’ ਆਖਦੇ ਹੋਏ ਸਵ. ਬਾਊ ਰਾਮ ਇਕਬਾਲ ਭਾਰਦਵਾਜ ਵੱਲੋਂ ਸਿੱਖਿਆ ਦੇ ਖੇਤਰ ’ਚ ਕੀਤੇ ਗਏ ਵਿਸ਼ਾਲ ਯੋਗਦਾਨ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਬਾਊ ਜੀ ਦੀ ਦੂਰਅੰਦੇਸ਼ੀ ਤੇ ਮਿਹਨਤ ਦਾ ਨਤੀਜਾ ਹੈ ਕਿ ਅੱਜ ਸੰਸਥਾਵਾਂ ਇੰਨੀ ਉਚਾਈਆਂ ਨੂੰ ਛੂਹ ਰਹੀਆਂ ਹਨ ਤੇ ਅਸੀਂ ਸਭ ਉਨ੍ਹਾਂ ਦੇ ਦਿਖਾਏ ਰਸਤੇ ‘ਤੇ ਚੱਲਦੇ ਹੋਏ ਸਿੱਖਿਆ ਦੀ ਸੇਵਾ ਕਰ ਰਹੇ ਹਾਂ। ਅੰਤ ’ਚ ਪ੍ਰਿੰਸੀਪਲ ਡਾ. ਸਰੀਤਾ ਨਾਰਦ ਨੇ ਸਮਾਗਮ ’ਚ ਪਹੁੰਚੇ ਸਾਰੇ ਮਹਿਮਾਨਾਂ ਤੇ ਸ਼ਖ਼ਸੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਾਊ ਜੀ ਨੇ ਆਪਣੀ ਪੂਰੀ ਜ਼ਿੰਦਗੀ ਸਿੱਖਿਆ ਨੂੰ ਸਮਰਪਿਤ ਕੀਤੀ ਤੇ ਅੱਜ ਉਨ੍ਹਾਂ ਦੀ ਸੋਚ ਤੇ ਸਿਧਾਂਤ ਸਾਡੇ ਲਈ ਪ੍ਰੇਰਨਾ ਸ੍ਰੋਤ ਹਨ। ਇਸ ਮੌਕੇ ਸੰਸਥਾ ਦੇ ਸਮੂਹ ਪ੍ਰਿੰਸੀਪਲਾਂ ਤੇ ਸਟਾਫ਼ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ ਗਈ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪੂਰਾ ਯੋਗਦਾਨ ਪਾਇਆ।