ਤੜਕਸਾਰ ਕੈਪੀਟਲ ਓਵਰਸੀਜ਼ ਨਾਂ ਦੇ ਸ਼ੈਲਰ ’ਤੇ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਐਤਵਾਰ ਸਵੇਰੇ ਕਰੀਬ ਸਾਢੇ ਪੰਜ ਵਜੇ ਕੈਪੀਟਲ ਓਵਰਸੀਜ਼ ਪ੍ਰਾਈਵੇਟ ਲਿਮਟਿਡ ਪੱਦੀ ’ਚ ਅਚਾਨਕ ਅੱਗ ਲੱਗ ਗਈ।
Publish Date: Sun, 03 May 2026 06:55 PM (IST)
Updated Date: Mon, 04 May 2026 04:14 AM (IST)

ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਸਾਹਮਣੇ ਪਿੰਡ ਪਿੱਦੀ ਕੋਲ ਸਥਿਤ ਕੈਪੀਟਲ ਓਵਰਸੀਜ਼ ਨਾਂ ਦੇ ਸ਼ੈਲਰ ’ਤੇ ਐਤਵਾਰ ਤੜਕਸਾਰ ਭਿਆਨਕ ਅੱਗ ਲੱਗ ਗਈ। ਜਿਸ ਦੇ ਚੱਲਦਿਆਂ ਸ਼ੈਲਰ ਦਾ ਲੱਖਾਂ ਰੁਪਏ ਦੀ ਨੁਕਸਾਨ ਹੋ ਗਿਆ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਸ਼ੈਲਰ ਦੇ ਕੋਲ ਰਹਿੰਦੇ ਵਕੀਲ ਵੱਲੋਂ ਅੱਗ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦੇਣੀ ਚਾਹੀ ਤਾਂ ਉਨ੍ਹਾਂ ਦਾ ਹੈਲਪਲਾਈਨ ਨੰਬਰ ਹੀ ਨਹੀਂ ਲੱਗਾ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੰਟਰੋਲ ਰੂਮ ’ਤੇ ਸੂਚਨਾ ਦੇ ਦਿੱਤੀ। ਦੂਜੇ ਪਾਸੇ ਅੱਗ ਦੀ ਘਟਨਾ ਦਾ ਪਤਾ ਚੱਲਦਿਆਂ ਹੀ ਜ਼ਿਲ੍ਹਾ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਤਨੇਜਾ ਵੀ ਮੌਕੇ ’ਤੇ ਪਹੁੰਚ ਗਏ ਤੇ ਹਲਾਤਾਂ ਦਾ ਜਾਇਜ਼ਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਕਰੀਬ ਸਾਢੇ ਪੰਜ ਵਜੇ ਕੈਪੀਟਲ ਓਵਰਸੀਜ਼ ਪ੍ਰਾਈਵੇਟ ਲਿਮਟਿਡ ਪੱਦੀ ’ਚ ਅਚਾਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਧੂੰਏ ਦੇ ਗੁਬਾਰ ਦੂਰ ਤਕ ਦਿਖਾਈ ਦੇਣ ਲੱਗੇ। ਇਹ ਗੁਬਾਰ ਜਦੋਂ ਸ਼ੈਲਰ ਤੋਂ ਕੁਝ ਦੂਰੀ ’ਤੇ ਰਹਿੰਦੇ ਐਡਵੋਕੇਟ ਬੂਟਾ ਸਿੰਘ ਨੇ ਵੇਖੇ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ, ਜੋ ਮੁਸ਼ਕਿਲ ਨਾਲ ਨੇਪਰੇ ਚੜ੍ਹੀ। ਹਾਲਾਂਕਿ ਇਸ ਦੌਰਾਨ ਭਿਆਨਕ ਹੋਈ ਅੱਗ ਨੇ ਸ਼ੈਲਰ ’ਚ ਪਏ ਚੌਲ, ਪੈਕਿੰਗ ਮਟੀਰੀਅਲ ਤੇ ਹੋਰ ਸਾਮਾਨ ਨੂੰ ਲਪੇਟ ਵਿਚ ਲੈ ਲਿਆ। ਇੰਨਾ ਹੀ ਨਹੀਂ ਸ਼ੈਲਰ ਦੀ ਇਮਾਰਤ ਨੂੰ ਵੀ ਬਹੁਤ ਵੱਡਾ ਨੁਕਸਾਨ ਪੁੱਜਾ ਹੈ। ਜਦੋਂਕਿ ਭਰੇ ਹੋਏ ਚੌਲਾਂ ਦੇ ਬੈਗ ਸੜ ਗਏ। ਗਨੀਮਤ ਰਹੀ ਹੈ ਕਿ ਇਸ ਅੱਗ ਦੀ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਸ਼ੈਲਰ ਦੇ ਕਰਮਚਾਰੀ ਅੱਗ ’ਤੇ ਕਾਬੂ ਪਾਉਣ ’ਚ ਜੁਟ ਗਏ ਤੇ ਪੱਟੀ ਤੇ ਅੰਮ੍ਰਿਤਸਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ’ਤੇ ਪਹੁੰਚ ਗਈਆਂ। ਜਿਨ੍ਹਾਂ ਨੇ ਕਾਫੀ ਮਿਹਨਤ ਤੇ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ। ===== ਸਵੇਰੇ ਸਾਢੇ ਪੰਜ ਵਜੇ ਮੁਲਾਜ਼ਮਾਂ ਨੇ ਦਿੱਤੀ ਸੂਚਨਾ : ਮਿੱਤਲ ਸ਼ੈਲਰ ਮਾਲਕ ਰਾਜਿੰਦਰ ਮਿੱਤਲ ਤੇ ਅਸ਼ਵਨੀ ਮਿੱਤਲ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਰਹਿੰਦੇ ਹਨ। ਸਵੇਰੇ ਕਰੀਬ ਸਾਢੇ ਪੰਜ ਵਜੇ ਉਨ੍ਹਾਂ ਨੂੰ ਸ਼ੈਲਰ ਤੋਂ ਮੁਲਾਜ਼ਮਾਂ ਨੇ ਅੱਗ ਲੱਗਣ ਬਾਰੇ ਜਾਣਕਾਰੀ ਦਿੱਤੀ ਤੇ ਉਹ ਉਸੇ ਟਾਈਮ ਉੱਥੋਂ ਚੱਲ ਪਏ। ਉਹ ਕਰੀਬ 7 ਵਜੇ ਤਰਨਤਾਰਨ ਪਹੁੰਚੇ। ਸ਼ੈਲਰ ਦਾ ਸਮੁੱਚਾ ਸਟਾਫ ਸਵੇਰ ਤੋਂ ਹੀ ਅੱਗ ’ਤੇ ਕਾਬੂ ਪਾਉਣ ’ਚ ਲੱਗ ਗਿਆ ਤੇ ਫਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ’ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਜੱਦੋ-ਜਹਿਦ ਨਾਲ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਜਦੋਂਕਿ ਅੱਗ ਨਾਲ ਹੋਏ ਨੁਕਸਾਨ ਦਾ ਵੀ ਅਜੇ ਅੰਦਾਜਾ ਨਹੀਂ ਲਾਇਆ ਸਕਿਆ, ਪਰ ਨੁਕਸਾਨ ਲੱਖਾਂ ’ਚ ਹੋਇਆ ਹੈ। ==== ਨੁਕਸਾਨ ਦੀ ਭਰਪਾਈ ਕਰੇ ਸਰਕਾਰ : ਤਨੇਜਾ ਜ਼ਿਲ੍ਹਾ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਤਨੇਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਜਦੋਂ ਸੂਚਨਾ ਮਿਲੀ ਤਾਂ ਉਹ ਤੁਰੰਤ ਸ਼ੈਲਰ ’ਚ ਪਹੁੰਚ ਗਏ ਕਿਉਂਕਿ ਮਿੱਲ ਮਾਲਕਾਂ ਨੇ ਫਿਰੋਜ਼ਪੁਰ ਤੋਂ ਆਉਣਾ ਸੀ। ਅੱਗ ਬੇਤਹਾਸ਼ਾ ਲੱਗੀ ਹੋਈ ਸੀ ਤੇ ਲਪਟਾਂ ਦੂਰ ਤੋਂ ਦਿਖਾਈ ਦੇ ਰਹੀਆਂ ਸਨ। ਬੇਸ਼ੱਕ ਸ਼ੈਲਰ ਦੇ ਕਰਮਚਾਰੀ ਅੱਗ ਬੁਝਾਉਣ ’ਚ ਜੁਟੇ ਸਨ। ਪਰ ਅੱਗ ’ਤੇ ਕਾਬੂ ਫਾਇਰ ਬ੍ਰਿਗੇਡ ਦੇ ਪੁੱਜਣ ’ਤੇ ਹੀ ਪਾਇਆ ਜਾ ਸਕਿਆ। ਤਨੇਜਾ ਨੇ ਕਿਹਾ ਕਿ ਮੌਕੇ ’ਤੇ ਪੁੱਜੇ ਕੇਸ਼ਵ ਅਗਰਵਾਲ, ਵੈਸ਼ਨੋ ਦਾਸ ਅਗਰਵਾਲ ਤੇ ਹੋਰ ਰਾਈਸ ਮਿਲਰਾਂ ਨੇ ਵੀ ਅੱਗ ’ਤੇ ਕਾਬੂ ਪਾਉਣ ’ਚ ਯੋਗਦਾਨ ਪਾਇਆ। ਉਨ੍ਹਾਂ ਇਹ ਵੀ ਕਿਹਾ ਕਿ ਇਸ ਅੱਗ ਕਾਰਨ ਸ਼ੈਲਰ ਨੂੰ ਕਾਫੀ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਹਾਦਸੇ ’ਚ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ===== ਫਾਇਰ ਬ੍ਰਿਗੇਡ ਦਾ ਹੈਲਪਲਾਈਨ ਨੰਬਰ ਹੀ ਨਹੀਂ ਚੱਲਦਾ : ਐਡਵੋਕੇਟ ਬੂਟਾ ਸਿੰਘ ਐਡਵੋਕੇਟ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੇ ਹੈਲਪਲਾਈਨ ਨੰਬਰ ’ਤੇ ਸਵੇਰੇ 6 ਵਜੇ ਤੋਂ ਫੋਨ ਕਰਨਾ ਸ਼ੁਰੂ ਕਰ ਦਿੱਤਾ, ਪਰ ਅੱਗੋਂ ਨੰਬਰ ਮੌਜੂਦ ਨਹੀਂ ਹੈ, ਜਵਾਬ ਹੀ ਆਉਂਦਾ ਰਿਹਾ। ਫਿਰ ਉਨ੍ਹਾਂ ਨੇ 100 ਨੰਬਰ ’ਤੇ ਡਾਇਲ ਕੀਤਾ ਤਾਂ ਉਹ ਚੰਡੀਗੜ੍ਹ ਲੱਗਾ। ਜਿੱਥੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਬੰਧਕੀ ਤੇ ਕੋਰਟ ਕੰਪਲੈਕਸ ਦੇ ਸਾਹਮਣੇ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਭ ’ਚ ਫਾਇਰ ਬ੍ਰਿਗੇਡ ਦੇ ਪੁੱਜਣ ’ਚ ਅੱਧਾ ਘੰਟਾ ਦੇਰੀ ਹੋ ਗਈ। ਜੇਕਰ ਹਵਾ ਦਾ ਰੁਖ ਸ਼ੈਲਰ ਵਾਲੇ ਪਾਸੇ ਹੁੰਦਾ ਤਾਂ ਨੁਕਸਾਨ ਹੋਰ ਵੱਡਾ ਹੋ ਸਕਦਾ ਸੀ।