ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਜੇਤੂ ਉਮੀਦਵਾਰਾਂ ਨੂੰ ਕੀਤਾ ਸਨਮਾਨਿਤ
ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਜੇਤੂ ਉਮੀਦਵਾਰਾਂ ਨੂੰ ਕੀਤਾ ਸਨਮਾਨਿਤ
Publish Date: Fri, 29 May 2026 07:11 PM (IST)
Updated Date: Fri, 29 May 2026 07:13 PM (IST)

- ਪੱਟੀ ’ਚ ਲੋਕਾਂ ਨੇ ‘ਆਪ’ ਦੀਆਂ ਨੀਤੀਆਂ ਨੂੰ ਨਕਾਰਿਆ : ਹਰਮਿੰਦਰ ਸਿੰਘ ਗਿੱਲ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਪੱਟੀ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਸ਼ਹਿਰ ਵਿਚ ਖੁਸ਼ੀ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ। ਇਸੇ ਤਹਿਤ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਜੇਤੂ ਉਮੀਦਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ, ਵਰਕਰ ਅਤੇ ਸਮਰਥਕ ਮੌਜੂਦ ਰਹੇ। ਸਮਾਗਮ ਦੌਰਾਨ ਜੇਤੂ ਉਮੀਦਵਾਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੱਟੀ ਦੇ ਲੋਕਾਂ ਨੇ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਝੂਠੇ ਵਾਅਦਿਆਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਸਮਝ ਚੁੱਕੇ ਹਨ ਕਿ ਸਿਰਫ਼ ਵੱਡੇ-ਵੱਡੇ ਦਾਅਵੇ ਕਰਨ ਨਾਲ ਵਿਕਾਸ ਨਹੀਂ ਹੁੰਦਾ, ਸਗੋਂ ਲੋਕਾਂ ਦੇ ਵਿਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਲੋਕਾਂ ਦੇ ਹਿੱਤਾਂ ਲਈ ਕੰਮ ਕੀਤਾ ਹੈ ਅਤੇ ਇਸੇ ਕਾਰਨ ਲੋਕਾਂ ਨੇ ਕਾਂਗਰਸ ਦੇ ਉਮੀਦਵਾਰਾਂ ਨੂੰ ਭਰਪੂਰ ਸਮਰਥਨ ਦਿੱਤਾ ਹੈ। ਪੱਟੀ ਹਲਕੇ ਵਿਚ ਨਗਰ ਪਾਲਿਕਾ ਪੱਟੀ ਚੋਣਾਂ ਦੇ ਨਤੀਜੇ ਬਹੁਤ ਹੀ ਉਤਸ਼ਾਹਜਨਕ ਰਹੇ ਹਨ। ਕਾਂਗਰਸ ਪਾਰਟੀ ਦੇ 9 ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਨੇ ਨਗਰ ਪਾਲਿਕਾ ਕਮੇਟੀ ਬਣਾਉਣ ਦਾ ਰਾਹ ਕਾਫੀ ਹੱਦ ਤਕ ਪੱਧਰਾ ਕਰ ਦਿੱਤਾ ਹੈ। ਇਹ ਜਿੱਤ ਪੱਟੀ ਦੇ ਲੋਕਾਂ ਵੱਲੋਂ ਕਾਂਗਰਸ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਵਰਕਰਾਂ ਦੀ ਮਿਹਨਤ ’ਤੇ ਲਗਾਈ ਮੋਹਰ ਹੈ। ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਵਿਚ ਭਾਰੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਮੈਂ ਪੱਟੀ ਹਲਕੇ ਦੇ ਸਮੂਹ ਵੋਟਰਾਂ, ਸਮਰਥਕਾਂ ਅਤੇ ਕਾਂਗਰਸੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਕਾਂਗਰਸ ਪਾਰਟੀ ’ਤੇ ਆਪਣਾ ਭਰੋਸਾ ਜਤਾਇਆ ਅਤੇ ਸਾਡੇ ਉਮੀਦਵਾਰਾਂ ਨੂੰ ਭਰਪੂਰ ਸਮਰਥਨ ਦਿੱਤਾ। ਜਿਹੜੇ ਸਾਡੇ ਉਮੀਦਵਾਰ ਇਸ ਚੋਣ ਵਿਚ ਸਫ਼ਲ ਨਹੀਂ ਹੋ ਸਕੇ, ਮੇਰੇ ਮਨ ਵਿਚ ਉਨ੍ਹਾਂ ਲਈ ਵੀ ਪੂਰਾ ਸਤਿਕਾਰ ਹੈ। ਉਨ੍ਹਾਂ ਨੇ ਵੀ ਕਾਂਗਰਸ ਪਾਰਟੀ ਦਾ ਪਰਚਮ ਬੁਲੰਦ ਕਰਨ ਲਈ ਦਿਨ-ਰਾਤ ਇਕ ਕਰਕੇ ਮਿਹਨਤ ਕੀਤੀ ਹੈ। ਪਾਰਟੀ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਨੂੰ ਕਦੇ ਨਹੀਂ ਭੁੱਲੇਗੀ ਅਤੇ ਉਨ੍ਹਾਂ ਦਾ ਮਾਨ-ਸਤਿਕਾਰ ਪਹਿਲਾਂ ਨਾਲੋਂ ਵੀ ਵੱਧ ਕੀਤਾ ਜਾਵੇਗਾ। ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੱਟੀ ਦੇ ਲੋਕਾਂ ਨੇ ਸਾਫ਼ ਸੁਨੇਹਾ ਦਿੱਤਾ ਹੈ ਕਿ ਉਹ ਵਿਕਾਸ, ਇਮਾਨਦਾਰੀ ਅਤੇ ਤਜ਼ਰਬੇਕਾਰ ਨੇਤ੍ਰਿਤਵ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਜੇਤੂ ਉਮੀਦਵਾਰ ਸ਼ਹਿਰ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣਗੇ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਕਾਂਗਰਸ ਵਰਕਰਾਂ ਨੇ ਦਿਨ-ਰਾਤ ਮਿਹਨਤ ਕਰਕੇ ਪਾਰਟੀ ਦੀ ਜਿੱਤ ਯਕੀਨੀ ਬਣਾਈ ਹੈ। ਇਸ ਜਿੱਤ ਦਾ ਸਿਹਰਾ ਹਰ ਇਕ ਵਰਕਰ ਅਤੇ ਸਮਰਥਕ ਨੂੰ ਜਾਂਦਾ ਹੈ, ਜਿਨ੍ਹਾਂ ਨੇ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਕਾਂਗਰਸ ਦੀ ਨਹੀਂ, ਸਗੋਂ ਪੱਟੀ ਦੇ ਲੋਕਾਂ ਦੀ ਜਿੱਤ ਹੈ। ਸਮਾਗਮ ਦੌਰਾਨ ਜੇਤੂ ਉਮੀਦਵਾਰਾਂ ਨੇ ਵੀ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਵਿਸ਼ਵਾਸ ਨੂੰ ਕਦੇ ਟੁੱਟਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਨੇ ਜਿਹੜਾ ਪਿਆਰ ਅਤੇ ਸਮਰਥਨ ਦਿੱਤਾ ਹੈ, ਉਸ ਦਾ ਕਰਜ਼ ਉਹ ਵਿਕਾਸ ਕਾਰਜਾਂ ਰਾਹੀਂ ਉਤਾਰਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਸਮਰਥਕ ਮੌਜੂਦ ਰਹੇ, ਜਿਨ੍ਹਾਂ ਵਿਚ ਹਰਪ੍ਰੀਤ ਸਿੰਘ ਸੰਧੂ, ਦਲਵੀਰ ਸਿੰਘ ਸੇਖੋਂ, ਰਵੀ ਸ਼ੇਰ ਸਿੰਘ ਰਸੂਲਪੁਰ, ਰਘਬੀਰ ਸਿੰਘ ਤੁੰਗ, ਭੁਪਿੰਦਰ ਸਿੰਘ ਵਿੱਕੀ, ਗੁਰਮੇਲ ਸਿੰਘ ਲੁਹਾਰੀਆ, ਗੁਰਜੰਟ ਸਿੰਘ, ਹਰਚੰਦ ਸਿੰਘ ਨਦੋਹਰ, ਸਰਪੰਚ ਜਤਿੰਦਰ ਤੇਜ ਧਗਾਣਾ, ਸਰਪੰਚ ਹਰਜਿੰਦਰ ਸਿੰਘ ਚੰਬਲ, ਰਾਜ ਕੁਮਾਰ ਰਾਜੂ, ਸਰਪੰਚ ਦਲਜਿੰਦਰ ਸਿੰਘ ਜਵੰਧਾ, ਗੁਰਪ੍ਰੀਤ ਸਿੰਘ ਸਭਰਾ, ਗੁਰਵਿੰਦਰ ਸਿੰਘ ਜੋਧਾ, ਗੁਰਵਿੰਦਰ ਸਿੰਘ ਕੈਰੋਂ, ਜਸਬੀਰ ਸਿੰਘ ਜੋਤੀ ਸ਼ਾਹ, ਸਰਪੰਚ ਬਲਰਾਜ ਸਿੰਘ ਭੱਗੂਪੁਰ, ਮਨਦੀਪ ਸਿੰਘ ਮੱਤਾ, ਜਗਪ੍ਰੀਤ ਸਿੰਘ ਚੀਮਾ, ਸੁਖਵਿੰਦਰ ਸਿੰਘ ਬੀਤ ਕਿਰਤੋਵਾਲ, ਹਰਜੀਤ ਸਿੰਘ ਬਿੱਟੂ, ਗਗਨ ਰੰਧਾਵਾ, ਸੁਖਦੇਵ ਸਿੰਘ ਸਖੀਰਾ, ਗੋਰਾ ਲੋਹੁਕਾ, ਗੋਰਾ ਜੌੜਾ, ਸਤਬੀਰ ਸਿੰਘ ਰੰਮੀ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ ਲੋਹੁਕਾ, ਅਮ੍ਰਿਤਪਾਲ ਸੰਗਵਾ, ਗੁਰਚਰਨਪ੍ਰੀਤ ਸਿੰਘ ਸਭਰਾ, ਗੁਰਬਿੰਦਰ ਸਿੰਘ ਸਭਰਾ, ਸਰਪੰਚ ਬਲਬੀਰ ਸਿੰਘ ਠੱਠਾ, ਮਨਦੀਪ ਸਿੰਘ, ਸਰਪੰਚ ਸਤਨਾਮ ਸਿੰਘ ਪੋਪਨ, ਸਰਪੰਚ ਗੁਰਿੰਦਰ ਸਿੰਘ ਸੀਤੋ ਅਤੇ ਰਾਣਾ ਬੁੱਟਰ ਆਦਿ ਹਾਜਰ ਸਨ।