ਨਗਰ ਕੌਂਸਲ ਚੋਣਾਂ ਪੱਟੀ : 19 ਵਾਰਡਾਂ ਵਿਚੋਂ 9 ’ਤੇ ਕਾਂਗਰਸ, 6 ਆਪ ਤੇ 4 ਅਜ਼ਾਦ ਕੈਰੋਂ ਗਰੁੱਪ ਦੇ ਉਮੀਦਵਾਰ ਜਿੱਤੇ

ਬੱਲੂ ਮਹਿਤਾ, •ਪੰਜਾਬੀ ਜਾਗਰਣ
ਪੱਟੀ : ਪੱਟੀ ਨਗਰ ਕੌਂਸਲ ਦੀਆਂ 26 ਮਈ ਨੂੰ ਹੋਈਆਂ ਚੋਣਾਂ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਗਏ, ਜਿਨ੍ਹਾਂ ਨੇ ਸ਼ਹਿਰ ਦੀ ਸਿਆਸੀ ਤਸਵੀਰ ਨੂੰ ਨਵਾਂ ਰੂਪ ਦੇ ਦਿੱਤਾ। ਵੋਟਾਂ ਦੀ ਗਿਣਤੀ ਸ੍ਰੀ ਗੁਰੂ ਗੋਬਿੰਦ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਰੋਂ ਲੜਕਿਆਂ ਵਿਖੇ ਚੋਣ ਅਫ਼ਸਰ ਕਮ ਐੱਸਡੀਐੱਮ ਅਮਨਦੀਪ ਸਿੰਘ ਦੀ ਅਗਵਾਈ ਹੇਠ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚ ਕਰਵਾਈ ਗਈ। ਗਿਣਤੀ ਦੌਰਾਨ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਸਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਨਤੀਜਿਆਂ ਅਨੁਸਾਰ 19 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ 9 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਆਪਣਾ ਦਬਦਬਾ ਕਾਇਮ ਕੀਤਾ ਹੈ। ਆਮ ਆਦਮੀ ਪਾਰਟੀ ਨੂੰ 6 ਸੀਟਾਂ ਮਿਲੀਆਂ ਹਨ, ਜਦਕਿ ਕੈਰੋਂ ਗਰੁੱਪ ਦੇ ਸਮਰਥਨ ਵਾਲੇ 4 ਅਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਇਹ ਨਤੀਜੇ ਪੱਟੀ ਦੀ ਸਥਾਨਕ ਸਿਆਸਤ ਵਿਚ ਇਕ ਵੱਡੇ ਬਦਲਾਅ ਵਜੋਂ ਵੇਖੇ ਜਾ ਰਹੇ ਹਨ। ਵੋਟਾਂ ਦੀ ਗਿਣਤੀ ਸਵੇਰੇ ਸ਼ੁਰੂ ਹੋਈ ਅਤੇ ਹਰ ਰਾਊਂਡ ਤੋਂ ਬਾਅਦ ਉਮੀਦਵਾਰਾਂ ਅਤੇ ਸਮਰਥਕਾਂ ਵਿਚ ਉਤਸੁਕਤਾ ਵਧਦੀ ਗਈ। ਕਈ ਵਾਰਡਾਂ ਵਿਚ ਮੁਕਾਬਲਾ ਕਾਫੀ ਦਿਲਚਸਪ ਅਤੇ ਨਜ਼ਦੀਕੀ ਰਿਹਾ। ਨਤੀਜੇ ਆਉਣ ਨਾਲ ਹੀ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਢੋਲ-ਨਗਾੜਿਆਂ ਨਾਲ ਜਸ਼ਨ ਮਨਾਏ ਗਏ। ਸਮਰਥਕਾਂ ਵੱਲੋਂ ਇਕ-ਦੂਜੇ ਨੂੰ ਮਿਠਾਈਆਂ ਵੰਡੀਆਂ ਗਈਆਂ ਅਤੇ ਫੁੱਲਾਂ ਦੇ ਹਾਰ ਪਾ ਕੇ ਜੇਤੂ ਉਮੀਦਵਾਰਾਂ ਦਾ ਸਵਾਗਤ ਕੀਤਾ ਗਿਆ।
ਚੋਣ ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਕੁਲਵਿੰਦਰ ਕੌਰ ਜੇਤੂ ਰਹੀ। ਵਾਰਡ ਨੰਬਰ 2 ਤੋਂ ਕੈਰੋਂ ਗਰੁੱਪ ਦੇ ਅਜ਼ਾਦ ਉਮੀਦਵਾਰ ਹੰਸ ਰਾਜ ਨੇ ਜਿੱਤ ਦਰਜ ਕੀਤੀ। ਵਾਰਡ ਨੰਬਰ 3 ਤੋਂ ਕਾਂਗਰਸ ਦੀ ਅਮਨਦੀਪ ਕੌਰ ਜੇਤੂ ਰਹੀ। ਵਾਰਡ ਨੰਬਰ 4 ਤੋਂ ਕੈਰੋਂ ਗਰੁੱਪ ਦੇ ਸੁਨੀਲ ਕੁਮਾਰ ਲਵਲੀ ਅਰੋੜਾ ਨੇ ਆਪਣੇ ਵਿਰੋਧੀਆਂ ਨੂੰ ਹਰਾਇਆ। ਵਾਰਡ ਨੰਬਰ 5 ਤੋਂ ਕੈਰੋਂ ਗਰੁੱਪ ਦੀ ਆਸ਼ਾ ਰਾਣੀ ਜੇਤੂ ਰਹੀ। ਇਸੇ ਤਰ੍ਹਾਂ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਐਡਵੋਕੇਟ ਰਾਜਨਪ੍ਰੀਤ ਸਿੰਘ ਨੇ ਜਿੱਤ ਦਰਜ ਕੀਤੀ। ਵਾਰਡ ਨੰਬਰ 7 ਤੋਂ ਕੈਰੋਂ ਗਰੁੱਪ ਦੀ ਸਾਈਨਾ ਸ਼ਰਮਾ ਜੇਤੂ ਰਹੀ। ਵਾਰਡ ਨੰਬਰ 8 ਤੋਂ ਆਪ ਦੇ ਸੁਖਨਿੰਦਰ ਸਿੰਘ ਅਤੇ ਵਾਰਡ ਨੰਬਰ 9 ਤੋਂ ਆਪ ਦੀ ਰਾਜਵੰਤ ਕੌਰ ਨੇ ਜਿੱਤ ਪ੍ਰਾਪਤ ਕੀਤੀ। ਵਾਰਡ ਨੰਬਰ 10 ਤੋਂ ਕਾਂਗਰਸ ਦੇ ਕੋਮਲ ਜੈਨ, ਵਾਰਡ ਨੰਬਰ 11 ਤੋਂ ਕਾਂਗਰਸ ਦੀ ਸੁਨੀਤਾ ਰਾਣੀ ਅਤੇ ਵਾਰਡ ਨੰਬਰ 12 ਤੋਂ ਆਪ ਦੇ ਸੁਰਜੀਤ ਸਿੰਘ ਜੇਤੂ ਰਹੇ। ਵਾਰਡ ਨੰਬਰ 13 ਤੋਂ ਕਾਂਗਰਸ ਦੀ ਬਲਜੀਤ ਕੌਰ ਨੇ ਜਿੱਤ ਦਰਜ ਕੀਤੀ, ਜਦਕਿ ਵਾਰਡ ਨੰਬਰ 14 ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਜੇਤੂ ਰਹੇ। ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਦੀ ਹਰਮੀਤ ਕੌਰ ਨੇ ਆਪਣਾ ਵਾਰਡ ਜਿੱਤਿਆ। ਵਾਰਡ ਨੰਬਰ 16 ਤੋਂ ਕਾਂਗਰਸ ਦੇ ਜਗਮੀਤ ਸਿੰਘ ਜੇਤੂ ਰਹੇ। ਵਾਰਡ ਨੰਬਰ 17 ਤੋਂ ਕਾਂਗਰਸ ਦੇ ਕਰਨਬੀਰ ਸਿੰਘ ਧਾਰੀਵਾਲ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਵਾਰਡ ਨੰਬਰ 18 ਤੋਂ ਕਾਂਗਰਸ ਦੇ ਨਿਸ਼ਾਨ ਸਿੰਘ ਬੁੱਟਰ ਅਤੇ ਵਾਰਡ ਨੰਬਰ 19 ਤੋਂ ਕਾਂਗਰਸ ਦੀ ਮਨਜਿੰਦਰ ਕੌਰ ਜੇਤੂ ਰਹੀ।
ਗਿਣਤੀ ਮੁਕੰਮਲ ਹੋਣ ਤੋਂ ਬਾਅਦ ਚੋਣ ਅਫ਼ਸਰ ਕਮ ਐੱਸਡੀਐੱਮ ਅਮਨਦੀਪ ਵੱਲੋਂ ਸਾਰੇ ਜੇਤੂ ਉਮੀਦਵਾਰਾਂ ਨੂੰ ਜਿੱਤ ਦੇ ਸਰਟੀਫਿਕੇਟ ਵੰਡੇ ਗਏ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ, ਚੋਣ ਕਰਮਚਾਰੀਆਂ ਅਤੇ ਲੋਕਾਂ ਦਾ ਸਹਿਯੋਗ ਲਈ ਧੰਨਵਾਦ ਵੀ ਕੀਤਾ। ਨਤੀਜਿਆਂ ਤੋਂ ਬਾਅਦ ਹੁਣ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਸਿਆਸੀ ਚਰਚਾਵਾਂ ਤੇਜ਼ ਹੋ ਗਈਆਂ ਹਨ। ਕਾਂਗਰਸ ਕੋਲ 9 ਸੀਟਾਂ ਹਨ ਅਤੇ ਉਹ ਸਭ ਤੋਂ ਵੱਡੀ ਪਾਰਟੀ ਵਜੋਂ ਪ੍ਰਧਾਨਗੀ ’ਤੇ ਆਪਣਾ ਦਾਅਵਾ ਮਜ਼ਬੂਤੀ ਨਾਲ ਪੇਸ਼ ਕਰ ਰਹੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਕੋਲ 6 ਅਤੇ ਕੈਰੋਂ ਗਰੁੱਪ ਕੋਲ 4 ਸੀਟਾਂ ਹਨ। ਜੇਕਰ ਦੋਵੇਂ ਧਿਰਾਂ ਇਕੱਠੀਆਂ ਹੋ ਜਾਂਦੀਆਂ ਹਨ, ਤਾਂ ਗਿਣਤੀ 10 ਤਕ ਪਹੁੰਚ ਸਕਦੀ ਹੈ, ਜਿਸ ਨਾਲ ਪ੍ਰਧਾਨਗੀ ਦੀ ਦੌੜ ਹੋਰ ਦਿਲਚਸਪ ਹੋ ਸਕਦੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਵੱਡੀ ਸਿਆਸੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ। ਵੱਖ-ਵੱਖ ਧਿਰਾਂ ਵੱਲੋਂ ਆਪਣਾ ਸਮਰਥਨ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸ਼ਹਿਰ ਦੇ ਲੋਕ ਵੀ ਇਹ ਦੇਖਣ ਲਈ ਉਤਸੁਕ ਹਨ ਕਿ ਆਖ਼ਿਰ ਨਗਰ ਕੌਂਸਲ ਦੀ ਕਮਾਨ ਕਿਸ ਧਿਰ ਦੇ ਹੱਥ ਵਿਚ ਜਾਂਦੀ ਹੈ। ਚੋਣ ਨਤੀਜਿਆਂ ਤੋਂ ਬਾਅਦ ਜੇਤੂ ਉਮੀਦਵਾਰਾਂ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕੰਮ ਕਰਨਗੇ।
- ਕਾਂਗਰਸ ਦੀ ਜਿੱਤ ਲੋਕਾਂ ਦੇ ਭਰੋਸੇ ਦੀ ਜਿੱਤ : ਹਰਮਿੰਦਰ ਸਿੰਘ ਗਿੱਲ
ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਦੀ ਸ਼ਾਨਦਾਰ ਜਿੱਤ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਦੀ ਜਿੱਤ ਹੈ। ਉਨ੍ਹਾਂ ਨੇ ਕਿਹਾ ਕਿ ਪੱਟੀ ਦੇ ਲੋਕਾਂ ਨੇ ਸੂਝਬੂਝ ਨਾਲ ਵੋਟ ਪਾ ਕੇ ਕਾਂਗਰਸ ਦੇ ਉਮੀਦਵਾਰਾਂ ਨੂੰ ਭਾਰੀ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਤੂ ਉਮੀਦਵਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣਗੇ ਅਤੇ ਸ਼ਹਿਰ ਦੇ ਵਿਕਾਸ ਲਈ ਮਿਲਜੁਲ ਕੇ ਕੰਮ ਕਰਨਗੇ। ਗਿੱਲ ਨੇ ਕਿਹਾ ਕਿ ਪੱਟੀ ਦੇ ਲੋਕ ਵਿਕਾਸ ਅਤੇ ਤਰੱਕੀ ਚਾਹੁੰਦੇ ਹਨ ਅਤੇ ਕਾਂਗਰਸ ਹਮੇਸ਼ਾਂ ਲੋਕ ਹਿੱਤਾਂ ਲਈ ਕੰਮ ਕਰਦੀ ਆਈ ਹੈ। ਉਨ੍ਹਾਂ ਸਾਰੇ ਜੇਤੂ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ।
- ਲੋਕਾਂ ਨੇ ਵਿਕਾਸ ਦੀ ਰਾਜਨੀਤੀ ਨੂੰ ਦਿੱਤਾ ਸਮਰਥਨ : ਸੁਰਿੰਦਰਪਾਲ ਕੌਰ ਭੁੱਲਰ
ਸੁਰਿੰਦਰਪਾਲ ਕੌਰ ਭੁੱਲਰ ਪਤਨੀ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਲੋਕਾਂ ਨੇ ਵਿਕਾਸ ਦੀ ਰਾਜਨੀਤੀ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਲੋਕਾਂ ਵੱਲੋਂ ਮਿਲਿਆ ਪਿਆਰ ਅਤੇ ਸਹਿਯੋਗ ਸਾਬਿਤ ਕਰਦਾ ਹੈ ਕਿ ਲੋਕ ਪੰਜਾਬ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਜੇਤੂ ਉਮੀਦਵਾਰ ਸ਼ਹਿਰ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ। ਉਨ੍ਹਾਂ ਪਾਰਟੀ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੀ ਸੇਵਾ ਹੀ ਉਨ੍ਹਾਂ ਦੀ ਪਹਿਲ ਰਹੇਗੀ।
- ਲੋਕਾਂ ਨੇ ਸਾਡੇ ਉਮੀਦਵਾਰਾਂ ’ਤੇ ਭਰੋਸਾ ਜਤਾਇਆ : ਆਦੇਸ਼ ਪ੍ਰਤਾਪ ਸਿੰਘ ਕੈਰੋਂ
ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਕੈਰੋਂ ਗਰੁੱਪ ਦੇ ਉਮੀਦਵਾਰਾਂ ਨੂੰ ਮਿਲੀ ਜਿੱਤ ਲੋਕਾਂ ਦੇ ਵਿਸ਼ਵਾਸ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਚੋਣਾਂ ਵਿਚ ਮੁਕਾਬਲਾ ਕਾਫੀ ਸਖ਼ਤ ਸੀ, ਫਿਰ ਵੀ ਲੋਕਾਂ ਨੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਪਿਆਰ ਅਤੇ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਜੇਤੂ ਉਮੀਦਵਾਰ ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਉਤਰਣ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ। ਕੈਰੋਂ ਨੇ ਕਿਹਾ ਕਿ ਉਹ ਹਮੇਸ਼ਾਂ ਪੱਟੀ ਸ਼ਹਿਰ ਦੇ ਵਿਕਾਸ ਅਤੇ ਲੋਕ ਭਲਾਈ ਦੇ ਮੁੱਦਿਆਂ ਲਈ ਵਚਨਬੱਧ ਰਹੇ ਹਨ ਅਤੇ ਅੱਗੇ ਵੀ ਰਹਿਣਗੇ। ਉਨ੍ਹਾਂ ਸਾਰੇ ਸਮਰਥਕਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਚੋਣਾਂ ਦੌਰਾਨ ਦਿਨ-ਰਾਤ ਮਿਹਨਤ ਕੀਤੀ।