ਭਿੱਖੀਵਿੰਡ ਨਗਰ ਪੰਚਾਇਤ ’ਤੇ ਆਪ ਦਾ ਕਬਜ਼ਾ, 13 ਵਿੱਚੋਂ 7 ਵਾਰਡਾਂ ’ਚ ਜਿੱਤ ਦਰਜ

ਰਾਜਨ ਚੋਪੜਾ, •ਪੰਜਾਬੀ ਜਾਗਰਣ
ਭਿੱਖੀਵਿੰਡ : ਭਿੱਖੀਵਿੰਡ ਨਗਰ ਪੰਚਾਇਤ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 13 ਵਿੱਚੋਂ 7 ਵਾਰਡਾਂ ’ਚ ਜਿੱਤ ਦਰਜ ਕਰ ਕੇ ਨਗਰ ਪੰਚਾਇਤ ’ਤੇ ਆਪਣਾ ਕਬਜ਼ਾ ਕਰ ਲਿਆ ਹੈ। ਚੋਣ ਨਤੀਜਿਆਂ ਤੋਂ ਬਾਅਦ ‘ਆਪ’ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ, ਜਦਕਿ ਹੋਰ ਪਾਰਟੀਆਂ ਨੇ ਵੀ ਆਪਣੇ ਜੇਤੂ ਉਮੀਦਵਾਰਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ 3, ਕਾਂਗਰਸ ਨੂੰ 2 ਅਤੇ ਇਕ ਆਜ਼ਾਦ ਉਮੀਦਵਾਰ ਨੂੰ ਜਿੱਤ ਪ੍ਰਾਪਤ ਹੋਈ ਹੈ। ਖਾਸ ਗੱਲ ਇਹ ਰਹੀ ਕਿ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਬਿਨ੍ਹਾਂ ਮੁਕਾਬਲਾ ਜੇਤੂ ਐਲਾਨੇ ਗਏ। ਇਸ ਤੋਂ ਇਲਾਵਾ ਵਾਰਡ ਨੰਬਰ 4 ਤੋਂ ਬਖ਼ਸ਼ੀਸ਼ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਹਾਸਲ ਕੀਤੀ। ਚੋਣ ਨਤੀਜਿਆਂ ਨਾਲ ਭਿੱਖੀਵਿੰਡ ਦੀ ਸਿਆਸਤ ਵਿਚ ਨਵਾਂ ਸਮੀਕਰਨ ਸਾਹਮਣੇ ਆਇਆ ਹੈ ਅਤੇ ਹੁਣ ਲੋਕਾਂ ਦੀਆਂ ਉਮੀਦਾਂ ਨਵ-ਚੁਣੇ ਨੁਮਾਇੰਦਿਆਂ ਨਾਲ ਜੁੜ ਗਈਆਂ ਹਨ।
- ‘ਆਪ’ ਦੇ ਇਨ੍ਹਾਂ ਉਮੀਦਵਾਰਾਂ ’ਤੇ ਜਤਾਇਆ ਲੋਕਾਂ ਨੇ ਭਰੋਸਾ
ਨਗਰ ਪੰਚਾਇਤ ਭਿੱਖੀਵਿੰਡ ਦੀ ਵਾਰਡ ਨੰਬਰ 3 ਤੋਂ ਜਸਬੀਰ ਕੌਰ ਪਤਨੀ ਹਰਚੰਦ ਸਿੰਘ, ਵਾਰਡ ਨੰਬਰ 5 ਤੋਂ ਸਵਿੰਦਰ ਕੌਰ ਰੱਬ, ਵਾਰਡ ਨੰਬਰ 6 ਤੋਂ ਸਰਬਜੀਤ ਸਿੰਘ, ਵਾਰਡ ਨੰਬਰ 8 ਤੋਂ ਹਰਪਾਲ ਸਿੰਘ, ਵਾਰਡ ਨੰਬਰ 10 ਤੋਂ ਵਿਨੈ ਮਲਹੋਤਰਾ ਅਤੇ ਵਾਰਡ ਨੰਬਰ 12 ਤੋਂ ਕੋਮਲਪ੍ਰੀਤ ਕੌਰ ਨੇ ਆਮ ਆਦਮੀ ਪਾਰਟੀ ਦੇ ਚਿੰਨ੍ਹ ’ਤੇ ਜਿੱਤ ਦਰਜ ਕੀਤੀ। ਆਪ ਦੇ ਜੇਤੂ ਕੌਂਸਲਰਾਂ ਨੇ ਕਿਹਾ ਕਿ ਉਹ ਲੋਕਾਂ ਵੱਲੋਂ ਜਿਤਾਏ ਗਏ ਭਰੋਸੇ ’ਤੇ ਖਰ੍ਹਾ ਉੱਤਰਣਗੇ ਅਤੇ ਵਾਰਡਾਂ ਵਿਚ ਹੋਣ ਵਾਲੇ ਕੰਮਾਂ ਨੂੰ ਪਹਿਲ ਦੇ ਅਧਾਰ ’ਤੇ ਨੇਪਰੇ ਚਾੜ੍ਹਿਆ ਜਾਵੇਗਾ।
- ਤਿੰਨ ਉਮੀਦਵਾਰਾਂ ਦੀ ਜਿੱਤ ਨਾਲ ਅਕਾਲੀ ਬਾਗੋਬਾਗ
ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਪੰਚਾਇਤ ਦੀ ਚੋਣ ਲੜ ਰਹੇ ਤਿੰਨ ਉਮੀਦਵਾਰਾਂ ਨੂੰ ਜਿੱਤ ਹਾਸਿਲ ਹੋਈ ਹੈ। ਜਿਨ੍ਹਾਂ ਵਿਚ ਵਾਰਡ ਨੰਬਰ 1 ਤੋਂ ਮਨਜੀਤ ਸਿੰਘ ਬੋਰਾਂ ਵਾਲਾ, ਵਾਰਡ ਨੰਬਰ 7 ਤੋਂ ਕਿਰਨਦੀਪ ਕੌਰ ਪਤਨੀ ਕੁਲਰਾਜ ਸਿੰਘ ਅਤੇ ਵਾਰਡ ਨੰਬਰ 9 ਤੋਂ ਸਰਬਜੀਤ ਕੌਰ ਪਤਨੀ ਅਮਰਜੀਤ ਸਿੰਘ ਢਿੱਲੋਂ ਸ਼ਾਮਿਲ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਪਾਰਟੀ ਦੇ ਜੇਤੂ ਉਮੀਦਵਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਲੋਕਾਂ ਨੇ ਅਕਾਲੀ ਦਲ ਪ੍ਰਤੀ ਆਪਣਾ ਭਰੋਸਾ ਅਤੇ ਉਤਸ਼ਾਹ ਦਰਸਾਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਲੋਕਾਂ ਦੀਆਂ ਸਮੱਸਿਆਵਾਂ ਲਈ ਹਮੇਸ਼ਾ ਸੰਘਰਸ਼ ਕਰਦੀ ਰਹੇਗੀ।
- ਦੋ ਸੀਟਾਂ ’ਤੇ ਜਿੱਤਣ ’ਚ ਕਾਮਯਾਬ ਰਹੀ ਕਾਂਗਰਸ
ਨਗਰ ਪੰਚਾਇਤ ਚੋਣਾਂ ਵਿਚ ਉੱਤਰੀ ਕਾਂਗਰਸ ਪਾਰਟੀ ਨੂੰ ਵਾਰਡ ਨੰਬਰ 11 ਤੋਂ ਸ਼ਿਖਾ ਕੱਕੜ ਅਤੇ ਵਾਰਡ ਨੰਬਰ 13 ਤੋਂ ਕ੍ਰਿਸ਼ਨਪਾਲ ਜੱਜ ਦੀ ਜਿੱਤ ਨਾਲ ਦੋ ਸੀਟਾਂ ਮਿਲੀਆਂ। ਕਾਂਗਰਸ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਵੀ ਕਾਂਗਰਸ ਦੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਆਉਣ ਵਾਲੇ ਸਮੇਂ ਵਿਚ ਹੋਰ ਮਜ਼ਬੂਤੀ ਨਾਲ ਲੋਕਾਂ ਦੇ ਵਿਚਕਾਰ ਕੰਮ ਕਰੇਗੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਦੌਰ ਸ਼ੁਰੂ ਹੋ ਰਿਹਾ ਹੈ ਕਿਉਂਕਿ ਪੰਜਾਬ ਭਰ ਵਿਚ ਕਾਂਗਰਸ ਦਾ ਅਧਾਰ ਵਧਿਆ ਹੈ।
- ਚੋਣ ਨਤੀਜਿਆਂ ’ਤੇ ਕੀ ਬੋਲੇ ਵਿਧਾਇਕ ਸਰਵਣ ਸਿੰਘ ਧੁੰਨ
ਚੋਣ ਨਤੀਜਿਆਂ ਤੋਂ ਬਾਅਦ ਖੇਮਕਰਨ ਹਲਕੇ ਦੇ ਵਿਧਾਇਕ ਸਵਰਣ ਸਿੰਘ ਧੁੰਨ ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਨੇ ਵਿਕਾਸ ਅਤੇ ਪਾਰਦਰਸ਼ੀ ਪ੍ਰਸ਼ਾਸਨ ’ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਨੇ ਨਵ-ਚੁਣੇ ਮੈਂਬਰਾਂ ਨੂੰ ਵਾਰਡਾਂ ਵਿਚ ਨਿਸ਼ਠਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
- ਨਹੀਂ ਖੁੱਲ੍ਹਾ ਭਾਜਪਾ ਦਾ ਖਾਤਾ, ਆਪਸੀ ਗੁੱਟਬੰਦੀ ’ਚ 5 ਵੋਟਾਂ ’ਤੇ ਹਾਰੀ ਵਾਰਡ
ਭਿੱਖੀਵਿੰਡ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਖਾਤਾ ਤਕ ਨਹੀਂ ਖੋਲ੍ਹ ਸਕੀ। ਹਾਲਾਂਕਿ ਆਪਸੀ ਧੜੇਬੰਦੀ ਦੇ ਚੱਲਦਿਆਂ ਵਾਰਡ ਨੰਬਰ 13 ਤੋਂ ਭਾਜਪਾ ਉਮੀਦਵਾਰ ਵਿਸ਼ਾਲ ਚੋਪੜਾ 5 ਵੋਟਾਂ ਦੇ ਮਾਮੂਲੀ ਫਰਕ ਨਾਲ ਹਾਰ ਗਏ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਇਲਾਕੇ ਵਿਚ ਆਪਸੀ ਧੜੇਬੰਦੀ ਦੇ ਚੱਲਦਿਆਂ ਜ਼ਿਲ੍ਹਾ ਪ੍ਰਧਾਨ ਵਲੋਂ ਇਕ ਵਾਰ ਵੀ ਇਸ ਵਾਰਡ ਵਿਚ ਪ੍ਰਚਾਰ ਨਹੀਂ ਕੀਤਾ ਗਿਆ। ਅੰਦਾਜੇ ਲਗਾਏ ਜਾ ਰਹੇ ਹਨ ਕਿ ਜੇਕਰ ਪਾਰਟੀ ਪੱਧਰ ’ਤੇ ਇਸ ਵਾਰਡ ਵਿਚ ਜ਼ਿਲ੍ਹਾ ਪ੍ਰਧਾਨ ਪ੍ਰਚਾਰ ਕਰਦੇ ਤਾਂ ਪੰਜ ਵੋਟਾਂ ਦੇ ਫਰਕ ਨਾਲ ਹਾਰੀ ਇਹ ਵਾਰਡ ਜਿੱਤੀ ਜਾ ਸਕਦੀ ਸੀ। ਪਰ ਉਕਤ ਵਾਰਡ ਦੇ ਨਾਲ ਬਾਕੀ 13 ਵਾਰਡਾਂ ਵਿਚ ਵੀ ਭਾਰਤੀ ਜਨਤਾ ਪਾਰਟੀ ਕੋਈ ਕ੍ਰਿਸ਼ਮਾ ਨਹੀਂ ਦਿਖਾ ਸਕੀ।