ਪਿੰਡ ਖੇਲਾ ਵਾਸੀਆਂ ਨੇ ਕੀਤੀ ਨਿਵੇਕਲੀ ਪਹਿਲ, ਲਾਈਨਮੈਨ ਤੇ ਪਟਵਾਰੀ ਸਨਮਾਨਿਤ
ਪਿੰਡ ਖੇਲਾ ਨਿਵਾਸੀਆਂ ਕੀਤੀ ਨਿਵੇਕਲੀ ਪਹਿਲ, ਲਾਈਨਮੈਨ ਤੇ ਪਟਵਾਰੀ ਕੀਤਾ ਸਨਮਾਨਿਤ
Publish Date: Fri, 29 May 2026 05:47 PM (IST)
Updated Date: Fri, 29 May 2026 05:49 PM (IST)

ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਭ੍ਰਿਸ਼ਟਾਚਾਰ ਲਈ ਬਦਨਾਮ ਸਰਕਾਰੀ ਮਹਿਕਮਿਆਂ ’ਚ ਅੱਜ ਵੀ ਅਜਿਹੇ ਮੁਲਾਜ਼ਮ ਨੌਕਰੀਆਂ ਕਰ ਰਹੇ ਹਨ, ਜਿਹੜੇ ਸਰਕਾਰੀ ਡਿਊਟੀ ਨੂੰ ਆਪਣਾ ਫਰਜ਼ ਸਮਝ ਕੇ ਲੋਕ ਸੇਵਾ ਨਿਭਾਉਂਦੇ ਹਨ ਅਤੇ ਅਜਿਹੇ ਸਰਕਾਰੀ ਕਰਮਚਾਰੀਆਂ ਨੂੰ ਲੋਕਾਂ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ। ਗੋਇੰਦਵਾਲ ਸਾਹਿਬ ਦੇ ਨਜ਼ਦੀਕੀ ਪਿੰਡ ਖੇਲਾ ਵਿਖੇ ਤਾਇਨਾਤ ਪਾਵਰਕਾਮ ਲਾਈਨਮੈਨ ਅੰਗਰੇਜ਼ ਸਿੰਘ ਅਤੇ ਪਟਵਾਰੀ ਜਗਮੀਤ ਸਿੰਘ ਨੂੰ ਉਨ੍ਹਾਂ ਦੀਆਂ ਬੇਦਾਗ ਸਰਕਾਰੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਪਿੰਡ ਖੇਲਾ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਪਿੰਡ ਨਿਵਾਸੀ ਬਾਪੂ ਬਲਬੀਰ ਸਿੰਘ ਦੇ ਗ੍ਰਹਿ ਇਕੱਤਰ ਹੋਏ ਪਿੰਡ ਦੀਆਂ ਮੋਹਤਬਰ ਸ਼ਖਸੀਅਤਾਂ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਦੀ ਹਾਜਰੀ ਵਿਚ ਦੋਵਾਂ ਕਰਮਚਾਰੀਆਂ ਅੰਗਰੇਜ਼ ਸਿੰਘ ਭੋਈਆਂ ਅਤੇ ਪਟਵਾਰੀ ਜਗਮੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਪੂ ਬਲਬੀਰ ਸਿੰਘ ਨੇ ਦੋਵੇਂ ਕਰਮਚਾਰੀਆਂ ਨੂੰ ਸਿਰੋਪਾਓ ਅਤੇ ਲੋਈਆਂ ਭੇਟ ਕੀਤੀਆਂ ਅਤੇ ਉਨ੍ਹਾਂ ਦੀ ਚੜਦੀ ਕਲਾ ਤੇ ਤੰਦਰੁਸਤੀ ਅਤੇ ਤਰੱਕੀਆਂ ਦੀ ਅਰਦਾਸ ਕੀਤੀ ਕਿ ਉਹ ਅਗਾਂਹ ਵੀ ਇਸੇ ਤਰ੍ਹਾਂ ਨਿਰਸਵਾਰਥ ਸੇਵਾਵਾਂ ਜਾਰੀ ਰੱਖਣ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਬਚਿੱਤਰ ਸਿੰਘ ਛਾਪੜੀ ਸਾਹਿਬ, ਬਾਪੂ ਬਲਬੀਰ ਸਿੰਘ, ਕੀਰਤ ਸਿੰਘ ਕਲਸੀ ਖੇਲਾ, ਸਰਪੰਚ ਅਮਰਜੀਤ ਸਿੰਘ, ਅਜਮੇਰ ਸਿੰਘ ਮੈਂਬਰ ਆਦਿ ਨੇ ਦੱਸਿਆ ਕਿ ਅੰਗਰੇਜ਼ ਸਿੰਘ ਲਾਇਨਮੈਨ ਸਬ ਡਵੀਜ਼ਨ ਫ਼ਤਿਆਬਾਦ ਅਧੀਨ ਜਿਥੇ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾ ਰਿਹਾ ਹੈ ਉਥੇ ਸਮਾਜਿਕ ਕਾਰਜਾਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਪਾ ਰਿਹਾ ਹੈ। ਕਿਸਾਨ ਆਗੂਆਂ ਦੱਸਿਆ ਕਿ ਅੰਗਰੇਜ਼ ਸਿੰਘ ਵੱਲੋਂ ਬੀਤੇ ਵਰ੍ਹੇਂ ਮੰਡ ਖੇਤਰ ਵਿਚ ਪਾਣੀ ਦੀ ਮਾਰ ਤੋਂ ਬਚਾਅ ਲਈ ਆਰਜੀ ਬੰਨ ਦੀ ਉਸਾਰੀ ਲਈ ਪਿੰਡ ਨਿਵਾਸੀਆਂ ਵੱਲੋਂ ਕੀਤੇ ਜਾ ਰਹੇ ਯਤਨਾ ਤੋਂ ਪ੍ਰਭਾਵਿਤ ਹੋ ਕੇ ਸੇਵਾ ’ਚ ਹਿੱਸਾ ਪਾਉਂਦਿਆਂ ਅੰਗਰੇਜ਼ ਸਿੰਘ ਭੋਈਆਂ ਵੱਲੋਂ ਨਿਜੀ ਖਾਤੇ ਵਿੱਚੋਂ ਵੱਡੀ ਰਕਮ ਵੀ ਕਿਸਾਨ ਆਗੂਆਂ ਨੂੰ ਸੇਵਾ ਵੱਜੋਂ ਦਿੱਤੀ ਤੇ ਹੋਰ ਸਮਾਜਿਕ ਕਾਰਜਾਂ ਵਿਚ ਵੱਧ ਚੜ੍ਹ ਹਿੱਸਾ ਪਾਇਆ ਸੀ। ਕਿਸਾਨ ਆਗੂਆਂ ਦੱਸਿਆ ਕਿ ਇਸੇ ਤਰ੍ਹਾਂ ਹੀ ਪਟਵਾਰੀ ਜਗਮੀਤ ਸਿੰਘ ਨੇ ਤਨ ਮਨ ਨਾਲ ਡਿਊਟੀ ਨਿਭਾ ਕੇ ਕਿਸਾਨਾਂ ਅਤੇ ਹੋਰ ਲੋੜਵੰਦਾਂ ਦੀ ਸਹਾਇਤਾ ਕੀਤੀ, ਜਿਸ ਲਈ ਦੋਵੇਂ ਕਰਮਚਾਰੀ ਪ੍ਰਸ਼ੰਸਾ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਰਮਚਾਰੀ ਹੋਰਨਾਂ ਕਰਮਚਾਰੀਆਂ ਲਈ ਵੀ ਪ੍ਰੇਰਨਾ ਸਰੋਤ ਹੁੰਦੇ ਹਨ ਤੇ ਨਰੋਏ ਸਮਾਜ ਦੀ ਨੀਹਾਂ ਮਜ਼ਬੂਤ ਬਣਾਉਣ ਲਈ ਸਹਾਈ ਹੁੰਦੇ ਹਨ। ਪਿੰਡ ਖੇਲਾ ਨਿਵਾਸੀਆਂ ਅਤੇ ਕਿਸਾਨ ਆਗੂਆਂ ਨੇ ਪਾਵਰਕਾਮ ਮੁਲਾਜ਼ਮ ਅੰਗਰੇਜ਼ ਸਿੰਘ ਅਤੇ ਪਟਵਾਰੀ ਜਗਮੀਤ ਸਿੰਘ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਮਹਿਕਮਿਆਂ ਦੇ ਮੁਲਾਜ਼ਮਾਂ ਤੇ ਕੰਮ ਲਈ ਜਿਥੇ ਅਕਸਰ ਕਥਿਤ ਰਿਸ਼ਵਤਖੋਰੀ ਦੇ ਇਲਜ਼ਾਮ ਲੱਗਦੇ ਉਥੇ ਇਨ੍ਹਾਂ ਮੁਲਾਜ਼ਮਾਂ ਕੀਤੇ ਕਾਰਜਾਂ ਸ਼ਲਾਘਾਯੋਗ ਹਨ। ਇਸ ਮੌਕੇ ਪਟਵਾਰੀ ਜਗਮੀਤ ਸਿੰਘ, ਅੰਗਰੇਜ਼ ਸਿੰਘ ਪਵਾਰ ਲਾਈਨਮੈਨ, ਬਾਪੂ ਬਲਬੀਰ ਸਿੰਘ ਖੇਲਾ ਡੇਰੇਵਾਲਾ, ਸਾਬਕਾ ਸਰਪੰਚ ਅਮਰਜੀਤ ਸਿੰਘ, ਮੈਂਬਰ ਅਜਮੇਰ ਸਿੰਘ ਖੇਲਾ, ਗੁਰਭੇਜ ਸਿੰਘ, ਧਰਮ ਸਿੰਘ, ਜਗੀਰ ਸਿੰਘ ਭੋਜੋਵਾਲੀ, ਕੀਰਤ ਸਿੰਘ ਕਲਸੀ, ਹਰਬੰਸ ਸਿੰਘ ਫੌਜੀ, ਬਚਿੱਤਰ ਸਿੰਘ ਛਾਪੜੀ ਸਾਹਿਬ, ਨਰਿੰਦਰ ਸਿੰਘ ਡੇਰੇਵਾਲਾ, ਜੋਗਾ ਸਿੰਘ ਖੇਲਾ, ਮਨਪ੍ਰੀਤ ਸਿੰਘ ਖਾਲਸਾ, ਬਲਦੇਵ ਸਿੰਘ ਖੇਲਾ, ਗੁਰਮੀਤ ਸਿੰਘ, ਸੁਖਜੀਤ ਸਿੰਘ ਖਾਲਸਾ ਆਦਿ ਹਾਜਰ ਸਨ।