ਆਮ ਲੋਕਾਂ ਨੂੰ ਲੁੱਟ ਕੇ ਕਾਰਪੋਰੇਟਾਂ ਦੇ ਘਰ ਭਰ ਰਹੀ ਹੈ ਮੋਦੀ ਸਰਕਾਰ - ਬਰਾੜ, ਸੋਹਲ
ਆਮ ਲੋਕਾਂ ਨੂੰ ਲੁੱਟ ਕੇ ਕਾਰਪੋਰੇਟਾਂ ਦੇ ਘਰ ਭਰ ਰਹੀ ਹੈ ਮੋਦੀ ਸਰਕਾਰ - ਬਰਾੜ, ਸੋਹਲ
Publish Date: Fri, 29 May 2026 05:13 PM (IST)
Updated Date: Fri, 29 May 2026 05:14 PM (IST)

- ਹਰ ਇਕ ਨੂੰ ਕੰਮ ਤੇ ਘੱਟੋਂ-ਘੱਟ ਉਜਰਤ 35 ਹਜ਼ਾਰ ਰੁਪਏ ਦਿੱਤੀ ਜਾਵੇ : ਮਾੜੀਮੇਘਾ, ਦਵਿੰਦਰ ਸੋਹਲ - ਮਹਿੰਗਾਈ ਨੇ ਲੋਕਾਂ ਦਾ ਜਿਊਣਾ ਦੁੱਬਰ ਕਰ ਦਿੱਤਾ ਹੈ : ਰਾਜਿੰਦਰਪਾਲ, ਗੁਰਦਿਆਲ - ਖੰਡ ਮਿੱਲ ਚਾਲੂ ਕੀਤੀ ਜਾਵੇ, ਤਾਂ ਕਿ ਮਜ਼ਦੂਰਾਂ, ਕਿਸਾਨਾਂ ਨੂੰ ਕੰਮ ਮਿਲੇ : ਵਲਟੋਹਾ, ਗੰਡੀਵਿੰਡ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਤਰਨਤਾਰਨ ਵੱਲੋਂ ਸਥਾਨਕ ਰਾਮਗੜ੍ਹੀਆ ਬੁੰਗਾ ਵਿਖੇ ਜ਼ਿਲ੍ਹਾ ਕਨਵੈਨਸ਼ਨ ਗੁਰਦਿਆਲ ਸਿੰਘ ਖਡੂਰ ਸਾਹਿਬ, ਕਿਰਨਜੀਤ ਕੌਰ ਤੇ ਬਲਕਾਰ ਸਿੰਘ ਵਲਟੋਹਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਤੋਂ ਬਾਅਦ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਬਜ਼ਾਰ ਵਿਚ ਰੋਸ ਮਾਰਚ ਕੱਢਿਆ ਗਿਆ। ਇਸ ਪ੍ਰੋਗਰਾਮ ਵਿਚ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਬੰਤ ਬਰਾੜ ਸੂਬਾਈ ਪ੍ਰਧਾਨ ਏਟਕ ਤੇ ਨਰਿੰਦਰ ਸੋਹਲ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਕਾਮਰੇਡ ਦਵਿੰਦਰ ਸੋਹਲ ਨੇ ਦੱਸਿਆ ਕਿ ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਡੀਜ਼ਲ, ਪੈਟਰੋਲ ਗੈਸ ਦੀਆਂ ਕੀਮਤਾਂ ਬਹੁਤ ਵਧਾਈਆਂ ਗਈਆਂ ਹਨ, ਜਿਸ ਨਾਲ ਲੋੜੀਂਦੀਆਂ ਸਭ ਵਸਤਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ। ਆਮ ਆਦਮੀ ਦਾ ਜਿਉਣਾ ਦੁੱਭਰ ਹੋ ਗਿਆ ਹੈ। ਜਿਸ ਤਰ੍ਹਾਂ ਹੁਣ ਕਾਰਪੋਰੇਟ ਘਰਾਣਿਆਂ ਦੀ ਲੁੱਟ ਘਸੁੱਟ ਬਹੁਤ ਤੇਜ਼ ਹੋ ਗਈ ਹੈ, ਅਜਿਹੇ ਸਮੇਂ ਸਮਾਜਵਾਦੀ ਰਾਜ ਪ੍ਰਬੰਧ ਹੀ ਮਿਹਨਤਕਸ਼ ਲੋਕਾਂ ਨੂੰ ਵਧੀਆ ਜੀਵਨ ਦੇ ਸਕਦਾ। ਉਨ੍ਹਾਂ ਨੇ ਸੱਦਾ ਦਿੱਤਾ ਕਿ ਪਾਰਟੀ ਨੂੰ ਤਕੜੀ ਕਰਦਿਆਂ ਇਨਕਲਾਬੀ ਲਹਿਰ ਨੂੰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਪਾਣੀਆਂ ’ਤੇ ਕੇਂਦਰ ਸਰਕਾਰ ਡਾਕਾ ਮਾਰ ਰਹੀ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤੀ ਗਈ। ਪੰਜਾਬੀ ਬੋਲੀ ਨਾਲ ਅਨਿਆ ਕੀਤਾ ਜਾ ਰਿਹਾ ਹੈ। ਇਸ ਕਰਕੇ ਲੋੜ ਕਿ ਪੰਜਾਬ ਦੇ ਲੋਕ ਮੋਦੀ ਸਰਕਾਰ ਵਿਰੁੱਧ ਡੱਟ ਕੇ ਖਲੋਣ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਆਗੂ ਕਾਮਰੇਡ ਨਰਿੰਦਰ ਕੌਰ ਸੋਹਲ ਨੇ ਕਿਹਾ ਅੱਜ ਅਤਿ ਦੀ ਮਹਿੰਗਾਈ ਔਰਤਾਂ ਨੂੰ ਰਸੋਈ ਚਲਾਉਣੀ ਔਖੀ ਹੋ ਗਈ ਹੈ। ਹਰ ਔਰਤ ਨੂੰ ਰੁਜ਼ਗਾਰ ਮਿਲਣਾ ਬਹੁਤ ਜ਼ਰੂਰੀ ਹੈ। ਸਾਡੇ ਸਮਾਜ ਦਾ ਅਸਲੀ ਧੁਰਾ ਔਰਤ ਹੀ ਹੈ। ਇਸ ਮੌਕੇ ਕਮਿਊਨਿਸਟ ਪਾਰਟੀ ਦੇ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਕਾਮਰੇਡ ਰਾਜਿੰਦਰਪਾਲ ਕੌਰ ਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਅੱਜ ਸਰਕਾਰਾਂ ਸਿਆਸੀ ਪਾਰਟੀਆਂ ਨਹੀਂ ਕਾਰਪੋਰੇਟ ਘਰਾਣੇ ਚਲਾ ਰਹੇ ਹਨ। ਜਿਸ ਨਾਲ ਪਾੜੋ ਤੇ ਰਾਜ ਕਰੋ ਦੀ ਨੀਤੀ ਹੋਰ ਤੇਜ਼ ਹੋ ਗਈ। ਲੋਕਾਂ ਨੂੰ ਧਰਮ ਤੇ ਜਾਤੀਆਂ ਦੇ ਨਾਂ ’ਤੇ ਲੜਾਇਆ ਜਾ ਰਿਹਾ ਹੈ। ਇਸ ਪ੍ਰਬੰਧ ਵਿਚ ਆਮ ਮਿਹਨਤਕਸ਼ ਜਨਤਾ ਦਾ ਲਹੂ ਨਿਚੋੜਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੀ ਗਰੰਟੀ ਹੋਵੇ ਅਤੇ ਘੱਟੋ ਘੱਟ ਉਜਰਤ 35 ਹਜ਼ਾਰ ਮਹੀਨਾ ਦਿੱਤੀ ਜਾਵੇ। ਅੱਜ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਬਲਕਾਰ ਸਿੰਘ ਵਲਟੋਹਾ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਮਤਾ ਪਾਸ ਕਰਵਾਇਆ ਕਿ ਪੰਜਾਬ ਸਰਕਾਰ ਸ਼ੇਰੋਂ ਖੰਡ ਮਿੱਲ ਵੇਚਣ ਦੀ ਬਜਾਏ ਮੁੜ ਚਾਲੂ ਕੀਤੀ ਜਾਵੇ, ਤਾਂ ਇਸ ਜ਼ਿਲ੍ਹੇ ਦੇ ਕਿਸਾਨਾਂ, ਮਜ਼ਦੂਰਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣ ਅਤੇ ਖੇਤੀ ਦੀ ਵੰਨ ਸੁਵੰਨਤਾ ਨੂੰ ਬੜਾਵਾ ਮਿਲ ਸਕੇ। ਇਸ ਕਨਵੈਨਸ਼ਨ ਵਿਚ ਆਏ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਅੱਜ ਲੋੜ ਹੈ ਕਿ ਕਮਿਊਨਿਸਟ ਮੁੜ ਲੋਕ ਸੰਘਰਸ਼ਾਂ ਦਾ ਪਿੜ ਮੱਲੀਏ। ਇਸ ਮੌਕੇ ਸੀਪੀਐੱਮ ਦੇ ਕਾਮਰੇਡ ਹੀਰਾ ਸਿੰਘ ਨੇ ਵੀ ਭਰਾਤਰੀ ਸੰਦੇਸ਼ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਰੇ ਬਲਾਕ ਸਕੱਤਰਾਂ ਕਾਮਰੇਡ ਬਲਵਿੰਦਰ ਸਿੰਘ ਦਦੇਹਰ, ਬਲਜੀਤ ਸਿੰਘ ਫ਼ਤਿਆਬਾਦ, ਮਨਜੀਤ ਸਿੰਘ ਢੰਡ, ਚਰਨ ਸਿੰਘ, ਕਾਰਜ ਸਿੰਘ ਕੈਰੋਂ ਦੇ ਇਲਾਵਾ ਇਸਤਰੀ ਸਭਾ ਦੀ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ, ਤਾਰਾ ਸਿੰਘ ਖਹਿਰਾ, ਜਸਬੀਰ ਸਿੰਘ ਜਿਉਣੇਕੇ, ਟਹਿਲ ਸਿੰਘ ਲੱਧੂ, ਸੀਮਾ ਸੋਹਲ, ਲਵਪ੍ਰੀਤ ਮਾੜੀਮੇਘਾ, ਬਲਵਿੰਦਰ ਸਿੰਘ ਮੂਸੇ, ਮੋਤਾ ਸਿੰਘ ਸੋਹਲ, ਰਛਪਾਲ ਸਿੰਘ ਬਾਠ, ਵਿਸ਼ਾਲ ਵਲਟੋਹਾ, ਹਰਬਿੰਦਰ ਸਿੰਘ ਕਸੇਲ ਨੇ ਵੀ ਆਪਣੇ ਵਿਚਾਰ ਰੱਖੇ।