ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਸੜਕਾਂ ’ਤੇ ਚਰਾਏ ਜਾਂਦੇ ਵੱਡੀ ਗਿਣਤੀ ਪਾਲਤੂ ਪਸ਼ੂ
ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਸੜਕਾਂ ’ਤੇ ਚਰਾਏ ਜਾਂਦੇ ਵੱਡੀ ਗਿਣਤੀ ਪਾਲਤੂ ਪਸ਼ੂ
Publish Date: Thu, 28 May 2026 04:30 PM (IST)
Updated Date: Thu, 28 May 2026 04:31 PM (IST)

ਸਰਬਜੀਤ ਸਿੰਘ ਛੀਨਾ •ਪੰਜਾਬੀ ਜਾਗਰਣ, ਖਾਲੜਾ ਪੰਜਾਬ ਵਿਚ ਗੁੱਜਰ ਭਾਈਚਾਰੇ ਵੱਲੋਂ ਝੁੰਡਾਂ ਵਿਚ ਆਪਣੇ ਪਸ਼ੂਆਂ ਨੂੰ ਸੜਕਾਂ ’ਤੇ ਚਰਾਉਣ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਖਾਲੜਾ-ਭਿੱਖੀਵਿੰਡ ਹਾਈਵੇਅ ’ਤੇ ਇਹ ਪਸ਼ੂ ਜਿਥੇ ਸੜਕ ਕਿਨਾਰੇ ਲੱਗੇ ਨਵੇਂ ਅਤੇ ਪੁਰਾਣੇ ਛਾਂਦਾਰ ਤੇ ਫ਼ਲਦਾਰ ਦਰੱਖਤਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ, ਉਥੇ ਹੀ ਰਾਹਗੀਰਾਂ ਨੂੰ ਵੀ ਟ੍ਰੈਫਿਕ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਗੱਲ ਇਹ ਵੀ ਹੈ ਕਿ ਵੱਡੀ ਗਿਣਤੀ ਪਸ਼ੂਆਂ ਨੂੰ ਚਰਾਉਣ ਵੇਲੇ ਇਕ ਜਾਂ ਦੋ ਪਸ਼ੂ ਪਾਲਕ ਹੀ ਨਾਲ ਹੁੰਦੇ ਹਨ, ਜਿਸ ਕਾਰਨ ਇਨ੍ਹਾਂ ਨੂੰ ਸੰਭਾਲਣਾ ਹੋਰ ਔਖਾ ਹੋ ਜਾਂਦਾ ਹੈ ਅਤੇ ਜੇਕਰ ਕਿਤੇ ਪਸ਼ੂ ਬੇਕਾਬੂ ਹੋ ਜਾਣ, ਤਾਂ ਵੱਡੇ ਪੱਧਰ ’ਤੇ ਮਨੁੱਖੀ ਨੁਕਸਾਨ ਹੋ ਸਕਦਾ ਹੈ। ਦਿਨੋਂ-ਦਿਨ ਗੰਭੀਰ ਬਣਦੀ ਇਸ ਸਮੱਸਿਆ ਸਬੰਧੀ ਸਮਾਜ ਚਿੰਤਕ ਰਾਜਬੀਰ ਸਿੰਘ ਗਿੱਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੜਕਾਂ ਉੱਤੇ ਪਸ਼ੂਆਂ ਦੇ ਝੁੰਡ ਹੋਣ ਕਾਰਨ ਟ੍ਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ ਅਤੇ ਸੜਕ ਹਾਦਸਿਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਇਸ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਹ ਪਸ਼ੂ ਸੜਕਾਂ ਨਾਲ ਲੱਗਦੀਆਂ ਖੇਤੀਬਾੜੀ ਵਾਲੀਆਂ ਜ਼ਮੀਨਾਂ ਅਤੇ ਫ਼ਸਲਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਮਾਰ ਝੱਲਣੀ ਪੈਂਦੀ ਹੈ। ਇਸ ਮੌਕੇ ਵਾਤਾਵਰਨ ਪ੍ਰੇਮੀ ਦਲਜੀਤ ਸਿੰਘ ਚਾਹਲ ਨੇ ਕੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਪਸ਼ੂ ਸੜਕਾਂ ਦੇ ਕਿਨਾਰਿਆਂ ’ਤੇ ਲੱਗੇ ਦਰੱਖਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਖ਼ਾਸ ਕਰਕੇ ਨਵੇਂ ਲਗਾਏ ਬੂਟਿਆਂ ਦੀਆਂ ਪੱਤੀਆਂ ਅਤੇ ਕੋਮਲ ਟਾਹਣੀਆਂ ਨੂੰ ਪਸ਼ੂ ਖਾ ਜਾਂਦੇ ਹਨ, ਜਿਸ ਨਾਲ ਬੂਟੇ ਸੁੱਕ ਜਾਂਦੇ ਹਨ ਜਾਂ ਉਨ੍ਹਾਂ ਦਾ ਵਾਧਾ ਰੁਕ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਪਸ਼ੂ ਦਰੱਖਤਾਂ ਦੇ ਤਣਿਆਂ ਨਾਲ ਰਗੜ ਖਾਂਦੇ ਹਨ ਜਾਂ ਸੱਕ ਉਤਾਰ ਦਿੰਦੇ ਹਨ, ਜਿਸ ਕਾਰਨ ਦਰੱਖ਼ਤ ਬਿਮਾਰ ਹੋ ਜਾਂਦੇ ਹਨ ਅਤੇ ਕਈ ਵਾਰ ਸੁੱਕ ਵੀ ਜਾਂਦੇ ਹਨ। ਇਸ ਨਾਲ ਸੜਕਾਂ ਦੇ ਕਿਨਾਰਿਆਂ ਦੀ ਹਰਿਆਲੀ ਘੱਟ ਰਹੀ ਹੈ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਉਕਤ ਦੋਵਾਂ ਸ਼ਖਸੀਅਤਾਂ ਨੇ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ।