ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਤਰਨਤਾਰਨ ’ਚ ਜਥੇਬੰਦਕ ਚੋਣਾਂ ਦਾ ਦੌਰ ਜਾਰੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜ਼ਿਲ੍ਹਾ ਤਰਨਤਾਰਨ ਵਿਚ ਜਥੇਬੰਦਕ ਚੋਣਾਂ ਦਾ ਦੌਰ ਜਾਰੀ ਕੀਤਾ
Publish Date: Thu, 28 May 2026 04:27 PM (IST)
Updated Date: Thu, 28 May 2026 04:28 PM (IST)

ਰਾਜਨ ਚੋਪੜਾ•ਪੰਜਾਬੀ ਜਾਗਰਣ, ਭਿੱਖੀਵਿੰਡ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਤਰਨਤਾਰਨ ਵਿਚ ਜਥੇਬੰਦਕ ਚੋਣਾਂ ਦਾ ਦੌਰ ਲਗਾਤਾਰ ਜਾਰੀ ਹੈ। ਇਸ ਤਹਿਤ ਜ਼ੋਨ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਅਤੇ ਜ਼ੋਨ ਭਿੱਖੀਵਿੰਡ ਵੱਲੋਂ ਪਿੰਡ ਪੱਧਰੀ ਚੋਣ ਪ੍ਰਕਿਰਿਆ ਪੂਰੀ ਕਰਨ ਉਪਰੰਤ ਅੱਜ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਅਸਥਾਨ ਗੁਰਦੁਆਰਾ ਪਹੂਵਿੰਡ ਸਾਹਿਬ ਵਿਖੇ ਜ਼ੋਨ ਡੈਲੀਗੇਟ ਇਜਲਾਸ ਕਰਵਾਇਆ ਗਿਆ। ਇਸ ਇਜਲਾਸ ਦੀ ਪ੍ਰਧਾਨਗੀ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਅਤੇ ਸੂਬਾ ਆਗੂ ਤੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਨੇ ਕੀਤੀ। ਇਸ ਦੌਰਾਨ ਭਿੱਖੀਵਿੰਡ ਜ਼ੋਨ ਦੀ ਕੋਰ ਕਮੇਟੀ ਦਾ ਪੁਨਰਗਠਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਆਗੂ ਜਰਨੈਲ ਸਿੰਘ ਨੂਰਦੀ, ਦਿਆਲ ਸਿੰਘ ਮੀਆਂਵਿੰਡ ਅਤੇ ਉਪਜੀਤ ਕੌਰ ਝਬਾਲ ਨੇ ਦੱਸਿਆ ਕਿ ਇਜਲਾਸ ਵਿਚ ਪਹੁੰਚੇ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਨਵੀਂ ਕੋਰ ਕਮੇਟੀ ਦੀ ਚੋਣ ਕੀਤੀ। ਇਸ ਦੌਰਾਨ ਦਿਲਬਾਗ ਸਿੰਘ ਪਹੂਵਿੰਡ ਨੂੰ ਪ੍ਰਧਾਨ, ਸੁਖਪਾਲ ਸਿੰਘ ਦੋਦੇ ਨੂੰ ਸੀਨੀਅਰ ਮੀਤ ਪ੍ਰਧਾਨ, ਨਿਸ਼ਾਨ ਸਿੰਘ ਮਾੜੀ ਮੇਘਾ ਨੂੰ ਜਨਰਲ ਸਕੱਤਰ, ਬਲਜੀਤ ਕੌਰ ਅਮੀਸ਼ਾਹ ਅਤੇ ਜਸਵਿੰਦਰ ਕੌਰ ਮਾੜੀ ਮੇਘਾ ਨੂੰ ਮੀਤ ਪ੍ਰਧਾਨ, ਪੂਰਨ ਸਿੰਘ ਮੱਦਰ ਨੂੰ ਖ਼ਜ਼ਾਨਚੀ, ਰਣਜੀਤ ਸਿੰਘ ਚੀਮਾ ਨੂੰ ਪ੍ਰੈਸ ਸਕੱਤਰ, ਅਜ਼ਮੇਰ ਸਿੰਘ ਅਮੀਸ਼ਾਹ ਅਤੇ ਸਤਨਾਮ ਸਿੰਘ ਮਨਿਹਾਲਾ ਨੂੰ ਸਹਾਇਕ ਖ਼ਜ਼ਾਨਚੀ, ਜਦਕਿ ਸੁੱਚਾ ਸਿੰਘ ਵੀਰਮ ਅਤੇ ਮਾਨ ਸਿੰਘ ਮਾੜੀ ਮੇਘਾ ਨੂੰ ਜਥੇਬੰਦਕ ਸਕੱਤਰ ਚੁਣਿਆ ਗਿਆ। ਇਜਲਾਸ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਮਾਣੋਚਾਹਲ ਅਤੇ ਹਰਜਿੰਦਰ ਸਿੰਘ ਸ਼ਕਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਆਰਥਿਕ ਅਤੇ ਵਿਦੇਸ਼ ਨੀਤੀਆਂ ਦਾ ਸਿੱਧਾ ਬੋਝ ਆਮ ਲੋਕਾਂ, ਕਿਸਾਨਾਂ ਅਤੇ ਮਜ਼ਦੂਰਾਂ ’ਤੇ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਨਾਲ ਖੇਤੀ ਲਾਗਤ, ਆਵਾਜਾਈ ਖਰਚੇ ਅਤੇ ਰੋਜ਼ਮਰਾ ਦੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ, ਜਦਕਿ ਕਿਸਾਨਾਂ ਨੂੰ ਫ਼ਸਲਾਂ ਦੇ ਵਾਜਬ ਭਾਅ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਮਨਰੇਗਾ ਸਕੀਮ ਨੂੰ ਕਮਜ਼ੋਰ ਕਰਨ, ਬਿਜਲੀ ਸੋਧ ਬਿੱਲ 2025, ਬੀਜ ਬਿੱਲ ਅਤੇ ਚਾਰ ਕਿਰਤ ਕੋਰਡਾਂ ਵਰਗੀਆਂ ਨੀਤੀਆਂ ਰਾਹੀਂ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਵਿਚ ਆਏ ਗੈਰ-ਕੁਦਰਤੀ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜ਼ਿਕਰ ਕਰਦਿਆਂ ਸਰਕਾਰ ਤੋਂ ਤੁਰੰਤ ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਦਿਲਬਾਗ ਸਿੰਘ ਪਹੂਵਿੰਡ ਅਤੇ ਰਣਜੀਤ ਸਿੰਘ ਚੀਮਾ ਨੇ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਸਰਕਾਰ ਤੋਂ ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ ਵਾਪਸ ਲੈਣ ਅਤੇ ਕਿਸਾਨਾਂ ਨੂੰ ਫ਼ਸਲਾਂ ਦੇ ਲਾਭਕਾਰੀ ਭਾਅ ਦੇਣ ਦੀ ਮੰਗ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਆਗੂ, ਮਜ਼ਦੂਰ ਆਗੂ ਅਤੇ ਬੀਬੀਆਂ ਹਾਜਰ ਸਨ।