ਨਗਰ ਕੌਂਸਲ ਚੋਣਾਂ ਦੇ ਨਤੀਜੇ ਤੈਅ ਕਰਨਗੇ ਪੱਟੀ ਦੀ ਸਿਆਸਤ ਦਾ ਭਵਿੱਖ
ਨਗਰ ਕੌਂਸਲ ਚੋਣਾਂ ਦੇ ਨਤੀਜੇ ਤੈਅ ਕਰਨਗੇ ਪੱਟੀ ਦੀ ਸਿਆਸਤ ਦਾ ਭਵਿੱਖ
Publish Date: Thu, 28 May 2026 04:21 PM (IST)
Updated Date: Thu, 28 May 2026 04:22 PM (IST)

ਬੱਲੂ ਮਹਿਤਾ •ਪੰਜਾਬੀ ਜਾਗਰਣ, ਪੱਟੀ ਨਗਰ ਕੌਂਸਲ ਪੱਟੀ ਦੀਆਂ 19 ਵਾਰਡਾਂ ਵਿਚ ਹੋਈਆਂ ਚੋਣਾਂ ਤੋਂ ਬਾਅਦ ਅੱਜ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਸ਼ਹਿਰ ਭਰ ਵਿਚ ਚੋਣ ਨਤੀਜਿਆਂ ਨੂੰ ਲੈ ਕੇ ਭਾਰੀ ਉਤਸੁਕਤਾ ਦਾ ਮਾਹੌਲ ਬਣਿਆ ਹੋਇਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਚੋਣ ਨਤੀਜਿਆਂ ਨੂੰ ਲੈ ਕੇ ਉਮੀਦਵਾਰਾਂ ਦੇ ਘਰਾਂ ਅਤੇ ਪਾਰਟੀ ਦਫ਼ਤਰਾਂ ਵਿਚ ਸਵੇਰੇ ਤੋਂ ਹੀ ਗਹਿਮਾ-ਗਹਿਮੀ ਦੇਖਣ ਨੂੰ ਮਿਲ ਰਹੀ ਹੈ। ਪੱਟੀ ਨਗਰ ਕੌਂਸਲ ਦੀਆਂ 19 ਵਾਰਡਾਂ ਵਿਚ ਇਸ ਵਾਰ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਵਿਚਾਲੇ ਸਖ਼ਤ ਟੱਕਰ ਰਹੀ। ਆਮ ਆਦਮੀ ਪਾਰਟੀ ਵੱਲੋਂ ਹਰ ਵਾਰਡ ਵਿਚ ਪੂਰੀ ਤਾਕਤ ਨਾਲ ਚੋਣ ਲੜੀ ਗਈ ਅਤੇ ਪਾਰਟੀ ਆਗੂਆਂ ਵੱਲੋਂ ਚੋਣ ਪ੍ਰਚਾਰ ਦੌਰਾਨ ਵੱਡੀਆਂ ਰੈਲੀਆਂ ਅਤੇ ਮੀਟਿੰਗਾਂ ਕੀਤੀਆਂ ਗਈਆਂ। ਆਪ ਉਮੀਦਵਾਰਾਂ ਨੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਨੂੰ ਚੋਣ ਮੁੱਦਾ ਬਣਾਇਆ। ਦੂਜੇ ਪਾਸੇ ਕਾਂਗਰਸ ਪਾਰਟੀ ਨੇ ਵੀ ਆਪਣੇ ਮਜ਼ਬੂਤ ਉਮੀਦਵਾਰ ਮੈਦਾਨ ਵਿਚ ਉਤਾਰੇ ਸਨ। ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂਆਂ ਵੱਲੋਂ ਚੋਣ ਪ੍ਰਚਾਰ ਕਰਕੇ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਾਂਗਰਸੀ ਉਮੀਦਵਾਰਾਂ ਨੇ ਸ਼ਹਿਰ ਦੇ ਵਿਕਾਸ, ਸਫ਼ਾਈ ਅਤੇ ਮੁੱਢਲੀਆਂ ਸਹੂਲਤਾਂ ਦੇ ਮੁੱਦਿਆਂ ਨੂੰ ਲੋਕਾਂ ਅੱਗੇ ਰੱਖਿਆ। ਇਸ ਤੋਂ ਇਲਾਵਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਧੜ੍ਹੇ ਨਾਲ ਸਬੰਧਤ ਉਮੀਦਵਾਰ ਵੀ ਇਸ ਵਾਰ ਕਾਫ਼ੀ ਸਰਗਰਮ ਰਹੇ। ਕਈ ਵਾਰਡਾਂ ਵਿਚ ਇਨ੍ਹਾਂ ਉਮੀਦਵਾਰਾਂ ਨੇ ਸਿਆਸੀ ਸਮੀਕਰਨ ਬਦਲਣ ਦੀ ਕੋਸ਼ਿਸ਼ ਕੀਤੀ ਅਤੇ ਚੋਣ ਮੈਦਾਨ ਨੂੰ ਰੌਚਕ ਬਣਾਇਆ। ਚੋਣ ਪ੍ਰਚਾਰ ਦੌਰਾਨ ਕਈ ਥਾਵਾਂ ’ਤੇ ਤਿਕੋਣੇ ਅਤੇ ਚੌਰੰਗੇ ਮੁਕਾਬਲੇ ਵੀ ਦੇਖਣ ਨੂੰ ਮਿਲੇ। ਚੋਣਾਂ ਦੌਰਾਨ ਕੁਲ 17 ਹਜ਼ਾਰ 679 ਵੋਟਾਂ ਪੋਲ ਹੋਈਆਂ। ਅੰਕੜਿਆਂ ਮੁਤਾਬਿਕ ਮਰਦ ਵੋਟਰਾਂ ਦੀ ਵੋਟਿੰਗ ਫੀਸਦੀ 59.90 ਰਹੀ, ਜਦਕਿ ਔਰਤਾਂ ਦੀ ਵੋਟਿੰਗ 59.20 ਫੀਸਦੀ ਦਰਜ ਕੀਤੀ ਗਈ। ਵੋਟਿੰਗ ਦੌਰਾਨ ਮਹਿਲਾਵਾਂ, ਨੌਜਵਾਨਾਂ ਅਤੇ ਬਜ਼ੁਰਗਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਚੋਣ ਨਤੀਜਿਆਂ ਤੋਂ ਪਹਿਲਾਂ ਸ਼ਹਿਰ ਵਿਚ ਚਾਹ ਦੀਆਂ ਦੁਕਾਨਾਂ, ਬਾਜ਼ਾਰਾਂ ਅਤੇ ਸਿਆਸੀ ਗਲਿਆਰਿਆਂ ਵਿਚ ਚਰਚਾਵਾਂ ਦਾ ਦੌਰ ਜਾਰੀ ਹੈ। ਸਮਰਥਕ ਆਪਣੇ ਉਮੀਦਵਾਰਾਂ ਦੀ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਉਤਸ਼ਾਹਿਤ ਨਜ਼ਰ ਆ ਰਹੇ ਹਨ। ਕਈ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਨਤੀਜਿਆਂ ਤੋਂ ਪਹਿਲਾਂ ਹੀ ਜਸ਼ਨ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਪ੍ਰਸ਼ਾਸਨ ਵੱਲੋਂ ਗਿਣਤੀ ਕੇਂਦਰਾਂ ’ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਗਿਣਤੀ ਦੌਰਾਨ ਅਮਨ-ਸ਼ਾਂਤੀ ਬਣੀ ਰਹੇ। ਅੱਜ ਆਉਣ ਵਾਲੇ ਨਤੀਜੇ ਇਹ ਤੈਅ ਕਰਨਗੇ ਕਿ ਪੱਟੀ ਨਗਰ ਕੌਂਸਲ ’ਤੇ ਕਿਸ ਪਾਰਟੀ ਦਾ ਕਬਜ਼ਾ ਹੋਵੇਗਾ ਅਤੇ ਸ਼ਹਿਰ ਦੀ ਸਿਆਸਤ ਕਿਸ ਪਾਸੇ ਮੋੜ ਲਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ’ਤੇ ਲੋਕਾਂ ਨੇ ਮੋਹਰ ਲਗਾਈ : ਵਿਨੋਦ ਖੰਨਾ ਆਪ ਦੇ ਬਲਾਕ ਪ੍ਰਧਾਨ ਵਿਨੋਦ ਕੁਮਾਰ ਖੰਨਾ ਦਾ ਕਹਿਣਾ ਹੈ ਕਿ ਪੱਟੀ ਨਗਰ ਕੌਂਸਲ ਚੋਣਾਂ ਵਿਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਭਰਪੂਰ ਸਮਰਥਨ ਦਿੱਤਾ ਹੈ। ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਤੇ ਲੋਕਾਂ ਨੇ ਮੋਹਰ ਲਗਾਈ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਪੱਟੀ ਵਿਚ ਆਪ ਦੇ ਉਮੀਦਵਾਰ ਵੱਡੀ ਜਿੱਤ ਦਰਜ ਕਰਨਗੇ। ਕੈਰੋਂ ਪਰਿਵਾਰ ਨੇ ਹਮੇਸ਼ਾ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦਿੱਤੀ : ਗੁਰਚਰਨ ਚੰਨ ਕੈਰੋਂ ਗਰੁੱਪ ਦੇ ਆਗੂ ਗੁਰਚਰਨ ਸਿੰਘ ਚੰਨ ਪ੍ਰਧਾਨ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਲੋਕਾਂ ਵੱਲੋਂ ਕੈਰੋਂ ਗਰੁੱਪ ਦੇ ਉਮੀਦਵਾਰਾਂ ਨੂੰ ਚੰਗਾ ਸਹਿਯੋਗ ਮਿਲਿਆ ਹੈ। ਅਸੀਂ ਹਮੇਸ਼ਾ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦਿੱਤੀ ਹੈ ਅਤੇ ਵੋਟਰਾਂ ਨੇ ਇਸ ਗੱਲ ਨੂੰ ਸਮਝਿਆ ਹੈ। ਨਤੀਜੇ ਆਉਣ ਤੋਂ ਬਾਅਦ ਕਈ ਵਾਰਡਾਂ ਵਿਚ ਸਾਡੇ ਉਮੀਦਵਾਰ ਮਜ਼ਬੂਤ ਸਥਿਤੀ ਵਿਚ ਨਜ਼ਰ ਆਉਣਗੇ। ਲੋਕਾਂ ਵੱਲੋਂ ਕਾਂਗਰਸ ਨੂੰ ਭਰਪੂਰ ਪਿਆਰ ਤੇ ਸਮਰਥਨ ਮਿਲਿਆ : ਵਿਜੇ ਸ਼ਰਮਾ ਵਿਜੇ ਸ਼ਰਮਾ ਸ਼ਹਿਰੀ ਪ੍ਰਧਾਨ ਕਾਂਗਰਸ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੱਟੀ ਵਿਚ ਵਿਕਾਸ ਅਤੇ ਲੋਕ ਹਿੱਤ ਦੇ ਮੁੱਦਿਆਂ ’ਤੇ ਚੋਣ ਲੜੀ ਹੈ। ਲੋਕਾਂ ਵੱਲੋਂ ਸਾਨੂੰ ਭਰਪੂਰ ਪਿਆਰ ਅਤੇ ਸਮਰਥਨ ਮਿਲਿਆ ਹੈ। ਕਾਂਗਰਸ ਦੇ ਉਮੀਦਵਾਰ ਕਈ ਵਾਰਡਾਂ ਵਿਚ ਮਜ਼ਬੂਤੀ ਨਾਲ ਉਭਰੇ ਹਨ ਅਤੇ ਸਾਨੂੰ ਉਮੀਦ ਹੈ ਕਿ ਨਤੀਜੇ ਸਾਡੇ ਹੱਕ ਵਿਚ ਰਹਿਣਗੇ। ਚੋਣਾਂ ਦੌਰਾਨ ਲੋਕਾਂ ’ਚ ਬਦਲਾਅ ਦਾ ਮਾਹੌਲ ਸਾਫ਼ ਨਜ਼ਰ ਆਇਆ : ਹਰਮਨ ਸੇਖੋਂ ਹਰਮਨ ਸੇਖੋਂ, ਸਕੱਤਰ ਯੂਥ ਕਾਂਗਰਸ ਪੰਜਾਬ ਨੇ ਆਖਿਆ ਕਿ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਨੇ ਕਾਂਗਰਸ ਪਾਰਟੀ ਨੂੰ ਵੱਡਾ ਸਮਰਥਨ ਦਿੱਤਾ ਹੈ। ਚੋਣਾਂ ਦੌਰਾਨ ਲੋਕਾਂ ਵਿਚ ਬਦਲਾਅ ਦਾ ਮਾਹੌਲ ਸਾਫ਼ ਨਜ਼ਰ ਆਇਆ। ਕਾਂਗਰਸ ਦੇ ਉਮੀਦਵਾਰਾਂ ਨੇ ਲੋਕਾਂ ਦੇ ਮੁੱਦਿਆਂ ਨੂੰ ਘਰ-ਘਰ ਤਕ ਪਹੁੰਚਾਇਆ ਅਤੇ ਇਸ ਦਾ ਲਾਭ ਨਤੀਜਿਆਂ ਵਿਚ ਜ਼ਰੂਰ ਮਿਲੇਗਾ। ਚੋਣ ਨਤੀਜਿਆਂ ’ਚ ਚੰਗਾ ਪ੍ਰਭਾਵ ਦੇਖਣ ਨੂੰ ਮਿਲੇਗਾ : ਰਾਜਿੰਦਰ ਸੋਨਾ ਭਾਜਪਾ ਦੇ ਯੁਵਾ ਆਗੂ ਰਾਜਿੰਦਰ ਸੋਨਾ ਨੇ ਕਿਹਾ ਕਿ ਭਾਜਪਾ ਇਕੱਲੀ ਪਹਿਲੀ ਵਾਰ ਚੋਣ ਮੈਦਾਨ ’ਚ ਉਤਰੀ ਹੈ। ਭਾਜਪਾ ਨੇ ਪੱਟੀ ਵਿਚ ਸਾਫ਼ ਸੁਥਰੀ ਅਤੇ ਵਿਕਾਸ ਮੁਖੀ ਰਾਜਨੀਤੀ ਨੂੰ ਲੈ ਕੇ ਚੋਣ ਲੜੀ ਹੈ। ਸਾਨੂੰ ਸ਼ਹਿਰ ਦੇ ਲੋਕਾਂ ਅਤੇ ਨੌਜਵਾਨਾਂ ਵੱਲੋਂ ਚੰਗਾ ਸਹਿਯੋਗ ਮਿਲਿਆ ਹੈ। ਭਾਜਪਾ ਉਮੀਦਵਾਰਾਂ ਨੇ ਪੂਰੀ ਮਿਹਨਤ ਨਾਲ ਚੋਣ ਪ੍ਰਚਾਰ ਕੀਤਾ ਅਤੇ ਨਤੀਜਿਆਂ ਵਿਚ ਇਸ ਦਾ ਚੰਗਾ ਪ੍ਰਭਾਵ ਦੇਖਣ ਨੂੰ ਮਿਲੇਗਾ। ਆਮ ਆਦਮੀ ਪਾਰਟੀ ਦੇ ਇਹ ਉਮੀਦਵਾਰ ਲੜ ਰਹੇ ਹਨ ਚੋਣ ਵਾਰਡ 1- ਕੁਲਵਿੰਦਰ ਕੌਰ। ਵਾਰਡ 2- ਸੂਰਜ ਕੁਮਾਰ। ਵਾਰਡ 3- ਤਾਨੀਆ। ਵਾਰਡ 4- ਹਰਪ੍ਰੀਤ ਸਿੰਘ। ਵਾਰਡ 5- ਮਲਕੀਤ ਕੌਰ। ਵਾਰਡ 6- ਐਡਵੋਕੇਟ ਰਾਜਨਪ੍ਰੀਤ ਸਿੰਘ ਸੱਗੂ। ਵਾਰਡ 7- ਧਰਮਜੀਤ ਕੌਰ। ਵਾਰਡ 8- ਸੁਖਨਿੰਦਰ ਸਿੰਘ ਸੇਖੋਂ। ਵਾਰਡ 9- ਰਜਵੰਤ ਕੌਰ। ਵਾਰਡ 10- ਅੰਕੁਸ਼ ਜੈਨ। ਵਾਰਡ 11- ਕਵਿਤਾ ਅਰੋੜਾ। ਵਾਰਡ 12- ਸੁਰਜੀਤ ਸਿੰਘ। ਵਾਰਡ 13- ਨਿਰਮਲ ਕੌਰ। ਵਾਰਡ 14- ਫੂਲਾ ਸਿੰਘ। ਵਾਰਡ 15- ਹਰਮੀਤ ਕੌਰ। ਵਾਰਡ 16- ਮਲਕੀਤ ਸਿੰਘ ਮੱਲੂ। ਵਾਰਡ 17- ਐਡਵੋਕੇਟ ਮਨਦੀਪ ਸਿੰਘ ਭੁੱਲਰ। ਵਾਰਡ 18- ਵਰੁਣ ਕੁਮਾਰ। ਵਾਰਡ 19- ਕੁਲਵੰਤ ਕੌਰ। ਭਾਜਪਾ ਉਮੀਦਵਾਰਾਂ ਨੇ ਇਨ੍ਹਾਂ ਵਾਰਡਾਂ ’ਚ ਸੰਭਾਲਿਆ ਮੋਰਚਾ ਵਾਰਡ 1- ਸ਼ਰਨੀਤ ਕੌਰ। ਵਾਰਡ 2- ਸੁਰਿੰਦਰ ਸਿੰਘ। ਵਾਰਡ 3- ਸੁਮਨ ਬਾਲਾ। ਵਾਰਡ 4- ਧੀਰਜ ਕੁਮਾਰ। ਵਾਰਡ 7- ਕਿਰਨਜੀਤ ਕੌਰ। ਵਾਰਡ 8- ਜੰਗਾ ਸਿੰਘ। ਵਾਰਡ 10- ਰਾਜਿੰਦਰ ਕਮਾਰ। ਵਾਰਡ 11- ਚਾਂਦਨੀ। ਵਾਰਡ 14- ਸੁਖਦੇਵ ਸਿੰਘ। ਵਾਰਡ 17- ਗੁਰਲਾਲ ਸਿੰਘ। ਵਾਰਡ 18- ਸ਼ਮਸ਼ੇਰ ਸਿੰਘ। ਵਾਰਡ 19- ਸਵਰਨ ਕੌਰ। ਸ਼ਹਿਰ ਦੀਆਂ 19 ਵਾਰਡਾਂ ’ਚ ਡਟੇ ਕਾਂਗਰਸ ਦੇ ਉਮੀਦਵਾਰ ਵਾਰਡ 1- ਲਵਪ੍ਰੀਤ ਕੌਰ। ਵਾਰਡ 2- ਪਿਰਥਾ ਸਿੰਘ। ਵਾਰਡ 3- ਅਮਨਦੀਪ ਕੌਰ। ਵਾਰਡ 4- ਕੁਲਵਿੰਦਰ ਸਿੰਘ ਬੱਬਾ। ਵਾਰਡ 5- ਰਮਾ ਰਾਣੀ। ਵਾਰਡ 6- ਬਲਦੇਵ ਸਿੰਘ. ਵਾਰਡ 7- ਕੁਲਵੰਤ ਕੌਰ। ਵਾਰਡ 8- ਦਲਬੀਰ ਸਿੰਘ ਸੇਖੋਂ। ਵਾਰਡ 9- ਕੁਲਦੀਪ ਕੌਰ ਜੰਡਾ। ਵਾਰਡ 10- ਕੋਮਲ ਜੈਨ। ਵਾਰਡ 11- ਸੁਨੀਤਾ ਰਾਣੀ। ਵਾਰਡ 12- ਸਰਬਜੀਤ ਨੰਦਪੁਰੀਆ। ਵਾਰਡ 13- ਬਲਬੀਰ ਕੌਰ। ਵਾਰਡ 14- ਗੁਰਪ੍ਰੀਤ ਸਿੰਘ। ਵਾਰਡ 15- ਰਮਨ। ਵਾਰਡ 16- ਜਗਮੀਤ ਸਿੰਘ। ਵਾਰਡ 17- ਕਰਨਬੀਰ ਸਿੰਘ ਧਾਰੀਵਾਲ। ਵਾਰਡ 18- ਨਿਸ਼ਾਨ ਸਿੰਘ ਬੁੱਟਰ। ਵਾਰਡ 19- ਮਨਜਿੰਦਰ ਕੌਰ। ਇਨ੍ਹਾਂ ਵਾਰਡਾਂ ’ਚ ਆਜ਼ਾਦ ਉਮੀਦਵਾਰ ਅਜ਼ਮਾ ਰਹੇ ਹਨ ਕਿਸਮਤ ਵਾਰਡ 1-ਪੂਜਾ ਰਾਣੀ ਤੇ ਕਰਮਜੀਤ ਕੌਰ। ਵਾਰਡ 2- ਹੰਸ ਰਾਜ, ਧਰਵਿੰਦਰ ਸਿੰਘ। ਵਾਰਡ 3- ਨਵਨੀਤ ਕੌਰ, ਪਰਮਜੀਤ ਕੌਰ। ਵਾਰਡ 4- ਸੁਨੀਲ ਕੁਮਾਰ ਲਵਲੀ ਅਰੋੜਾ, ਧਰਮਵੀਰ ਸਿੰਘ ਧਨੋਆ। ਵਾਰਡ 5- ਆਸ਼ਾ ਰਾਣੀ, ਬਲਜੀਤ ਕੌਰ. ਵਾਰਡ 6- ਬਿਕਰਮਜੀਤ ਸਿੰਘ ਸੋਹਲ। ਵਾਰਡ 7- ਸਾਈਨਾ ਸ਼ਰਮਾ। ਵਾਰਡ 8- ਬਲਵੰਤ ਸਿੰਘ। ਵਾਰਡ 9- ਸੀਮਾ ਰਾਣੀ। ਵਾਰਡ 12- ਦਰਸ਼ਨ ਸਿੰਘ। ਵਾਰਡ 14- ਜਸਬੀਰ ਸਿੰਘ, ਨਿਰਮਲ ਸਿੰਘ ਅਤੇ ਤੀਰਥ ਸਿੰਘ। ਵਾਰਡ 15- ਕੁਲਦੀਪ ਕੌਰ। ਵਾਰਡ 16- ਬਲਵਿੰਦਰ ਸਿੰਘ, ਜਗਦੀਪ ਸਿੰਘ। ਵਾਰਡ 17- ਜੋਧਬੀਰ ਸਿੰਘ। ਵਾਰਡ 18- ਗੁਰਦੇਵ ਸਿੰਘ ਸੋਨੂੰ ਚੀਮਾ। ਵਾਰਡ 19- ਮਲਕੀਤ ਕੌਰ।