ਹਲਕਾ ਖਡੂਰ ਸਾਹਿਬ ਦੇ ਲੋਕ ਇਸ ਵਾਰ ਪੜ੍ਹੇ-ਲਿਖੇ ਆਗੂ ਨੂੰ ਅੱਗੇ ਲਿਆਉਣ ਲਈ ਉਤਸੁਕ : ਪ੍ਰੋਫੈਸਰ ਹਰਪ੍ਰੀਤ ਸਿੰਘ
ਹਲਕਾ ਖਡੂਰ ਸਾਹਿਬ ਦੇ ਲੋਕ ਇਸ ਵਾਰ ਪੜ੍ਹੇ-ਲਿਖੇ ਆਗੂ ਨੂੰ ਅੱਗੇ ਲਿਆਉਣ ਲਈ ਉਤਸੁਕ : ਪ੍ਰੋਫੈਸਰ ਹਰਪ੍ਰੀਤ ਸਿੰਘ
Publish Date: Thu, 28 May 2026 04:10 PM (IST)
Updated Date: Thu, 28 May 2026 04:13 PM (IST)

ਗੁਰਬਰਿੰਦਰ ਸਿੰਘ• ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਇਸ ਵਾਰ ਹਲਕਾ ਖਡੂਰ ਸਾਹਿਬ ਦੇ ਲੋਕ ਚੰਗੇ ਅਕਸ਼ ਵਾਲੇ, ਇਮਾਨਦਾਰ ਅਤੇ ਪੜ੍ਹੇ-ਲਿਖੇ ਵਿਅਕਤੀ ਨੂੰ ਅੱਗੇ ਲਿਆਉਣ ਲਈ ਉਤਸੁਕ ਹਨ। ਲੋਕ ਇਸ ਵਾਰ ਹਲਕੇ ਦੀ ਵਾਗਡੋਰ ਸੱਚੇ-ਸੁੱਚੇ ਅਤੇ ਯੋਗ ਆਗੂ ਦੇ ਹੱਥਾਂ ਵਿਚ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਹਰਪ੍ਰੀਤ ਸਿੰਘ ਕੋਟ ਮੁਹੰਮਦ ਖਾਂ ਨੇ ਪਿੰਡ ਰਾਹਲ ਚਾਹਲ ਵਿਖੇ ਸਾਥੀਆਂ ਨਾਲ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਤਿਵੇਂ-ਤਿਵੇਂ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਗਤੀਵਿਧੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਚ ਵੀ ਵੱਖ-ਵੱਖ ਪਾਰਟੀਆਂ ਵੱਲੋਂ ਲੋਕਾਂ ਨਾਲ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਪ੍ਰੋਫੈਸਰ ਹਰਪ੍ਰੀਤ ਸਿੰਘ ਕੋਟ ਮੁਹੰਮਦ ਖਾਂ ਵੱਲੋਂ ਵੀ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਪਿੰਡ ਰਾਹਲ ਚਾਹਲ ਵਿਖੇ ਅੰਮ੍ਰਿਤ ਸਿੰਘ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਦੌਰਾਨ ਪ੍ਰੋਫੈਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਖੇਤਰ ਵਿਚ ਸੁਧਾਰ ਕਰਨ ਦੇ ਨਾਲ-ਨਾਲ ਸਰਕਾਰ ਵੱਲੋਂ ਨਹਿਰਾਂ ਪੱਕੀਆਂ ਕਰਵਾ ਕੇ ਟੇਲਾਂ ਤਕ ਪਾਣੀ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਰਸੋਈ ਸਕੀਮ ਰਾਹੀਂ ਗਰੀਬ ਪਰਿਵਾਰਾਂ ਤਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਲਕਾ ਖਡੂਰ ਸਾਹਿਬ ਵਿਚ ਆਮ ਆਦਮੀ ਪਾਰਟੀ ਦੇ ਕਾਫ਼ਲੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰੋਫੈਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਰਟੀ ਦਾ ਉਦੇਸ਼ ਸਰਕਾਰ ਦੇ ਕੀਤੇ ਵਿਕਾਸ ਕਾਰਜਾਂ ਨੂੰ ਘਰ-ਘਰ ਤਕ ਪਹੁੰਚਾਉਣਾ ਹੈ। ਇਸ ਮੌਕੇ ਕਪਤਾਨ ਸਿੰਘ, ਸੁਰਜੀਤ ਸਿੰਘ, ਤਾਰ ਸਿੰਘ, ਲੱਖਾ ਸਿੰਘ, ਸਹਿਜਪਾਲ ਸਿੰਘ, ਜਗਜੀਤ ਸਿੰਘ, ਦਲਜੀਤ ਸਿੰਘ, ਆਕਾਸ਼ਦੀਪ ਸਿੰਘ, ਡਾ. ਜਸਪਾਲ ਸਿੰਘ, ਅਜੀਤ ਸਿੰਘ, ਹਰਪ੍ਰੀਤ ਸਿੰਘ ਸ਼ੇਰਾ, ਬਲਜੀਤ ਸਿੰਘ ਅਤੇ ਹੋਰ ਸਾਥੀ ਹਾਜ਼ਰ ਸਨ।