ਪੱਟੀ ਨਗਰ ਕੌਂਸਲ ਚੋਣਾਂ ‘ਚ ਦਿਲਚਸਪ ਬਣੀ ਸਥਿਤੀ

ਪਹਿਲੀ ਵਾਰ ਨਗਰ ਕੌਂਸਲ ਪੱਟੀ ਦੀਆਂ ਚੋਣਾਂ ਵਿਚ ਚੁੰਨੀ-ਚੜਾਵਾਂ ਦੀ ਰਸਮ ਹੋਈ ਖ਼ਤਮ
ਨਾ ਚਾਹੁੰਦੇ ਹੋਏ ਵੀ ਕਈਆਂ ਨੂੰ ਲੜਨੀ ਪੈ ਰਹੀ ਹੈ ਚੋਣ
25 ਸਾਲਾਂ ਬਾਅਦ ਪਹਿਲੀ ਵਾਰ ਸ਼ਹਿਰ ਦੀਆਂ ਸਾਰੀਆਂ ਵਾਰਡਾਂ ’ਚ ਹੋ ਰਹੀ ਹੈ ਸਿੱਧੀ ਟੱਕਰ
ਬੱਲੂ ਮਹਿਤਾ•, ਪੰਜਾਬੀ ਜਾਗਰਣ,
ਪੱਟੀ : ਪੱਟੀ ਨਗਰ ਕੌਂਸਲ ਚੋਣਾਂ ਇਸ ਵਾਰ ਬਹੁਤ ਹੀ ਦਿਲਚਸਪ ਅਤੇ ਰੌਚਕ ਮੋੜ ’ਤੇ ਪਹੁੰਚ ਚੁੱਕੀਆਂ ਹਨ। ਸ਼ਹਿਰ ਦੀਆਂ ਸਾਰੀਆਂ 19 ਵਾਰਡਾਂ ਵਿਚ ਚੋਣ ਹੋਣ ਕਾਰਨ ਰਾਜਨੀਤਿਕ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। 25 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਸ਼ਹਿਰ ਦੀ ਹਰ ਵਾਰਡ ਵਿਚ ਸਿੱਧਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਅਕਸਰ ਸਰਕਾਰਾਂ ਜਾਂ ਪ੍ਰਭਾਵਸ਼ਾਲੀ ਧੜੇ ਆਪਣੇ ਕਈ ਉਮੀਦਵਾਰਾਂ ਨੂੰ ਬਿਨਾਂ ਚੋਣ ਲੜੇ ਹੀ ਜਿਤਾ ਦਿੰਦੇ ਸਨ, ਪਰ ਇਸ ਵਾਰ ਨਾਮਜ਼ਦਗੀਆਂ ਰੱਦ ਨਾ ਹੋਣ ਅਤੇ ਹਰ ਪਾਰਟੀ ਵੱਲੋਂ ਪੂਰੀ ਤਾਕਤ ਨਾਲ ਮੈਦਾਨ ਵਿਚ ਉਤਰਣ ਕਾਰਨ ਹਾਲਾਤ ਪੂਰੀ ਤਰ੍ਹਾਂ ਬਦਲੇ ਹੋਏ ਹਨ।
ਇਸ ਵਾਰ ਦੀ ਚੋਣ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਈ ਉਮੀਦਵਾਰ ਅਜਿਹੇ ਹਨ ਜੋ ਸ਼ੁਰੂ ਵਿਚ ਚੋਣ ਲੜਨ ਦੇ ਹੱਕ ’ਚ ਨਹੀਂ ਸਨ, ਪਰ ਰਾਜਨੀਤਿਕ ਅਤੇ ਸਮਾਜਿਕ ਦਬਾਅ ਕਾਰਨ ਉਨ੍ਹਾਂ ਨੂੰ ਮੈਦਾਨ ਵਿਚ ਉਤਰਨਾ ਪਿਆ। ਕਈ ਵਾਰਡਾਂ ਵਿਚ ਪਰਿਵਾਰਿਕ ਅਤੇ ਧੜੇਬੰਦੀ ਦੀ ਰਾਜਨੀਤੀ ਵੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਲੋਕਾਂ ਵਿਚ ਚਰਚਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ, ਹਰ ਪਾਰਟੀ ਇਸ ਨਗਰ ਕੌਂਸਲ ਚੋਣ ਨੂੰ ਆਪਣੀ ਸਿਆਸੀ ਤਾਕਤ ਦੇ ਟੈਸਟ ਵਜੋਂ ਦੇਖ ਰਹੀ ਹੈ।
ਕਰੀਬ ਛੇ ਮਹੀਨੇ ਬਾਅਦ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਕਰਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਹੁਣ ਤੋਂ ਹੀ ਲੋਕਾਂ ਵਿਚ ਆਪਣਾ ਅਧਾਰ ਮਜ਼ਬੂਤ ਕਰਨ ਲਈ ਸਰਗਰਮ ਹੋ ਚੁੱਕੀਆਂ ਹਨ। ਹਰ ਪਾਰਟੀ ਆਪਣੇ ਵੋਟਰਾਂ ਤਕ ਪਹੁੰਚ ਬਣਾਉਣ ਅਤੇ ਲੋਕਾਂ ਦਾ ਭਰੋਸਾ ਜਿੱਤਣ ਲਈ ਘਰ-ਘਰ ਜਾ ਰਹੀ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਰੋਜ਼ਾਨਾ ਚੋਣ ਮੀਟਿੰਗਾਂ, ਡੋਰ ਟੂ ਡੋਰ ਪ੍ਰਚਾਰ ਅਤੇ ਰੋਡ ਸ਼ੋਅ ਕੀਤੇ ਜਾ ਰਹੇ ਹਨ।
ਆਮ ਆਦਮੀ ਪਾਰਟੀ ਵੱਲੋਂ ਬੀਬਾ ਸੁਰਿੰਦਰਪਾਲ ਕੌਰ ਭੁੱਲਰ ਪੂਰੀ ਤਰ੍ਹਾਂ ਚੋਣ ਮੈਦਾਨ ਵਿਚ ਉਨ੍ਹਾਂ ਦੀਆਂ ਟੀਮਾਂ ਡੱਟੀਆਂ ਹੋਈਆਂ ਹਨ। ਉਹ ਵੱਖ-ਵੱਖ ਵਾਰਡਾਂ ਵਿਚ ਜਾ ਕੇ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦੇ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਦਾਅਵਾ ਹੈ ਕਿ ਲੋਕ ਇਸ ਵਾਰ ਵੀ ਪਾਰਟੀ ਦੀਆਂ ਲੋਕ ਭਲਾਈ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਜਿਤਾਉਣਗੇ।
ਦੂਜੇ ਪਾਸੇ ਪੱਟੀ ਦੀ ਰਾਜਨੀਤੀ ਵਿਚ ਆਪਣਾ ਵੱਖਰਾ ਪ੍ਰਭਾਵ ਰੱਖਣ ਵਾਲਾ ਕੈਰੋਂ ਪਰਿਵਾਰ ਵੀ ਇਸ ਵਾਰ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ। ਕੈਰੋਂ ਪਰਿਵਾਰ ਵੱਲੋਂ ਕਈ ਵਾਰਡਾਂ ਵਿਚ ਆਪਣੇ ਸਮਰਥਕ ਅਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਹਨ। ਹਾਲਾਂਕਿ ਕੁਝ ਵਾਰਡਾਂ ਵਿਚ ਕੈਰੋਂ ਧੜੇ ਨਾਲ ਸਬੰਧਤ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਜਾਣ ਕਾਰਨ, ਉਨ੍ਹਾਂ ਨੂੰ ਝਟਕਾ ਵੀ ਲੱਗਿਆ ਹੈ, ਪਰ ਇਸਦੇ ਬਾਵਜੂਦ ਕੈਰੋਂ ਪਰਿਵਾਰ ਦੇ ਆਗੂ ਅਤੇ ਸਮਰਥਕ ਲਗਾਤਾਰ ਪ੍ਰਚਾਰ ਵਿਚ ਜੁਟੇ ਹੋਏ ਹਨ।
ਬੀਬਾ ਪ੍ਰਨੀਤ ਕੌਰ ਕੈਰੋਂ ਅਤੇ ਹੋਰ ਆਗੂਆਂ ਵੱਲੋਂ ਆਜ਼ਾਦ ਉਮੀਦਵਾਰਾਂ ਦੇ ਹੱਕ ਵਿਚ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਵੀ ਇਸ ਵਾਰ ਕਿਸੇ ਤਰ੍ਹਾਂ ਪਿੱਛੇ ਨਹੀਂ ਰਹਿਣਾ ਚਾਹੁੰਦੀ। ਕਾਂਗਰਸ ਨੇ ਸ਼ਹਿਰ ਦੀਆਂ ਸਾਰੀਆਂ 19 ਵਾਰਡਾਂ ਵਿਚ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ। ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਪਾਰਟੀ ਵਰਕਰਾਂ ਨੂੰ ਸਰਗਰਮ ਕੀਤਾ ਗਿਆ ਹੈ। ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਲੋਕ ਮੌਜੂਦਾ ਸਰਕਾਰ ਤੋਂ ਨਿਰਾਸ਼ ਹਨ ਅਤੇ ਇਸ ਵਾਰ ਕਾਂਗਰਸ ਨੂੰ ਮਜ਼ਬੂਤ ਸਮਰਥਨ ਮਿਲੇਗਾ।
ਭਾਰਤੀ ਜਨਤਾ ਪਾਰਟੀ ਵੀ ਇਸ ਚੋਣ ਵਿਚ ਆਪਣੀ ਮੌਜੂਦਗੀ ਦਰਜ ਕਰਵਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੇ ਸਰਕਲ ਪ੍ਰਧਾਨ ਡਾ. ਵਿਜੇ ਵਿਨਾਇਕ ਦੀ ਅਗਵਾਈ ਹੇਠ 19 ਵਾਰਡਾਂ ਵਿਚ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਸਨ, ਜਿਨ੍ਹਾਂ ਵਿੱਚੋਂ 7 ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ। ਇਸ ਦੇ ਬਾਵਜੂਦ 12 ਉਮੀਦਵਾਰ ਅਜੇ ਵੀ ਚੋਣ ਮੈਦਾਨ ਵਿਚ ਡਟੇ ਹੋਏ ਹਨ ਅਤੇ ਪਾਰਟੀ ਵੱਲੋਂ ਉਨ੍ਹਾਂ ਦੇ ਹੱਕ ਵਿਚ ਤਗੜਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਇਸ ਵਾਰ ਨਗਰ ਕੌਂਸਲ ਚੋਣ ਸਿਰਫ਼ ਸਥਾਨਕ ਚੋਣ ਨਹੀਂ ਰਹੀ, ਸਗੋਂ ਇਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਬਣ ਚੁੱਕੀ ਹੈ। ਹਰ ਪਾਰਟੀ ਇਸ ਚੋਣ ਦੇ ਨਤੀਜਿਆਂ ਰਾਹੀਂ ਆਪਣੀ ਸਿਆਸੀ ਤਾਕਤ ਦਾ ਅੰਦਾਜ਼ਾ ਲਗਾਉਣਾ ਚਾਹੁੰਦੀ ਹੈ। ਇਸ ਕਾਰਨ ਸ਼ਹਿਰ ਦਾ ਚੋਣ ਮਾਹੌਲ ਦਿਨੋਂ-ਦਿਨ ਹੋਰ ਵੀ ਰੌਚਕ ਅਤੇ ਦਿਲਚਸਪ ਬਣਦਾ ਜਾ ਰਿਹਾ ਹੈ।