ਪਿੰਡ ਜੌਹਲ ਢਾਏ ਵਾਲਾ ਦੇ ਵਾਸੀਆਂ ਨੇ ਨਸ਼ੇ ਵਿਰੁੱਧ ਦਿਖਾਈ ਇਕਜੁੱਟਤਾ

ਪੰਜਾਬ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ ’ਤੇ ਵੀ ਚੁੱਕੇ ਸਖ਼ਤ ਸਵਾਲ
ਕਿਹਾ ਖੁੱਲ੍ਹੇ ਆਮ ਤਸਕਰ ਇਲਾਕੇ ਵਿਚ ਕਰ ਰਹੇ ਹਨ ਨਸ਼ਾ ਸਪਲਾਈ
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਉਸ ਸਮੇਂ ਖੋਖਲੇ ਸਾਬਿਤ ਹੋਏ ਜਦੋਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜੌਹਲ ਢਾਏ ਵਾਲਾ ਦੇ ਵਸਨੀਕਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਇਕੱਠੇ ਹੋ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਇਲਾਕੇ ਵਿਚ ਨਸ਼ੇ ਦਾ ਕਾਰੋਬਾਰ ਬੇਰੋਕਟੋਕ ਜਾਰੀ ਹੈ, ਜਿਸ ਕਾਰਨ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ।
ਰੋਸ ਪ੍ਰਦਰਸ਼ਨ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇ ਚੁੱਕੇ ਹਨ, ਪਰ ਇਸ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੁਝ ਨਸ਼ਾ ਤਸਕਰ ਖੁੱਲ੍ਹੇਆਮ ਪਿੰਡ ਅਤੇ ਆਸ-ਪਾਸ ਦੇ ਖੇਤਰਾਂ ਵਿਚ ਨਸ਼ੇ ਦੀ ਵਿਕਰੀ ਕਰ ਰਹੇ ਹਨ, ਜਿਸ ਨਾਲ ਨੌਜਵਾਨਾਂ ਦਾ ਭਵਿੱਖ ਹਨੇਰੇ ਵੱਲ ਧੱਕਿਆ ਜਾ ਰਿਹਾ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਪਿੰਡ ਵਾਸੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਜਲਦ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਪਿੰਡ ਦੇ ਲੋਕ ਵੱਡੇ ਪੱਧਰ ’ਤੇ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਲੋੜ ਪਈ ਤਾਂ ਸਾਰਾ ਪਿੰਡ ਸੜਕਾਂ ’ਤੇ ਉਤਰ ਕੇ ਸਰਕਾਰ ਦੇ ਕੰਨਾਂ ਤਕ ਆਪਣੀ ਆਵਾਜ਼ ਪਹੁੰਚਾਏਗਾ।
ਇਸ ਮੌਕੇ ਪਿੰਡ ਦੇ ਮੋਹਤਬਾਰਾਂ ਅਤੇ ਨੌਜਵਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਨਸ਼ਾ ਵੇਚਣ ਵਾਲਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਇਸ ਮੌਕੇ ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਹਰਜਿੰਦਰਪਾਲ ਸਿੰਘ, ਅਮਨਦੀਪ ਸਿੰਘ ਮੈਂਬਰ ਬਲਾਕ ਸੰਮਤੀ, ਹਰਜੀਤ ਸਿੰਘ ਪ੍ਰਧਾਨ, ਦਲਜੀਤ ਸਿੰਘ ਜੀਤਾ ਜੰਗ, ਡਾ. ਗੁਰਵਿੰਦਰ ਸਿੰਘ ਮੈਂਬਰ ਪੰਚਾਇਤ, ਬਲਵਿੰਦਰ ਸਿੰਘ ਮੈਂਬਰ ਪੰਚਾਇਤ, ਚੈਚਲ ਸਿੰਘ ਮੈਂਬਰ ਪੰਚਾਇਤ, ਜਗਜੀਤ ਸਿੰਘ ਮੈਂਬਰ ਪੰਚਾਇਤ, ਸਰਬਜੀਤ ਸਿੰਘ ਮੈਂਬਰ, ਮੰਗਲ ਸਿੰਘ ਮੈਂਬਰ, ਗੁਰਜੀਤ ਸਿੰਘ ਨੰਬਰਦਾਰ, ਗੰਗਾ ਸਿੰਘ ਨੰਬਰਦਾਰ, ਬਲਵਿੰਦਰ ਸਿੰਘ, ਜੋਗਾ ਸਿੰਘ, ਦਲਬੀਰ ਸਿੰਘ, ਗੁਰਮੀਤ ਸਿੰਘ, ਗੁਰਮੇਜ਼ ਸਿੰਘ, ਤਰਸੇਮ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਪ੍ਰਮਜੀਤ ਸਿੰਘ, ਜੋਗਾ ਸਿੰਘ, ਗੁਰਜੰਟ ਸਿੰਘ, ਗੁਰਮੀਤ ਸਿੰਘ, ਗੁਰਮੇਜ਼ ਕੌਰ, ਬੇਅੰਤ ਸਿੰਘ, ਗੁਰਦਿਆਲ ਸਿੰਘ, ਪਰਮਜੀਤ ਸਿੰਘ, ਹਰਦੀਪ ਸਿੰਘ, ਜਸਬੀਰ ਸਿੰਘ, ਚਰਨਜੀਤ ਸਿੰਘ, ਹਰਪਾਲ ਸਿੰਘ ਆਦਿ ਨੇ ਕਿਹਾ ਕਿ ਸਰਕਾਰ ਪੰਜਾਬ ਦਾ ਭਲਾ ਚਾਹੁੰਦੀ ਹੈ, ਤਾਂ ਨਸ਼ੇ ਨੂੰ ਖ਼ਤਮ ਕੀਤਾ ਜਾਵੇ।