15ਵੇਂ ਦਿਨ ਸਫਾਈ ਕਾਮਿਆਂ ਦੀ ਹੜਤਾਲ ਖ਼ਤਮ, ਅੱਜ ਤੋਂ ਹੋਵੇਗੀ ਸ਼ਹਿਰ ਦੀ ਸਫ਼ਾਈ
15ਵੇਂ ਦਿਨ ਸਫਾਈ ਕਾਮਿਆਂ ਕੀਤੀ ਹੜਤਾਲ ਖਤਮ, ਅੱਜ ਤੋਂ ਹੋਵੇਗੀ ਸ਼ਹਿਰ ਦੀ ਸਫਾਈ
Publish Date: Thu, 21 May 2026 08:22 PM (IST)
Updated Date: Thu, 21 May 2026 08:25 PM (IST)

-ਮੰਗਾਂ ’ਤੇ ਸਹਿਮਤੀ ਤੋਂ ਬਾਅਦ ਯੂਨੀਅਨ ਨੇ ਸੂਬਾ ਪੱਧਰ ’ਤੇ ਵਾਪਸ ਲਈ ਹੜਤਾਲ ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ ਸਫਾਈ ਅਤੇ ਸੀਵਰੇਜ ਕਰਮਚਾਰੀਆਂ ਦੀ ਦੋ ਹਫਤੇ ਤੋਂ ਚੱਲ ਰਹੀ ਸੂਬਾ ਪੱਧਰੀ ਹੜਤਾਲ ਵੀਰਵਾਰ ਨੂੰ 15ਵੇਂ ਦਿਨ ਸਥਾਨਕ ਸਰਕਾਰਾਂ ਮੰਤਰੀ ਦੀ ਮੌਜੂਦਗੀ ’ਚ ਪੰਜਾਬ ਮਿਊਂਸੀਪਲ ਭਵਨ ਚੰਡੀਗੜ੍ਹ ਵਿਖੇ ਯੂਨੀਅਨ ਦੀ ਹੋਈ ਮੀਟਿੰਗ ਦੌਰਾਨ ਮੰਗਾਂ ’ਤੇ ਬਣੀ ਸਹਿਮਤੀ ਤੋਂ ਬਾਅਦ ਖ਼ਤਮ ਕਰ ਦਿੱਤੀ ਗਈ ਹੈ। ਇਸ ਦੇ ਚੱਲਦਿਆਂ 15 ਦਿਨਾਂ ਤੋਂ ਤਰਨਤਾਰਨ ਨਗਰ ਕੌਂਸਲ ਦੇ ਦਫਤਰ ਅੱਗੇ ਧਰਨਾ ਲਗਾ ਕੇ ਬੈਠੇ ਹੜਤਾਲੀ ਕਰਮਚਾਰੀਆਂ ਨੇ ਧਰਮਾ ਖ਼ਤਮ ਕਰਨ ਦੇ ਨਾਲ ਨਾਲ ਸ਼ਹਿਰ ਵਿਚ ਢੋਲ ਦੀ ਥਾਪ ’ਤੇ ਖੁਸ਼ੀ ਵਿਚ ਮਾਰਚ ਵੀ ਕੀਤਾ। ਧਰਨਾ ਖਤਮ ਕਰਵਾਉਣ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਤਰਨਤਾਰਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਮੰਗਾਂ ਮੰਨੇ ਜਾਣ ਦੀ ਸਮੂਹ ਕਰਮਚਾਰੀਆਂ ਨੂੰ ਮੁਬਾਰਕਬਾਦ ਵੀ ਦਿੱਤੀ। ਦੱਸ ਦੇਈਏ ਕਿ ਸਫਾਈ ਅਤੇ ਸੀਵਰੇਜ ਕਰਮਚਾਰੀ ਛੇ ਮਈ ਤੋਂ ਹੜਤਾਲ ’ਤੇ ਸਨ ਤੇ ਨਗਰ ਕੌਂਸਲ ਦਫ਼ਤਰ ਦੇ ਗੇਟ ਅੱਗੇ ਬੈਠ ਕੇ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਵਿਰੁੱਧ ਰੋਸ ਜ਼ਾਹਿਰ ਕਰ ਰਹੇ ਸਨ। ਇਸਦੇ ਚੱਲਦਿਆਂ ਦੋ ਹਫਤਿਆਂ ਤੋਂ ਸ਼ਹਿਰ ਵਿਚ ਸਫ਼ਾਈ ਦਾ ਕੰਮ ਠੱਪ ਪਿਆ ਸੀ ਅਤੇ ਸਫਾਈ ਰੁਕਣ ਅਤੇ ਡੋਰ ਟੂ ਡੋਰ ਕੂੜੇ ਦੀ ਕੁਲੈਕਸ਼ਨ ਬੰਦ ਹੋਣ ਕਰਕੇ ਸ਼ਹਿਰ ਵਿਚ ਕੂੜੇ ਦੇ ਢੇਰ ਲੱਗੇ ਹੋਏ ਸਨ। ਗਰਮੀ ਦੇ ਚੱਲਦਿਆਂ ਥਾਂ-ਥਾਂ ’ਤੇ ਪਿਆ ਕੂੜਾ ਬਦਬੂ ਮਾਰ ਰਿਹਾ ਸੀ ਅਤੇ ਲੋਕ ਭਾਰੀ ਪਰੇਸ਼ਾਨੀ ਵਿਚ ਸਨ ਪਰ ਵੀਰਵਾਰ ਨੂੰ ਜਿਵੇਂ ਹੀ ਹੜਤਾਲ ਖਤਮ ਹੋਣ ਦੀ ਖਬਰ ਸਾਹਮਣੇ ਆਈ ਤਾਂ ਲੋਕਾਂ ਨੇ ਰਾਹਤ ਦਾ ਸਾਹ ਲਿਆ। ਉੱਧਰ ਸਫ਼ਾਈ ਕਰਮਚਾਰੀਆਂ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਅਨ ਦੀ ਚੰਡੀਗੜ੍ਹ ਵਿਖੇ ਸਥਾਨਕ ਸਰਾਕਾਰਾਂ ਵਿਭਾਗ ਦੇ ਮੰਤਰੀ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਯੂਨੀਅਨ ਦੇ ਸੂਬਾਈ ਆਗੂਆਂ ਨੇ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਤਰਨਤਾਰਨ ਵਿਚ ਲੱਗਾ ਧਰਨਾ ਜਿਥੇ ਸਮਾਪਤ ਕਰ ਦਿੱਤਾ ਹੈ, ਉਥੇ ਹੀ ਸ਼ੁੱਕਰਵਾਰ ਨੂੰ ਕਰਮਚਾਰੀ ਰੋਜ਼ ਦੀ ਤਰ੍ਹਾਂ ਸ਼ਹਿਰ ਦੀ ਸਫਾਈ ਸ਼ੁਰੂ ਕਰ ਦੇਣਗੇ ਤੇ ਘਰਾਂ ਵਿੱਚੋਂ ਕੂੜੇ ਦੀ ਕੁਲੈਕਸ਼ਨ ਵੀ ਸ਼ੁਰੂ ਹੋ ਜਾਵੇਗੀ। ਧਰਨਾ ਖਤਮ ਕਰਦਿਆਂ ਹੀ ਕਰਮਚਾਰੀਆਂ ਨੇ ਮੰਗਾਂ ਮੰਨੇ ਜਾਣ ਦੀ ਖੁਸ਼ੀ ਵਿਚ ਢੋਲ ਦੀ ਥਾਪ ’ਤੇ ਭੰਗੜਾ ਪਾਇਆ ਅਤੇ ਸਾਰੇ ਸ਼ਹਿਰ ਵਿਚ ਜੇਤੂ ਮਾਰਚ ਵੀ ਕੀਤਾ। ਇਸ ਮੌਕੇ ਰਾਮ ਪ੍ਰਕਾਸ਼ ਮੀਤ ਪ੍ਰਧਾਨ, ਜੱਜਪਾਲ, ਨਿੰਦੀ, ਸੁਰਜੀਤ ਕੁਮਾਰ, ਤਿਲਕ ਰਾਜ, ਰਾਜ ਕੁਮਾਰ, ਕਾਲਾ, ਰਾਕੇਸ਼ ਕੁਮਾਰ, ਆਸ਼ੂ ਕੁਮਾਰ, ਕ੍ਰਿਸ਼ਨ, ਮਨਦੀਪ, ਜਗਮੋਹਨ, ਰਜਿੰਦਰ ਕੁਮਾਰ, ਲਛਮਣ, ਕੁਲਵੰਤ, ਸੰਤੋਸ਼, ਸਲਮਾਂ, ਬਬਲੀ, ਰਾਣੀ, ਸੁਨੀਲ ਕੁਮਾਰ, ਸਾਹਿਬ ਸਿੰਘ, ਦਲੀਪ, ਸੁਨੀਲ, ਭੋਲੀ, ਸੋਨੀਆ, ਹੈਪੀ, ਧੀਰਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਫਾਈ ਤੇ ਸੀਵਰੇਜ ਕਰਮਚਾਰੀ ਹਾਜ਼ਰ ਸਨ। ---- ਬਾਕਸ ਸਫਾਈ ਕਰਮਾਚਰੀਆਂ ਨੂੰ ਖੇੜਾ ਨੇ ਦਿੱਤੀ ਵਧਾਈ ਨਗਰ ਕੌਂਸਲ ਦਫਤਰ ਵਿਖੇ ਲੱਗੇ ਧਰਨੇ ਵਿਚ ਪਹੁੰਚੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਨੇ ਕਰਮਚਾਰੀਆਂ ਨੂੰ ਚੰਡੀਗੜ੍ਹ ਦੀ ਮੀਟਿੰਗ ਵਿਚ ਮੰਗਾਂ ਉੱਪਰ ਸਹਿਮਤੀ ਬਣਨ ਦੀ ਵਧਾਈ ਦਿੰਦਿਆਂ ਕਿਹਾ ਕਿ ਕਰਮਚਾਰੀ ਆਪਣੀਆਂ ਜਿਨ੍ਹਾਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਸਨ, ਉਨ੍ਹਾਂ ਵਿੱਚੋਂ ਮੁੱਢਲੀਆਂ ਮੰਗਾਂ ’ਤੇ ਸਥਾਨਕ ਸਰਕਾਰਾਂ ਮੰਤਰੀ ਦੀ ਹਾਜ਼ਰੀ ਵਿਚ ਯੂਨੀਅਨ ਨਾਲ ਸਹਿਮਤੀ ਬਣ ਗਈ ਹੈ, ਜੋ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਹੈ। ਉਨ੍ਹਾਂ ਕਿਹਾ ਕਿ ਬਹੁਤ ਚੰਗੀ ਗੱਲ ਹੈ ਕਿ ਹੁਣ ਸਮੂਹ ਕਰਮਚਾਰੀ ਆਪਣੇ ਸ਼ਹਿਰ ਨੂੰ ਪਹਿਲਾਂ ਦੀ ਤਰ੍ਹਾਂ ਹੀ ਸਾਫ ਸੁਥਰਾ ਬਣਾ ਦੇਣਗੇ। ਉਨ੍ਹਾਂ ਯੂਨੀਅਨ ਦੇ ਸਥਾਨਕ ਆਗੂਆਂ ਨੂੰ ਸਿਰੋਪਾਓ ਅਤੇ ਹਾਰ ਪਾ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਵੀ ਮੌਜੂਦ ਸਨ।