ਰਜਬਾਹੇ ਦੀ ਖਲਾਈ ਨਾ ਹੋਣ ਕਾਰਨ ਕਿਸਾਨ ਔਖੇ, ਘਿਰਾਓ ਦੀ ਚਿਤਾਵਨੀ
ਰਜਬਾਹੇ ਦੀ ਖਲਾਈ ਨਾ ਹੋਣ ’ਤੇ ਕਿਸਾਨ ਔਖੇ, ਘਿਰਾਓ ਦੀ ਚੇਤਾਵਨੀ
Publish Date: Thu, 21 May 2026 07:08 PM (IST)
Updated Date: Thu, 21 May 2026 07:10 PM (IST)

ਕਿਰਪਾਲ ਸਿੰਘ ਰੰਧਾਵਾ•ਪੰਜਾਬੀ ਜਾਗਰਣ, ਹਰੀਕੇ ਪੱਤਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਧਰਤੀ ਹੇਠਲੇ ਪਾਣੀ ਦੀ ਬੱਚਤ ਦੇ ਹਵਾਲੇ ਨਾਲ ਖੇਤੀ ਸੈਕਟਰ ਦੀ ਨਿਰਭਰਤਾ ਨਹਿਰੀ ਪਾਣੀ ’ਤੇ ਵਧਾਉਣ ’ਤੇ ਜ਼ੋਰ ਦੇ ਰਹੇ ਹਨ, ਜਦਕਿ ਸੱਚਾਈ ਇਹ ਹੈ ਕਿ ਨਹਿਰੀ ਪਾਣੀ ਦੀ ਸੁਚਾਰੂ ਸਪਲਾਈ ਲਈ ਨਹਿਰਾਂ, ਸੂਏ, ਮੋਘੇ ਤੇ ਖਾਲ਼ ਹੀ ਪੂਰੇ ਨਹੀਂ ਬਣੇ ਅਤੇ ਜਿਥੇ ਪੁਰਾਣੇ ਖਾਲ, ਮੋਘੇ ਬਣੇ ਹਨ, ਉਨ੍ਹਾਂ ਦੀ ਖਲਾਈ ਦਾ ਕੰਮ ਅੱਜ ਵੀ ਅਧਵਾਟੇ ਲਟਕਿਆ ਨਜ਼ਰ ਆ ਰਿਹਾ ਹੈ। ਪੰਜਾਬ ਸਰਕਾਰ ਦੇ ਐਲਾਨ ਅਨੁਸਾਰ ਬੇਸ਼ੱਕ ਝੋਨੇ ਦੀ ਲਵਾਈ ’ਚ ਸਿਰਫ ਦਸ ਦਿਨ ਬਾਕੀ ਹਨ ਪਰ ਨਹਿਰੀ ਵਿਭਾਗ ਦਾ ਨਿਗਰਾਨ ਅਮਲਾ ਜਨਗਣਨਾ ਲਈ ਅੰਮ੍ਰਿਤਸਰ ਤਾਇਨਾਤ ਕਰ ਦਿੱਤਾ ਗਿਆ, ਜਿਸ ਕਾਰਨ ਕਿਸਾਨਾਂ ਦਾ ਸਮੱਸਿਆਵਾਂ ਨਾਲ ਜੂਝਣਾ ਤੈਅ ਹੈ। ਇਸ ਸਬੰਧੀ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪੱਟੀ ਜ਼ੋਨ ਆਗੂ ਜਥੇਦਾਰ ਸਵਰਨ ਸਿੰਘ ਖਹਿਰਾ ਤੇ ਹਰੀਕੇ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਡਰੱਗ, ਆਰਥਿਕ ਤੇ ਸਮਾਜਿਕ ਜਨਗਣਨਾ ਲਈ ਸਰਕਾਰ ਨੇ ਨਹਿਰੀ ਪਟਵਾਰੀਆਂ ਨੂੰ ਅੰਮ੍ਰਿਤਸਰ ਤਾਇਨਾਤ ਕੀਤਾ ਹੋਇਆ ਹੈ, ਜਦਕਿ ਨਹਿਰਾਂ, ਸੂਏ ਤੇ ਖਾਲਾਂ ਦੀ ਖਲਾਈ ਦਾ ਕੰਮ ਮੁਕੰਮਲ ਠੱਪ ਪਿਆ ਹੈ। ਜਾਮਾਰਾਏ ਰਜਬਾਹੇ ਸਬੰਧੀ ਗੱਲ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਉਕਤ ਰਜਬਾਹੇ ਦੇ ਮੋਘੇ ਖੁੱਲ੍ਹੇ ’ਤੇ ਨੱਕੇ ਬਣਨ ਵਾਲੇ ਬਾਕੀ ਹਨ। ਇਸ ਕੰਮ ਲਈ ਨਹਿਰੀ ਵਿਭਾਗ ਦੇ ਪਿੰਡ ਖਾਰਾ ਸਥਿਤ ਦਫਤਰ ਵਿਖੇ ਕਿਸਾਨਾਂ ਪਹੁੰਚ ਬਣਾਈ ਤਾਂ ਜੋ ਸਬੰਧਤ ਅਫ਼ਸਰਾਂ ਨੂੰ ਜਨਗਣਨਾ ਲਈ ਅੰਮ੍ਰਿਤਸਰ ਤਾਇਨਾਤ ਰੱਖਣ ਦਾ ਪਤਾ ਲੱਗਾ। ਖਹਿਰਾ ਨੇ ਕਿਹਾ ਕਿ ਪੁਰਾਣੇ ਮੋਘਿਆਂ ਦੀ ਮੁਰੰਮਤ ਤੇ ਨਵੇਂ ਮੋਘੇ ਝੋਨੇ ਦੀ ਲਵਾਈ ਆਰੰਭ ਹੋਣ ਤੋਂ ਪਹਿਲਾਂ ਜੇਕਰ ਵਿਭਾਗ ਨੇ ਨਾ ਲਗਾਏ ਤਾਂ ਮਜਬੂਰਨ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ। ਆਗੂਆਂ ਨੇ ਦੱਸਿਆ ਕਿ ਹਰੀਕੇ ਪੱਤਣ ਤੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਦੀ ਇਸ ਵੱਡੀ ਸਮੱਸਿਆ ਦਾ ਮਾਮਲਾ ਜ਼ੋਨ ਦੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ। ਜੇ ਸਮਾਂ ਰਹਿੰਦੇ ਵਿਭਾਗ ਨੇ ਪਾਣੀ ਦੀ ਸਪਲਾਈ ਦੇ ਪੁਖਤਾ ਇੰਤਜ਼ਾਮ ਨਾ ਕੀਤੇ ਤਾਂ ਨਹਿਰੀ ਵਿਭਾਗ ਦੇ ਦਫ਼ਤਰ ਦਾ ਘਿਰਾਓ ਵੀ ਕੀਤਾ ਜਾ ਸਕਦਾ ਹੈ। ਕਿਸਾਨਾਂ ਨੇ ਕਿਹਾ ਕਿ ਇਸ ਮੁਸ਼ਕਿਲ ਸਬੰਧੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਵੀ ਪੱਤਰ ਲਿਖ ਕੇ ਮਾਮਲੇ ਤੋਂ ਜਾਣੂ ਕਰਵਾਇਆ ਜਾਵੇਗਾ।