ਅੱਤ ਦੀ ਗਰਮੀ ਕਾਰਨ ਸਕੂਲਾਂ ’ਚ ਛੁੱਟੀਆਂ ਕਰਨ ਦੀ ਮੰਗ
ਵੱਧ ਪੈ ਰਹੀ ਗਰਮੀ ਕਾਰਨ ਸਕੂਲਾਂ ਵਿਚ ਛੁੱਟੀਆਂ ਕਰਨ ਦੀ ਕੀਤੀ ਮੰਗ : ਅਧਿਆਪਕ ਦਲ ਪੰਜਾਬ
Publish Date: Thu, 21 May 2026 05:59 PM (IST)
Updated Date: Thu, 21 May 2026 06:01 PM (IST)

ਗੁਰਬਰਿੰਦਰ ਸਿੰਘ•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਅਧਿਆਪਕ ਦਲ ਪੰਜਾਬ ਤਰਨਤਾਰਨ ਇਕਾਈ ਦੀ ਮੀਟਿੰਗ ਜ਼ਿਲ੍ਹਾ ਸਰਪ੍ਰਸਤ ਬਲਦੇਵ ਸਿੰਘ ਬਸਰਾ, ਜ਼ਿਲ੍ਹਾ ਪ੍ਰਧਾਨ ਰਾਜਦੀਪ ਸਿੰਘ ਜੌਹਲ ਜਨਰਲ ਸਕੱਤਰ ਸ਼ਿੰਗਾਰਾ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਆਗੂਆਂ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਕੋਲੋਂ ਮੰਗ ਕੀਤੀ ਹੈ ਕਿ ਪੰਜਾਬ ਵਿਚ ਲਗਾਤਾਰ ਪੈ ਰਹੀ ਭਿਆਨਕ ਗਰਮੀ ਦੇ ਚਲਦਿਆਂ ਸਕੂਲੀ ਬੱਚਿਆਂ ਦੇ ਮਾਪਿਆਂ ਤੇ ਅਧਿਆਪਕ ਆਗੂਆਂ ਨੇ ਸਰਕਾਰ ਕੋਲੋਂ ਸਕੂਲਾਂ ਵਿਚ ਛੁੱਟੀਆਂ ਕਰਨ ਦੀ ਜੋ ਮੰਗ ਕੀਤੀ ਹੈ, ਉਸ ਨੂੰ ਮੰਨਿਆ ਜਾਵੇ। ਆਗੂਆਂ ਨੇ ਕਿਹਾ ਕਿ ਗਰਮੀ ਨੇ ਮਈ ਮਹੀਨੇ ਵਿਚ ਹੀ ਜੂਨ ਵਰਗਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਕਈ ਹਿੱਸਿਆਂ ਵਿਚ ਪਾਰਾ 42 ਤੋਂ 44 ਡਿਗਰੀ ਸੈਲਸੀਅਸ ਤਕ ਪਹੁੰਚਣ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਗਰਮੀ ਨੇ ਸਕੂਲੀ ਬੱਚਿਆਂ ਦੇ ਮਾਪਿਆਂ ਦੀ ਚਿੰਤਾ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਦੁਪਹਿਰ ਵੇਲੇ ਜਦੋਂ ਸਕੂਲਾਂ ਦੀ ਛੁੱਟੀ ਹੁੰਦੀ ਹੈ, ਉਸ ਵੇਲੇ ਸੂਰਜ ਦੀ ਤਪਸ਼ ਆਪਣੇ ਸਿਖ਼ਰ ’ਤੇ ਹੁੰਦੀ ਹੈ, ਲਗਾਤਾਰ 42 ਡਿਗਰੀ ਦੇ ਤਾਪਮਾਨ ਵਿਚ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਉਣਾ ਮਾਪਿਆਂ ਲਈ ਇਕ ਵੱਡੀ ਚੁਣੌਤੀ ਬਣ ਗਿਆ ਹੈ। ਵੱਧ ਰਹੀ ਗਰਮੀ ਕਾਰਨ ਬੱਚਿਆਂ ਵਿਚ ਡੀਹਾਈਡਰੇਸ਼ਨ (ਪਾਣੀ ਦੀ ਕਮੀ) ਤੇ ਲੂ ਲੱਗਣ ਦੇ ਖ਼ਤਰੇ ਨੂੰ ਦੇਖਦੇ ਹੋਏ ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਕੂਲਾਂ ’ਚ ਛੁੱਟੀਆਂ ਕਰ ਦਿੱਤੀਆਂ ਜਾਣ, ਤਾਂ ਜੋ ਬੱਚੇ ਦੁਪਹਿਰ ਦੀ ਤਪਸ਼ ਤੋਂ ਬਚ ਸਕਣ। ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਸਕੂਲਾਂ ਵਿਚ ਵੱਧ ਪੈ ਰਹੀ ਗਰਮੀ ਕਾਰਨ ਛੁੱਟੀਆਂ ਕੀਤੀਆਂ ਜਾਣ। ਇਸ ਤੋਂ ਇਲਾਵਾ 90 ਫੀਸਦੀ ਸਟਾਫ਼ ਡਰੱਗ ਸੋਸੀਓ ਇਕਨੋਮਿਕ ਸਰਵੇ, ਜਨਗਣਨਾ ਅਤੇ ਐੱਮਸੀ ਦੀਆਂ ਚੋਣਾਂ ਵਿਚ ਡਿਊਟੀ ਲੱਗੀ ਹੋਣ ਕਰਕੇ ਸਕੂਲਾਂ ਵਿਚ ਪੜ੍ਹਾਈ ਦਾ ਕੋਈ ਵੀ ਮਾਹੌਲ ਨਹੀਂ ਰਿਹਾ, ਜਿਸ ਨਾਲ ਸਮਾਜ ਵਿਚ ਸਿੱਖਿਆ ਵਿਭਾਗ ਦਾ ਗਲਤ ਅਕਸ ਬਣ ਰਿਹਾ ਹੈ, ਇਸ ਸਮੱਸਿਆ ਨੂੰ ਦੇਖਦੇ ਹੋਏ ਵੀ ਸਕੂਲਾਂ ਵਿਚ ਛੁੱਟੀਆਂ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਵਿਰਕ, ਪੁਸ਼ਪਿੰਦਰ ਸਿੰਘ ਪਲਾਸੌਰ, ਮਲਕੀਤ ਸਿੰਘ ਗਿੱਲ, ਹਰਜੀਤ ਸਿੰਘ, ਹਰਭਿੰਦਰ ਸਿੰਘ, ਪ੍ਰਭਜੀਤ ਸਿੰਘ, ਅਵਤਾਰ ਸਿੰਘ, ਹਰਪਾਲ ਸਿੰਘ, ਪਰਮਿੰਦਰ ਸਿੰਘ, ਅਰਵਿੰਦਰ ਸਿੰਘ, ਭੁਪਿੰਦਰ ਸਿੰਘ, ਸੁਰਿੰਦਰਪਾਲ ਸਿੰਘ ਝੰਡ, ਮਨਦੀਪ ਸਿੰਘ, ਦੀਪਕ ਕੁਮਾਰ, ਰਾਜੇਸ਼ ਸੋਨੀ, ਅਮਨਦੀਪ ਸਿੰਘ, ਰਣਜੀਤ ਸਿੰਘ, ਸੰਦੀਪ ਸਿੰਘ, ਮਨਜੀਤ ਸਿੰਘ, ਗੁਰਸ਼ਰਨ ਸਿੰਘ, ਸਾਹਿਬ ਸਿੰਘ ਆਦਿ ਅਧਿਆਪਕ ਸਾਥੀ ਮੌਜੂਦ ਸਨ।