ਜੋਧਪੁਰ ’ਚ ਛੁਰੀ ਮਾਰ ਕੇ ਜ਼ਖ਼ਮੀ ਕੀਤੇ ਨੌਜਵਾਨ ਦੀ ਇਲਾਜ ਦੌਰਾਨ ਮੌਤ
ਪਿੰਡ ਜੋਧਪੁਰ ’ਚ ਛੁਰੀ ਮਾਰ ਕੇ ਜਖਮੀ ਕੀਤੇ ਨੌਜਵਾਨ ਦੀ ਇਲਾਜ ਦੌਰਾਨ ਮੌਤ
Publish Date: Tue, 19 May 2026 07:59 PM (IST)
Updated Date: Wed, 20 May 2026 04:10 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਨੇੜਲੇ ਪਿੰਡ ਜੋਧਪੁਰ ’ਚ ਨਸ਼ਾ ਦੇਣ ਤੋਂ ਇਨਕਾਰ ਕਰਨ ਕਰ ਕੇ ਛੁਰੀ ਮਾਰ ਕੇ ਜ਼ਖ਼ਮੀ ਕੀਤੇ ਨੌਜਵਾਨ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਉਹ ਦੋ ਦਿਨ ਤੋਂ ਗੰਭੀਰ ਹਾਲਾਤ ’ਚ ਜ਼ਿੰਦਗੀ ਤੇ ਮੌਤ ਨਾਲ ਲੜਾਈ ਲੜ ਰਿਹਾ ਸੀ। ਦੂਜੇ ਪਾਸੇ ਇਲਾਕੇ ਨਾਲ ਸਬੰਧਤ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਇਸ ਸਬੰਧੀ ਪਹਿਲਾਂ ਦਰਜ ਕੀਤੇ ਕੇਸ ’ਚ ਕਤਲ ਦੀਆਂ ਧਾਰਾਵਾਂ ਵੀ ਜੋੜ ਲਈਆਂ ਹਨ। ਗੁਰਦੇਵ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਜੋਧਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਸੀ ਕਿ ਉਸ ਦਾ ਲੜਕਾ ਏਕਨੂਰ ਸਿੰਘ ਨੂਰ ਜਦੋਂ ਪਿੰਡ ਦੇ ਗੁਰਦੁਆਰਾ ਸਾਹਿਬ ਕੋਲ ਖੜ੍ਹਾ ਸੀ ਤਾਂ ਗਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ, ਜੋ ਉਸੇ ਦੇ ਪਿੰਡ ਦਾ ਵਾਸੀ ਹੈ, ਉਸ ਦੇ ਲੜਕੇ ਏਕਨੂਰ ਕੋਲ ਆਇਆ ਤੇ ਉਸ ਕੋਲੋਂ ਨਸ਼ੇ ਦੀ ਮੰਗ ਕਰਨ ਲੱਗਾ। ਉਸ ਦਾ ਲੜਕਾ ਨਾ ਤਾਂ ਨਸ਼ਾ ਕਰਦਾ ਸੀ ਤੇ ਨਾ ਹੀ ਨਸ਼ਾ ਵੇਚਦਾ ਸੀ। ਨਸ਼ਾ ਮੰਗਣ ਦੌਰਾਨ ਹੀ ਗਿੰਦਰ ਨੇ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਛੁਰੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਹ ਤੁਰੰਤ ਆਪਣੇ ਲੜਕੇ ਨੂੰ ਨੇੜਲੇ ਹਸਪਤਾਲ ਲੈ ਕੇ ਗਏ, ਜਿਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੇ ਗੁਰੂ ਨਾਨਕ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਡੀਐੱਸਪੀ ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਸਬੰਧੀ ਥਾਣਾ ਸਦਰ ’ਚ ਪਹਿਲਾਂ ਜਾਨਲੇਵਾ ਹਮਲਾ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਜਿਸ ’ਚ ਹੁਣ ਕਤਲ ਦੀ ਧਾਰਾ ਦਾ ਵਾਧਾ ਕਰ ਦਿੱਤਾ ਗਿਆ ਹੈ ਤੇ ਮੁਲਜ਼ਮ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਉਪਰੰਤ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।