ਸ੍ਰੀ ਦਰਬਾਰ ਸਾਹਿਬ ’ਚ ਸ਼ਰਧਾ ਨਾਲ ਮਨਾਇਆ ਜੇਠ ਮਹੀਨੇ ਦੀ ਮੱਸਿਆ ਦਾ ਦਿਹਾੜਾ
ਸ੍ਰੀ ਦਰਬਾਰ ਸਾਹਿਬ ਤਰਨਤਾਰਨ ’ਚ ਸ਼ਰਧਾ ਨਾਲ ਮਨਾਇਆ ਜੇਠ ਮਹੀਨੇ ਦੀ ਮੱਸਿਆ ਦਾ ਦਿਹਾੜਾ
Publish Date: Sat, 16 May 2026 07:27 PM (IST)
Updated Date: Sat, 16 May 2026 07:30 PM (IST)

- ਭਾਰੀ ਗਰਮੀ ਦੇ ਬਾਵਜੂਦ ਲੱਖਾਂ ਸ਼ਰਧਾਲੂਆਂ ਨੇ ਭਰੀ ਹਾਜ਼ਰੀ, ਪਵਿੱਤਰ ਸਰੋਵਰ ’ਚ ਕੀਤੇ ਇਸ਼ਨਾਨ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਮਾਘ ਮਹੀਨੇ ਦੀ ਚੌਦਸ ਅਤੇ ਮੱਸਿਆ ਦਾ ਦਿਹਾੜਾ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗਰਮੀ ਦੇ ਬਾਵਜੂਦ ਦੋਵੇਂ ਦਿਨ ਲੱਖਾਂ ਦੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਗੁਰੂ ਘਰ ਪੁੱਜੀ ਅਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ। ਸੰਗਤ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੋ ਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੀਸ ਨਿਵਾਇਆ। ਉੱਥੇ ਹੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਮਨ ਬਿਰਤੀ ਇਕਾਗਰ ਕਰਕੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਹਜ਼ੂਰੀ ਰਾਗੀ ਜਥਿਆਂ ਨੇ ਸਾਰਾ ਦਿਨ ਗੁਰਬਾਣੀ ਦੇ ਰਸਭਿੰਨੇ ਸ਼ਬਦ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਲੰਗਰ ਹਾਲ ਵਿਖੇ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਦੇ ਰਹੇ। ਦੀਵਾਨ ਹਾਲ ਵਿਖੇ ਚੌਦਸ ਅਤੇ ਮੱਸਿਆ ਦੇ ਦਿਹਾੜਿਆਂ ’ਤੇ ਦਿਨ ਰਾਤ ਭਾਰੀ ਦੀਵਾਨ ਸਜਿਆ। ਜਿਸ ਵਿਚ ਭਾਈ ਜੋਬਨਪ੍ਰੀਤ ਸਿੰਘ ਜੋੜ ਸਿੰਘ ਕਵੀਸ਼ਰ, ਭਾਈ ਕੁਲਵੰਤ ਸਿੰਘ ਪੱਧਰੀ ਢਾਡੀ, ਭਾਈ ਸੰਦੀਪ ਸਿੰਘ ਚੰਦਨ ਕਵੀਸ਼ਰ, ਪ੍ਰਚਾਰਕ ਨੌਸ਼ੇਵਰਜੀਤ ਸਿੰਘ, ਭਾਈ ਰੁਪਿੰਦਰ ਸਿੰਘ ਮਦੂਛਾਹਗਾਂ ਢਾਡੀ, ਭਾਈ ਬਲਵਿੰਦਰ ਸਿੰਘ ਬਹਿਲਾ ਕਵੀਸ਼ਰ, ਬਾਈ ਗੁਰਭੇਜ ਸਿੰਘ ਜੌਹਲ ਢਾਡੀ, ਬਾਈ ਗੁਰਕੀਰਤ ਸਿੰਘ ਕਵੀਸ਼ਰ, ਬਾਈ ਹਰਪਾਲ ਸਿੰਘ ਢੰਡ ਢਾਡੀ, ਬੀਬੀ ਬਲਵਿੰਦਰ ਕੌਰ ਖਾਲਸਾ ਕਵੀਸ਼ਰ, ਭਾਈ ਹਰਦੀਪ ਸਿੰਘ ਮਾਣੋਚਾਹਲ ਢਾਡੀ, ਬਾਈ ਸੁਲੱਖਣ ਸਿੰਘ ਕਵੀਸ਼ਰ, ਭਾਈ ਲਖਬੀਰ ਸਿੰਘ ਕੋਮਲ ਢਾਡੀ, ਭਾਈ ਸਰਵਣ ਸਿੰਘ ਅਜਾਦ ਕਵੀਸ਼ਰ, ਭਾਈ ਅਮਰਜੀਤ ਸਿੰਘ ਗੁਰਦਾਸਪੁਰੀ ਢਾਡੀ, ਭਾਈ ਹਰਜਿੰਦਰ ਸਿੰਘ ਪੰਧੇਰ ਕਵੀਸ਼ਰ, ਭਾਈ ਮੱਸਾ ਸਿੰਘ ਸਭਰਾ ਕਵੀਸ਼ਰ ਨੇ ਦੀਵਾਨ ਵਿਚ ਜੁੜੀ ਸੰਗਤ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ। - ਪਿੰਡਾਂ ਤੇ ਸ਼ਹਿਰ ’ਚ ਕਈ ਥਾਵਾਂ ’ਤੇ ਲੱਗੇ ਗੁਰੂ ਕੇ ਲੰਗਰ ਮੱਸਿਆ ਦੇ ਦਿਹਾੜੇ ’ਤੇ ਗੁਰੂ ਘਰ ਆਉਣ ਵਾਲੀ ਸੰਗਤ ਦੀ ਟਹਿਲ ਸੇਵਾ ਵਾਸਤੇ ਤਰਨਤਾਰਨ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਜਿੱਥੇ ਸ਼ਰਧਾਲੂਆਂ ਨੇ ਗੁਰੂ ਕੇ ਲੰਗਰ ਲਗਾਏ। ਉੱਥੇ ਹੀ ਤਰਨਤਾਰਨ ਵੱਲ ਆਉਂਦੀਆਂ ਸੜਕਾਂ ’ਤੇ ਪੈਂਦੇ ਵੱਖ-ਵੱਖ ਪਿਡਾਂ ਦੇ ਸ਼ਰਧਾਲੂਆਂ ਵੱਲੋਂ ਆਪੋ-ਆਪਣੇ ਪਿੰਡਾਂ ਦੇ ਅੱਡਿਆਂ ’ਤੇ ਮਹੀਨਾਵਾਰੀ ਲੰਗਰ ਲਗਾਏ ਤਾਂ ਜੋ ਗੁਰੂ ਘਰ ਜਾਣ ਵਾਲੀ ਸੰਗਤ ਨੂੰ ਲੰਗਰ ਛਕਾਏ ਜਾ ਸਕਣ। ਕਈ ਥਾਵਾਂ ’ਤੇ ਚਾਹ ਦੇ ਲੰਗਰ ਲਗਾ ਕੇ ਵੀ ਭਾਰੀ ਠੰਢ ਵਿਚ ਸੰਗਤ ਨੂੰ ਛਕਾਏ ਗਏ। ਮੱਸਿਆ ਦੇ ਦਿਹਾੜੇ ’ਤੇ ਕੀਤੇ ਜਾਂਦੇ ਨੇ ਵਿਸ਼ੇਸ਼ ਪ੍ਰਬੰਧ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਭਾਈ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਚੌਦਸ ਅਤੇ ਮੱਸਿਆ ਦੇ ਦਿਹਾੜੇ ਦਾ ਤਰਨਤਾਰਨ ਵਿਚ ਖਾਸ ਮਹੱਤਵ ਹੈ। ਦੋਵੇਂ ਦਿਨ ਗੁਰੂ ਘਰ ਵਿਚ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਸੰਗਤ ਦੀ ਵੱਡੀ ਆਮਦ ਦੇ ਚੱਲਦਿਆਂ ਹਰ ਤਰ੍ਹਾਂ ਦੇ ਪ੍ਰਬੰਧ ਵਿਸ਼ੇਸ਼ ਤਰੀਕੇ ਨਾਲ ਕੀਤੇ ਜਾਂਦੇ ਹਨ ਤਾਂ ਜੋ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਸਮੂਹ ਸਟਾਫ ਵੱਲੋਂ ਚੌਦਸ ਅਤੇ ਮੱਸਿਆ ਦੇ ਦਿਹਾੜੇ ’ਤੇ ਪੂਰੀ ਤਨਦੇਹੀ ਨਾਲ ਡਿਊਟੀਆਂ ਨਿਭਾਈਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਤਹਿ ਦਿਲੋਂ ਸਵਾਗਤ ਕੀਤਾ।