ਦਿਨ-ਦਿਹਾੜੇ ਵਾਲ਼ੀਆਂ ਖੋਹਣ ਵਾਲਾ ਨੌਜਵਾਨ ਕਾਬੂ, ਕੀਤਾ ਪੁਲਿਸ ਹਵਾਲੇ
ਪੱਟੀ ’ਚ ਦਿਨ ਦਿਹਾੜੇ ਵਾਲੀਆਂ ਖੋਹਣ ਵਾਲਾ ਨੌਜਵਾਨ ਕਾਬੂ, ਕੀਤਾ ਪੁਲਿਸ ਹਵਾਲੇ
Publish Date: Sat, 16 May 2026 07:00 PM (IST)
Updated Date: Sat, 16 May 2026 07:00 PM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਪੱਟੀ ਦੀ ਵੱਡੀ ਮੰਡੀ ਵਿਖੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ, ਦਿਨ-ਦਿਹਾੜੇ ਇਕ ਔਰਤ ਦੀਆਂ ਦੋ ਨੌਜਵਾਨਾਂ ਨੇ ਵਾਲ਼ੀਆਂ ਝਪਟ ਲਈਆਂ। ਹਾਲਾਂਕਿ ਭੱਜਣ ਦੀ ਕੋਸ਼ਿਸ਼ ਕਰਦੇ ਉਕਤ ਨੌਜਵਾਨਾਂ ਵਿੱਚੋਂ ਇਕ ਨੂੰ ਲੋਕਾਂ ਨੇ ਮੌਕੇ ’ਤੇ ਹੀ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਰਜਿੰਦਰ ਕੁਮਾਰ ਮੈਣੀ ਦੀ ਪਤਨੀ ਕਿਸੇ ਕੰਮ ਸਬੰਧੀ ਬਾਜ਼ਾਰ ਵਿਚ ਆਈ ਹੋਈ ਸੀ। ਇਸ ਦੌਰਾਨ ਪਿੱਛੋਂ ਬਿਨਾਂ ਨੰਬਰ ਦੇ ਸਪਲੈਂਡਰ ਮੋਟਰਸਾਈਕਲ ’ਤੇ ਆ ਰਹੇ ਦੋ ਨੌਜਵਾਨਾਂ ਨੇ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੀਆਂ ਵਾਲ਼ੀਆਂ ਝਪਟ ਲਈਆਂ ਅਤੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਪਰ ਔਰਤ ਵੱਲੋਂ ਰੌਲਾ ਪਾਉਣ ’ਤੇ ਲੋਕਾਂ ਨੇ ਇਕ ਨੌਜਵਾਨ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਜਦੋਂਕਿ ਦੂਜਾ ਮੋਟਰਸਾਈਕਲ ਸਮੇਤ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਰਜਿੰਦਰ ਮੈਣੀ ਨੇ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਕਾਬੂ ਕੀਤੇ ਖੋਹਬਾਜ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਇਲਾਕਾ ਵਾਸੀਆਂ ਨੇ ਦਿਨ ਦਿਹਾੜੇ ਵਾਪਰੀ ਇਸ ਘਟਨਾ ’ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਬਾਜ਼ਾਰਾਂ ਵਿਚ ਲੁੱਟ-ਖੋਹ ਦੀਆਂ ਵਧ ਰਹੀਆਂ ਵਾਰਦਾਤਾਂ ਕਾਰਨ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਾਜ਼ਾਰਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿਚ ਗਸ਼ਤ ਵਧਾਈ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗ ਸਕੇ।