ਨਗਰ ਕੌਂਸਲ ਤੇ ਨਗਰ ਪਾਲਿਕਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ
ਨਗਰ ਕੌਂਸਲ/ਪਾਲਿਕਾ ਚੋਣਾਂ ਮੌਕੇ ਵਿਸ਼ੇਸ਼ ਲੇਖ
Publish Date: Sat, 16 May 2026 05:35 PM (IST)
Updated Date: Sat, 16 May 2026 05:36 PM (IST)

- ਨਗਰ ਕੌਂਸਲ/ਪਾਲਿਕਾ ਚੋਣਾਂ ਮੌਕੇ ਵਿਸ਼ੇਸ਼ ਲੇਖ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਪੰਜਾਬ ਭਰ ਵਿਚ ਨਗਰ ਕੌਂਸਲ ਅਤੇ ਨਗਰ ਪਾਲਿਕਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ। ਹਰ ਗਲੀ, ਹਰ ਮੁਹੱਲੇ ਅਤੇ ਹਰ ਚੌਰਾਹੇ ’ਤੇ ਚੋਣੀ ਚਰਚਾਵਾਂ ਦਾ ਦੌਰ ਜਾਰੀ ਹੈ। ਚੌਧਰਾਂ ਦੇ ਚਾਹਵਾਨ ਅਤੇ ਰਾਜਨੀਤਿਕ ਮਹੱਤਵਾਕਾਂਛਾ ਰੱਖਣ ਵਾਲੇ ਲੋਕ ਇਕ ਪਾਰਟੀ ਤੋਂ ਦੂਜੀ ਪਾਰਟੀ ਵਿਚ ਜਾਣ ਲਈ ਕੁਝ ਮਿੰਟਾਂ ਦਾ ਵੀ ਸਮਾਂ ਨਹੀਂ ਲਗਾ ਰਹੇ। ਬੀਤੇ ਸਮਿਆਂ ਵਿਚ ਜਿਥੇ ਸਿਆਸੀ ਵਫ਼ਾਦਾਰੀ ਨੂੰ ਵੱਡੀ ਅਹਿਮੀਅਤ ਦਿੱਤੀ ਜਾਂਦੀ ਸੀ, ਉੱਥੇ ਅੱਜ ਕੱਲ੍ਹ ਸਿਆਸਤ ਵਿਚ ਪਲਾਂ ਵਿਚ ਰੰਗ ਬਦਲਣ ਦਾ ਰਿਵਾਜ ਆਮ ਹੋ ਗਿਆ ਹੈ। ਸਮਾਜ ਚਿੰਤਕ ਅਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਗੁਰਬਚਨ ਸਿੰਘ ਲਾਲੀ ਨੇ ਚੋਣ ਮਾਹੌਲ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਚੋਣਾਂ ਜਿੱਥੇ ਕਈ ਰੁੱਸਿਆਂ ਨੂੰ ਮਨਾਉਣ ਦਾ ਸਾਧਨ ਬਣਦੀਆਂ ਹਨ, ਉੱਥੇ ਕਈ ਪੁਰਾਣੇ ਰਿਸ਼ਤਿਆਂ ਅਤੇ ਦੋਸਤੀਆਂ ਵਿਚ ਦੂਰੀ ਵੀ ਪੈਦਾ ਕਰ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੇ ਦਿਨਾਂ ਵਿਚ ਕਈ ਅਜਿਹੇ ਲੋਕ ਵੀ ਘਰਾਂ ਦੇ ਦਰਵਾਜ਼ੇ ਖੜਕਾਉਂਦੇ ਹਨ, ਜਿਨ੍ਹਾਂ ਨੇ ਬੀਤੇ ਸਮੇਂ ਵਿਚ ਕਦੇ ਦੁੱਖ-ਸੁੱਖ ’ਚ ਹਾਲ ਤਕ ਨਹੀਂ ਪੁੱਛਿਆ ਹੁੰਦਾ। ਉਨ੍ਹਾਂ ਵਿਅੰਗਮਈ ਅੰਦਾਜ਼ ਵਿਚ ਕਿਹਾ ਕਿ ਅੱਜ ਕੱਲ੍ਹ ਰਾਜਨੀਤੀ ਵਿਚ ‘ਚਾਈਨਾ ਦੇ ਮਾਲ’ ਵਾਲੀ ਸਸਤੀ ਸੋਚ ਹਾਵੀ ਹੋ ਗਈ ਹੈ, ਜਿਸ ਕਰ ਕੇ ਸਿਆਸੀ ਅਸੂਲ ਅਤੇ ਵਿਚਾਰਧਾਰਾਵਾਂ ਪਿੱਛੇ ਰਹਿ ਗਈਆਂ ਹਨ। ਲੋਕ ਆਪਣੇ ਨਿੱਜੀ ਫਾਇਦੇ ਅਤੇ ਚੌਧਰ ਹਾਸਲ ਕਰਨ ਲਈ ਪਾਰਟੀਆਂ ਅਤੇ ਸਬੰਧ ਬਦਲਣ ਵਿਚ ਦੇਰ ਨਹੀਂ ਲਗਾ ਰਹੇ। ਗੁਰਬਚਨ ਸਿੰਘ ਲਾਲੀ ਨੇ ਕਿਹਾ ਕਿ ਹਾਲਾਂਕਿ ਚੋਣਾਂ ਦੌਰਾਨ ਕਈ ਨਵੀਆਂ ਸਾਂਝਾ ਵੀ ਬਣਦੀਆਂ ਹਨ ਜੋ ਭਵਿੱਖ ਵਿਚ ਇਕ-ਦੂਜੇ ਲਈ ਸਹਾਇਕ ਸਾਬਿਤ ਹੁੰਦੀਆਂ ਹਨ, ਪਰ ਇਹ ਤਾਂ ਹੀ ਸੰਭਵ ਹੈ, ਜੇਕਰ ਰਿਸ਼ਤਿਆਂ ਵਿਚ ਸੱਚਾਈ, ਤਹਿਜ਼ੀਬ ਅਤੇ ਸੁਹਿਰਦਤਾ ਹੋਵੇ। ਮਤਲਬਪ੍ਰਸਤੀ ਦੇ ਆਧਾਰ ’ਤੇ ਬਣੇ ਰਿਸ਼ਤੇ ਲੰਮਾ ਸਮਾਂ ਨਹੀਂ ਨਿਭਦੇ। ਉਨ੍ਹਾਂ ਕਿਹਾ ਕਿ ਚੋਣੀ ਮੌਸਮ ਵਿਚ ਬੇਵਕਤੀ ਘਰਾਂ ਦੇ ਦਰਵਾਜ਼ੇ ਖੜਕਾਉਣ ਵਾਲੇ ਅਜਿਹੇ ‘ਪ੍ਰਾਹੁਣਿਆਂ’ ਨੂੰ ਵੇਖ ਕੇ ਪੰਜਾਬ ਦੀ ਮਸ਼ਹੂਰ ਗਾਇਕਾ ਸੁਰਿੰਦਰ ਕੌਰ ਦਾ ਗਾਇਆ ਸਦਾ ਬਹਾਰ ਗੀਤ ਆਪਣੇ ਆਪ ਹੀ ਜ਼ੁਬਾਨ ’ਤੇ ਆ ਜਾਂਦਾ ਹੈ। ‘ਦੀਵਿਆ ਵੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ, ਨੀਂ ਉੱਠ ਵੇਖ ਨਨਾਣੇ ਕੌਣ ਪ੍ਰਾਹੁਣਾ ਆਇਆ…’। ਚੋਣਾਂ ਦਾ ਇਹ ਮੌਸਮ ਸਿਰਫ਼ ਸਿਆਸੀ ਮੁਕਾਬਲੇ ਦਾ ਨਹੀਂ, ਸਗੋਂ ਲੋਕਾਂ ਦੀ ਪਰਖ ਦਾ ਵੀ ਸਮਾਂ ਹੁੰਦਾ ਹੈ, ਜਿੱਥੇ ਵੋਟਰ ਆਪਣੇ ਦਰ ’ਤੇ ਆਉਣ ਵਾਲੇ ਹਰ ‘ਪ੍ਰਾਹੁਣੇ’ ਦੀ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ।