ਫਰੂਟ ਦੀ ਦੁਕਾਨ ’ਚ ਭਿਆਨਕ ਅੱਗ ਲੱਗਣ ਨਾਲ ਸਾਰਾ ਸਾਮਾਨ ਸੜਿਆ
ਅੱਡਾ ਅਲਗੋਂ ਕੋਠੀ ’ਚ ਫਰੂਟ ਦੀ ਦੁਕਾਨ ਨੂੰ ਲੱਗੀ ਭਿਆਨਕ, ਅੱਗ ਲੱਗਣ ਨਾਲ ਸਾਰਾ ਸਮਾਨ ਹੋਇਆ ਸਵਾਹ
Publish Date: Sat, 16 May 2026 04:51 PM (IST)
Updated Date: Sat, 16 May 2026 04:54 PM (IST)

ਦਲਜਿੰਦਰ ਰਾਜਪੂਤ•, ਪੰਜਾਬੀ ਜਾਗਰਣ ਅਲਗੋਂ ਕੋਠੀ : ਅੱਡਾ ਅਲਗੋਂ ਕੋਠੀ ਵਿਖੇ ਗਗਨ ਫਰੂਟ ਨਾਂ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਕਾਰਨ ਉਥੇ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪਰਿਵਾਰ ਨੇ ਸਮਾਜ ਸੇਵੀ ਸੰਸਥਾ ਅਤੇ ਅੱਡਾ ਅਲਗੋਂ ਕੋਠੀ ਦੇ ਵਾਸੀਆਂ ਨੂੰ ਮਦਦ ਦੀ ਗੁਹਾਰ ਲਗਾਈ ਹੈ। ਦੁਕਾਨ ਦੀ ਮਾਲਕ ਪੂਜਾ ਰਾਣੀ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਦੁਕਾਨ ਬੰਦ ਕਰ ਕੇ ਆਪਣੇ ਘਰ ਚਲੇ ਗਏ ਤਾਂ ਰਾਤ ਨੂੰ ਕਿਸੇ ਨੇ ਆ ਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗੀ ਹੋਈ ਹੈ। ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਦੁਕਾਨ ਦੀ ਸੰਚਾਲਕ ਪੂਜਾ ਰਾਣੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੇ ਸਹੁਰੇ ਅਤੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਦੇ ਦੋ ਬੱਚੇ ਅਤੇ ਸੱਸ ਦੋਵਾਂ ਨੇ ਕਰਜ਼ਾ ਚੁੱਕ ਕੇ ਆਪਣਾ ਰੋਜ਼ੀ ਰੋਟੀ ਦਾ ਸਾਧਨ ਫਰੂਟ ਦੀ ਦੁਕਾਨ ਪਾਈ ਸੀ। ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਉਸ ਦੀ ਦੁਕਾਨ ਅੰਦਰ ਫਰਿੱਜ, ਕੈਂਡੀ, ਇਨਵਰਟਰ, ਬੈਟਰੀ ਅਤੇ ਫਰੂਟ ਆਦਿ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਹੈ ਅਤੇ ਉਨ੍ਹਾਂ ਦੀ ਕਮਾਈ ਦਾ ਹੁਣ ਕੋਈ ਸਾਧਨ ਨਹੀਂ ਰਿਹਾ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਅੱਡਾ ਅਲਗੋਂ ਕੋਠੀ ਦੇ ਵਾਸੀਆਂ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ, ਤਾਂ ਜੋ ਉਹ ਮੁੜ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਕਾਰੋਬਾਰ ਸ਼ੁਰੂ ਕਰ ਸਕੇ।