ਗੁਰਦੁਆਰਾ ਬੀੜ ਸਾਹਿਬ ’ਚ ਵਿਸ਼ਾਲ ਸ਼ੈੱਡ ਦੀ ਉਸਾਰੀ ਆਰੰਭ
ਗੁਰਦੁਆਰਾ ਬੀੜ ਸਾਹਿਬ ’ਚ ਵਿਸ਼ਾਲ ਸ਼ੈੱਡ ਦੀ ਉਸਾਰੀ ਆਰੰਭ
Publish Date: Sat, 16 May 2026 04:37 PM (IST)
Updated Date: Sat, 16 May 2026 04:39 PM (IST)

- ਸ਼੍ਰੋਮਣੀ ਕਮੇਟੀ ਨੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਸੇਵਾ - ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਠੱਠਾ ਦੀ ਸੁੰਦਰਤਾ ਵਿਚ ਹੋਵੇਗਾ ਵਾਧਾ : ਬਾਬਾ ਸੁਖਵਿੰਦਰ ਸਿੰਘ - ਸੰਗਤ ਲਈ ਸੁਵਿਧਾਜਨਕ ਹੋਵੇਗਾ ਅਤਿ ਆਧੁਨਿਕ ਵਿਸ਼ਾਲ ਸ਼ੈੱਡ : ਧਰਵਿੰਦਰ ਸਿੰਘ ਮੈਨੇਜਰ ਦਿਲਬਾਗ ਸਿੰਘ ਝਬਾਲ, •ਪੰਜਾਬੀ ਜਾਗਰਣ ਬੀੜ ਸਾਹਿਬ : ਸਿੱਖ ਪੰਥ ਦੇ ਮਹਾਨ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸੰਸਾਰ ਭਰ ਤੋਂ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਤੇ ਸੁਵਿਧਾ ਨੂੰ ਮੁੱਖ ਰੱਖਦਿਆਂ ਚਰਨ ਕੁੰਡ ਤੋਂ ਗੁਰਦੁਆਰਾ ਸਾਹਿਬ ਤਕ ਅਤਿ ਆਧੁਨਿਕ ਵਿਸ਼ਾਲ ਸ਼ੈੱਡ ਦੀ ਉਸਾਰੀ ਦੀ ਸੇਵਾ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਵੱਲੋਂ ਅਰਦਾਸ ਉਪਰੰਤ ਆਰੰਭ ਕੀਤੀ ਗਈ। ਇਹ ਅਹਿਮ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ, ਜਿਸ ਨੂੰ ਬਾਬਾ ਸੁਖਵਿੰਦਰ ਸਿੰਘ ਵੱਲੋਂ ਬੜੀ ਸ਼ਰਧਾ, ਨਿਮਰਤਾ ਅਤੇ ਗੁਰਮਤਿ ਭਾਵਨਾ ਨਾਲ ਅਰਦਾਸ ਉਪਰੰਤ ਆਰੰਭ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਧਰਵਿੰਦਰ ਸਿੰਘ, ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ, ਬਾਬਾ ਅਵਤਾਰ ਸਿੰਘ ਜੀ ਧੱਤਲ, ਬਾਬਾ ਸੋਹਨ ਸਿੰਘ, ਬਾਬਾ ਹਰਬੰਸ ਸਿੰਘ ਕਾਰ ਸੇਵਾ ਤਰਨਤਾਰਨ, ਗੁਰਪ੍ਰੀਤ ਸਿੰਘ ਐੱਸਡੀਓ, ਅਮਰਬੀਰ ਸਿੰਘ ਅਕਾਊਂਟੈਂਟ, ਹਰਪ੍ਰੀਤ ਸਿੰਘ ਜੇਈ, ਮਨਜੀਤ ਸਿੰਘ ਝਬਾਲ ਖੁਰਦ, ਸਰਪੰਚ ਜਰਨੈਲ ਸਿੰਘ ਪੰਡੋਰੀ ਤਖਤੂ ਮਲ ਵੀ ਮੌਜੂਦ ਸਨ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੁੰਦਰ ਸ਼ੈੱਡ ਜਿਥੇ ਗੁਰਦੁਆਰਾ ਸਾਹਿਬ ਦੀ ਆਭਾ ਨੂੰ ਵਧਾਏਗਾ ਉਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਨਤਮਸਤਕ ਹੋਣ ਲਈ ਪਹੁੰਚਦੀ ਸੰਗਤ ਲਈ ਗਰਮੀ, ਬਰਸਾਤ ਜਾਂ ਹੋਰ ਮੌਸਮੀ ਪ੍ਰਭਾਵਾਂ ਤੋਂ ਬਚਾਅ ਲਈ ਇਹ ਵਿਸ਼ਾਲ ਸ਼ੈੱਡ ਸੰਗਤ ਲਈ ਵੱਡੀ ਸੁਵਿਧਾ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਸੇਵਾ, ਸਿਮਰਨ ਅਤੇ ਵੰਡ ਛਕਣ ਦੇ ਮਾਰਗ ‘ਤੇ ਚੱਲਦਿਆਂ ਸੰਪਰਦਾਇ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਕਾਰ ਸੇਵਾ ਰਾਹੀਂ ਗੁਰੂ ਘਰਾਂ ਦੀ ਸੰਭਾਲ ਅਤੇ ਸੁੰਦਰਤਾ ਲਈ ਲਗਾਤਾਰ ਸੇਵਾਵਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਚ ਹੋ ਰਹੀਆਂ ਅਜਿਹੀਆਂ ਸੇਵਾਵਾਂ ਨਾਲ ਨਾ ਸਿਰਫ਼ ਧਾਰਮਿਕ ਅਸਥਾਨਾਂ ਦੀ ਸੁੰਦਰਤਾ ਵਿਚ ਵਾਧਾ ਹੁੰਦਾ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਗੁਰੂ ਘਰ ਨਾਲ ਜੋੜਨ ਦੀ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਧਰਵਿੰਦਰ ਸਿੰਘ ਮਾਣੋਚਾਹਲ ਨੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਜੀ ਵੱਲੋਂ ਪਹਿਲਾਂ ਵੀ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਠੱਠਾ ਵਿਖੇ ਵਿਖੇ ਲੰਗਰ ਹਾਲ ਦਾ ਨਵੀਨੀਕਰਨ, ਰਸਦਾਂ ਦੇ ਗੁਦਾਮ ਅਤੇ ਪਰਿਕਰਮਾ ਵਿਚ ਮਾਰਬਲ ਦੀ ਸੇਵਾ ਦੇਵੀ ਕਾਰਜ ਚੱਲ ਰਹੇ ਹਨ ਅਤੇ ਅੱਜ ਸ਼ੈੱਡ ਦੀ ਸ਼ੁਰੂ ਕੀਤੀ ਇਹ ਸੇਵਾ ਦਾ ਕਾਰਜ ਸੰਗਤ ਲਈ ਬਹੁਤ ਸੁਵਿਧਾਜਨਕ ਹੋਏਗਾ। ਉਨ੍ਹਾਂ ਨੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮਹਾਂਪੁਰਸ਼ਾਂ ਨੂੰ ਸੇਵਾ ਦੇ ਕਾਰਜਾਂ ਵਿਚ ਸਹਿਯੋਗ ਕਰਨ। ਇਸ ਮੌਕੇ ਬਾਬਾ ਅਵਤਾਰ ਸਿੰਘ, ਬਾਬਾ ਰਤਨ ਸਿੰਘ, ਬਾਬਾ ਨਾਜਰ ਸਿੰਘ, ਬਾਬਾ ਪਰਮਜੀਤ ਸਿੰਘ ਪੰਮਾ, ਬਾਬਾ ਹੀਰਾ ਸਿੰਘ, ਬਾਬਾ ਕਰਨ ਸਿੰਘ, ਬਾਬਾ ਪ੍ਰਤਾਪ ਸਿੰਘ, ਬਾਬਾ ਪ੍ਰਦੀਪ ਸਿੰਘ ਪਲਾਹ ਸਾਹਿਬ, ਬਾਬਾ ਸਰਵਣ ਸਿੰਘ, ਬਾਬਾ ਕਾਬਲ ਸਿੰਘ, ਬਾਬਾ ਯਾਦਵਿੰਦਰ ਸਿੰਘ, ਬਾਬਾ ਨਿਰਮਲ ਸਿੰਘ, ਬਾਬਾ ਗੁਰਭੇਜ ਸਿੰਘ, ਬਾਬਾ ਸੇਵਾ ਸਿੰਘ, ਬਾਬਾ ਨਰਿੰਦਰ ਸਿੰਘ, ਬਾਬਾ ਮਹੰਤ ਜੀ, ਬਾਬਾ ਗੁਰਜੰਟ ਸਿੰਘ ਤੇ ਸੁਖਬੀਰ ਸਿੰਘ ਮਾਹਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।