ਆਪਣੇ ਹੱਕਾਂ ਲਈ ਲਾਮਬੰਦ ਹੋਣਾ ਸਮੇਂ ਦੀ ਵੱਡੀ ਲੋੜ : ਸਭਰਾ
ਆਪਣੇ ਹੱਕਾਂ ਲਈ ਲਾਮਬੰਦ ਹੋਣਾ ਸਮੇਂ ਦੀ ਵੱਡੀ ਲੋੜ - ਸਭਰਾ
Publish Date: Fri, 15 May 2026 08:24 PM (IST)
Updated Date: Fri, 15 May 2026 08:27 PM (IST)

ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਕੇਂਦਰ ਤੇ ਸੂਬਾ ਸਰਕਾਰ ਪੰਜਾਬ ਨੂੰ ਨਿਘਾਰ ਵੱਲ ਲਿਜਾ ਰਹੇ ਹਨ। ਹਰ ਦਿਨ ਕਤਲੋਗਾਰਦ, ਲੁੱਟਾ-ਖੋਹਾਂ ਸਾਹਮਣੇ ਬੇਵੱਸ ਹੋਈਆਂ ਸਰਕਾਰਾਂ ਹੱਕਾਂ ਲਈ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਡਾਂਗਾਂ ਨਾਲ ਕੁੱਟ ਰਹੀਆਂ ਹਨ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਥੇਦਾਰ ਸੁਖਵਿੰਦਰ ਸਿੰਘ ਸਭਰਾ ਨੇ ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ-ਮਜ਼ਦੂਰਾਂ ਨੂੰ ਲਾਮਬੰਦ ਕਰਨ ਮਗਰੋਂ ਹਰੀਕੇ ਪੱਤਣ ਵਿਖੇ ਵਿਚਾਰ ਸਾਂਝੇ ਕੀਤੇ। ਸਭਰਾ ਨੇ ਕਿਹਾ ਕਿ ਹੱਕਾਂ ਪ੍ਰਤੀ ਲਾਮਬੰਦ ਹੋਣਾ ਅਜੋਕੇ ਸਮੇਂ ਦੀ ਵੱਡੀ ਮੰਗ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤੇ ਨੂੰ ਸਹੂਲਤਾਂ ਦੇ ਨਾਂ ’ਤੇ ਹੱਥ ਫੈਲਾਉਣ ਵੱਲ ਧੱਕ ਰਹੀਆਂ ਸਰਕਾਰਾਂ ਦੀ ਮਨਸ਼ਾ ਲੋਕ ਭਲਾਈ ਨਹੀਂ, ਬਲਕਿ ਹਰ ਵੇਲੇ ਸੱਤਾ ’ਤੇ ਕਾਬਜ਼ ਰਹਿ ਕੇ ਆਪਣੇ ਹੱਥ ਰੰਗਣ ਨੂੰ ਹੀ ਪਹਿਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਨਤਾ ’ਤੇ ਜ਼ਬਰਦਸਤੀ ਥੋਪੇ ਲੀਡਰ ਗ਼ਰੀਬ ਦੇ ਹੱਕਾਂ ਦੀ ਗੱਲ ਕਰਦੇ ਖੁਦ ਆਰਥਿਕ ਪੱਖ ਤੋਂ ਅਮੀਰ ਹੋ ਰਹੇ ਹਨ। ਸਭਰਾ ਨੇ ਕਿਹਾ ਕਿ ਆਪਣੇ ਜਮਹੂਰੀ ਹੱਕਾਂ ਲਈ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਹਿੱਸਾ ਬਣੀਏ ਤਾਂ ਜੋ ਸਿਆਸੀ ਲੋਕਾਂ ਵੱਲੋਂ ਬਣਾਈ ਪੁਲਿਸ ਸਟੇਟ ਅੰਦਰ ਪੁਲਿਸ ਤੰਤਰ ਦੇ ਤਸ਼ੱਦਦ ਦਾ ਮੁਕਾਬਲਾ ਕੀਤਾ ਜਾ ਸਕੇ। ਇਸ ਮੌਕੇ ਪੱਟੀ ਜ਼ੋਨ ਆਗੂ ਸਵਰਨ ਸਿੰਘ ਖਹਿਰਾ, ਪ੍ਰਧਾਨ ਸਤਨਾਮ ਸਿੰਘ ਹਰੀਕੇ, ਗੁਰਸੇਵਕ ਸਿੰਘ ਉੱਪਲ, ਬਾਬਾ ਬਲਵਿੰਦਰ ਸਿੰਘ, ਰਣਜੀਤ ਸਿੰਘ ਸੰਧੂ, ਬਲਵੰਤ ਸਿੰਘ, ਮੇਜਰ ਸਿੰਘ, ਸੁਖਚੈਨ ਸਿੰਘ, ਜਗਤਾਰ ਸਿੰਘ, ਸਕੱਤਰ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।