ਹਥਿਆਰਾਂ ਸਮੇਤ ਤਿੰਨ ਨੌਜਵਾਨ ਕਾਬੂ
ਤਰਨਤਾਰਨ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਤਿੰਨ ਨੌਜਵਾਨ ਕਾਬੂ
Publish Date: Fri, 15 May 2026 08:01 PM (IST)
Updated Date: Fri, 15 May 2026 08:03 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਸਰਹਾਲੀ ਕਲਾਂ : ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਬਿਨਾ ਨੰਬਰ ਦੀ ਈਕੋ ਸਪੋਰਟ ਗੱਡੀ ਵਿੱਚੋਂ ਤਿੰਨ ਨੌਜਵਾਨਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਏਐੱਸਆਈ ਹਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਸ਼ੇਰੋਂ ਕੋਲ ਪੁੱਜੀ ਤਾਂ ਫਿਰਨੀ ਕੋਲ ਬਿਨਾ ਨੰਬਰ ਦੀ ਈਕੋ ਸਪੋਰਟ ਗੱਡੀ ਦਿਖਾਈ ਦਿੱਤੀ, ਜਿਸ ਵਿਚ ਇਕ ਨੌਜਵਾਨ ਬੈਠਾ ਸੀ ਅਤੇ ਦੋ ਗੱਡੀ ਦੇ ਬਾਹਰ ਖੜ੍ਹੇ ਸਨ। ਪੁਲਿਸ ਨੂੰ ਵੇਖ ਉਕਤ ਦੋਵੇਂ ਨੌਜਵਾਨ ਵੀ ਜਦੋਂ ਕਾਰ ਵਿਚ ਬੈਠਣ ਲੱਗੇ ਤਾਂ ਉਨ੍ਹਾਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਵਿੱਚੋਂ ਪ੍ਰਸ਼ਾਂਤ ਕਾਲੀ ਪੁੱਤਰ ਜਗਦੀਸ਼ ਵਾਸੀ ਲੁਧਿਆਣਾ ਕੋਲੋਂ .30 ਬੋਰ ਦਾ ਪਿਸਤੌਲ ਤੇ ਦੋ ਕਾਰਤੂਸਾਂ ਤੋਂ ਇਲਾਵਾ ਇਕ ਫੋਨ ਬਰਾਮਦ ਹੋਇਆ। ਇਸੇ ਤਰ੍ਹਾਂ ਨੀਰਜ ਸ਼ਰਮਾ ਪੁੱਤਰ ਜਗਨ ਨਾਥ ਸ਼ਰਮਾ ਵਾਸੀ ਲੁਧਿਆਣਾ ਦੀ ਤਲਾਸ਼ੀ ਦੌਰਾਨ ਆਈ ਫੋਨ ਬਰਾਮਦ ਹੋਇਆ। ਜਦੋਂਕਿ ਇਨ੍ਹਾਂ ਦੇ ਤੀਸਰੇ ਸਾਥੀ ਗੁਰਲਾਲ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਕਾਜੀਕੋਟ ਕੋਲੋਂ .30 ਬੋਰ ਦਾ ਪਿਸਤੌਲ ਦੇ ਦੋ ਕਾਰਤੂਸ ਮਿਲੇ। ਐੱਸਐੱਸਪੀ ਨੇ ਦੱਸਿਆ ਕਿ ਤਿੰਨਾਂ ਵਿਰੁੱਧ ਥਾਣਾ ਸਰਹਾਲੀ ’ਚ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।