ਸਕੂਲ ਦੇ ਗੇਟ ਕੋਲੋਂ ਲੜਕੀ ਨੂੰ ਅਗਵਾ ਕੀਤਾ, ਫਿਰ ਛੱਡ ਕੇ ਹੋਏ ਫ਼ਰਾਰ
ਸਕੂਲ ਦੇ ਗੇਟ ਕੋਲੋਂ ਲੜਕੀ ਨੂੰ ਅਗਵਾ ਕੀਤਾ, ਫਿਰ ਛੱਡ ਕੇ ਹੋਏ ਫਰਾਰ
Publish Date: Fri, 15 May 2026 07:56 PM (IST)
Updated Date: Fri, 15 May 2026 07:57 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਚੋਹਲਾ ਸਾਹਿਬ : ਸਥਾਨਕ ਇਕ ਪਿੰਡ ਦੀ 14 ਸਾਲਾ ਕੁੜੀ ਨੂੰ ਕਥਿਤ ਤੌਰ ’ਤੇ ਤਿੰਨ ਲੋਕਾਂ ਵੱਲੋਂ ਸਕੂਲ ਦੇ ਗੇਟ ਅੱਗੋਂ ਕਾਰ ਵਿਚ ਅਗਵਾ ਕਰਨ ਅਤੇ ਫਿਰ ਕਸਬਾ ਹਰੀਕੇ ਵਿਖੇ ਛੱਡ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਸਵੀਂ ਜਮਾਤ ਵਿਚ ਪੜ੍ਹਦੀ ਹੈ। ਸਵੇਰੇ ਸਾਢੇ ਸੱਤ ਵਜੇ ਉਹ ਪਿੰਡ ਦੇ ਸਕੂਲ ਗਈ ਸੀ। ਸਾਢੇ 9 ਵਜੇ ਸਕੂਲੋਂ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਸਕੂਲ ਨਹੀਂ ਆਈ। ਇਹ ਜਾਣਕਾਰੀ ਉਸ ਨੇ ਆਪਣੇ ਪਤੀ ਨੂੰ ਦਿੱਤੀ ਅਤੇ ਉਹ ਦੋਵੇਂ ਕੁੜੀ ਦੀ ਭਾਲ ਕਰਨ ਲੱਗੇ। ਸਵੇਰੇ ਕਰੀਬ ਸਾਢੇ 11 ਵਜੇ ਉਨ੍ਹਾਂ ਦੀ ਲੜਕੀ ਸਹਿਮੀ ਹੋਈ ਘਰ ਪਰਤ ਆਈ। ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਜਦੋਂ ਉਹ ਸਕੂਲ ਦੇ ਗੇਟ ਕੋਲ ਪੁੱਜੀ ਤਾਂ ਪਿੱਛੇ ਹਰਮਨਦੀਪ ਸਿੰਘ ਆਪਣੀ ਗੱਡੀ ਵਿਚ ਆਇਆ ਤੇ ਉਸ ਨੂੰ ਕਾਰ ਵਿਚ ਬਿਠਾ ਲਿਆ। ਉਨ੍ਹਾਂ ਦੱਸਿਆ ਕਿ ਕਾਰ ਵਿਚ ਜਗਪ੍ਰੀਤ ਸਿੰਘ ਅਤੇ ਗੋਪੀ ਨਾਮਕ ਮੁੰਡੇ ਵੀ ਮੌਜੂਦ ਸਨ। ਤਿੰਨੇ ਜਣੇ ਉਸ ਨੂੰ ਤਰਨਤਾਰਨ ਵੱਲ ਲਿਜਾ ਰਹੇ ਸੀ ਕਿ ਹਰਮਨਦੀਪ ਸਿੰਘ ਨੂੰ ਕਿਸੇ ਦਾ ਫੋਨ ਆਇਆ। ਜਿਸ ਤੋਂ ਬਾਅਦ ਉਹ ਗੱਡੀ ਹਰੀਕੇ ਵੱਲ ਲੈ ਗਿਆ ਅਤੇ ਅੱਡੇ ’ਤੇ ਉਸ ਨੂੰ ਉਤਾਰ ਦਿੱਤਾ। ਉਨ੍ਹਾਂ ਧਮਕੀ ਦਿੱਤੀ ਕਿ ਇਸ ਬਾਰੇ ਕਿਸੇ ਨੂੰ ਨਾ ਦੱਸੇ। ਜਾਂਚ ਅਧਿਕਾਰੀ ਸਬ ਇੰਸਪੈਕਟਰ ਕਰਨਬੀਰ ਕੌਰ ਨੇ ਦੱਸਿਆ ਕਿ ਹਰਮਨਦੀਪ ਸਿੰਘ, ਜਗਪ੍ਰੀਤ ਸਿੰਘ ਅਤੇ ਗੋਪੀ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।