ਨਗਰ ਕੌਂਸਲ ਚੋਣਾਂ ਲਈ ਕੈਰੋਂ ਟੀਮ ਨੇ ਆਜ਼ਾਦ ਉਮੀਦਵਾਰਾਂ ਵਜੋਂ ਭਰੇ ਨਾਮਜ਼ਦਗੀ ਪੱਤਰ
ਨਗਰ ਕੌਂਸਲ ਚੋਣਾਂ ਪੱਟੀ ਲਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਟੀਮ ਨੇ ਆਜ਼ਾਦ ਉਮੀਦਵਾਰਾਂ ਵਜੋਂ ਭਰੇ ਨਾਮਜ਼ਦਗੀ ਪੱਤਰ
Publish Date: Fri, 15 May 2026 06:20 PM (IST)
Updated Date: Fri, 15 May 2026 06:21 PM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਨਗਰ ਕੌਂਸਲ ਪੱਟੀ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸ਼ਹਿਰ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਸ਼ੁੱਕਰਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਪੰਜਾਬ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਟੀਮ ਵੱਲੋਂ ਆਜ਼ਾਦ ਉਮੀਦਵਾਰਾਂ ਨੇ ਆਪਣੇ ਸਮੱਰਥਕਾਂ ਸਮੇਤ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਉਮੀਦਵਾਰਾਂ ਨੇ ਐੱਸਡੀਐੱਮ ਪੱਟੀ ਅਤੇ ਕਮ ਰਿਟਰਨਿੰਗ ਅਫ਼ਸਰ ਅਮਨਦੀਪ ਸਿੰਘ ਕੋਲ ਆਪਣੇ ਕਾਗਜ਼ ਜਮ੍ਹਾਂ ਕਰਵਾਏ। ਨਾਮਜ਼ਦਗੀ ਦੌਰਾਨ ਉਮੀਦਵਾਰਾਂ ਅਤੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵੱਖ-ਵੱਖ ਵਾਰਡਾਂ ਤੋਂ ਉਮੀਦਵਾਰਾਂ ਨੇ ਵੱਡੀ ਗਿਣਤੀ ਵਿਚ ਸਾਥੀਆਂ ਨਾਲ ਪਹੁੰਚ ਕੇ ਆਪਣੇ ਨਾਮਜ਼ਦਗੀ ਫਾਰਮ ਭਰੇ। - ਵੱਖ-ਵੱਖ ਵਾਰਡਾਂ ਤੋਂ ਉਮੀਦਵਾਰਾਂ ਨੇ ਭਰੇ ਕਾਗਜ਼ ਇਸ ਮੌਕੇ ਵਾਰਡ ਨੰਬਰ 4 ਤੋਂ ਸੁਨੀਲ ਕੁਮਾਰ ਲਵਲੀ ਪੁੱਤਰ ਅਜੀਤ ਸਿੰਘ, ਵਾਰਡ ਨੰਬਰ 5 ਤੋਂ ਸੋਨੀਆ ਪਤਨੀ ਅਜੇ ਕੁਮਾਰ, ਵਾਰਡ ਨੰਬਰ 6 ਤੋਂ ਬਿਕਰਮਜੀਤ ਸਿੰਘ ਸੋਹਲ ਪੁੱਤਰ ਗੁਰਦੀਪ ਸਿੰਘ ਸੋਹਲ, ਵਾਰਡ ਨੰਬਰ 7 ਤੋਂ ਸ਼ਾਈਨਾ ਪਤਨੀ ਰਮਨ ਕੁਮਾਰ, ਵਾਰਡ ਨੰਬਰ 9 ਤੋਂ ਨਿਧੀ ਚੌਧਰੀ ਪਤਨੀ ਦੀਪਕ ਚੌਧਰੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸੇ ਤਰ੍ਹਾਂ ਵਾਰਡ ਨੰਬਰ 11 ਤੋਂ ਮਨਜਿੰਦਰ ਕੌਰ ਪਤਨੀ ਮਨਦੀਪ ਸਿੰਘ, ਵਾਰਡ ਨੰਬਰ 13 ਤੋਂ ਬਲਜੀਤ ਕੌਰ ਪਤਨੀ ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ, ਵਾਰਡ ਨੰਬਰ 15 ਤੋਂ ਕੁਲਦੀਪ ਕੌਰ ਪਤਨੀ ਹਰਦੀਪ ਸਿੰਘ ਆਰਓ, ਵਾਰਡ ਨੰਬਰ 16 ਤੋਂ ਬਲਵਿੰਦਰ ਸਿੰਘ ਅਤੇ ਵਾਰਡ ਨੰਬਰ 19 ਤੋਂ ਮਲਕੀਤ ਕੌਰ ਪਤਨੀ ਸਵਿੰਦਰ ਨੇ ਵੀ ਆਪਣੇ ਕਾਗਜ਼ ਦਾਖਲ ਕੀਤੇ। - ਕੈਰੋਂ ਪਰਿਵਾਰ ਨੇ ਸ਼ਹਿਰ ’ਚ ਕਰਵਾਏ ਬੇਹਿਸਾਬ ਵਿਕਾਸ ਕਾਰਜ : ਭਾਟੀਆ ਤੇ ਚੰਨ ਇਸ ਮੌਕੇ ਆਪਣੇ ਸਮੱਰਥਕਾਂ ਨੂੰ ਸੰਬੋਧਨ ਕਰਦਿਆਂ ਸਮੂਹ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐੱਸਜੀਪੀਸੀ ਅਤੇ ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ ਨੇ ਕਿਹਾ ਕਿ ਇਹ ਚੋਣਾਂ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਦੀ ਅਗਵਾਈ ਹੇਠ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਰੋਂ ਪਰਿਵਾਰ ਨੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਦੀਆਂ ਵਾਰਡਾਂ ਵਿਚ ਬੇਹਿਸਾਬ ਵਿਕਾਸ ਕਾਰਜ ਕਰਵਾਏ ਹਨ, ਜਿਸ ਕਾਰਨ ਲੋਕ ਅੱਜ ਵੀ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕੀਮਤੀ ਵੋਟਾਂ ਪਾ ਕੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਜੋ ਉਹ ਵਾਰਡਾਂ ਦੀ ਹੋਰ ਬਿਹਤਰ ਢੰਗ ਨਾਲ ਸੇਵਾ ਕਰ ਸਕਣ। ਇਸ ਮੌਕੇ ਰਮਦੀਪ ਸਿੰਘ ਸੋਨੂੰ ਚੀਮਾ, ਮਨੀਸ਼ ਕੁਮਾਰ ਵਰਮਾ, ਅਮਰਜੀਤ ਸਿੰਘ ਐੱਚਕੇ, ਰਜਿੰਦਰ ਕੇਪੀ, ਅਮਰੀਕ ਸਿੰਘ ਭੁੱਲਰ ਐੱਮਬੀਏ, ਗੁਰਦੇਵ ਸਿੰਘ ਸੋਨੂੰ ਚੀਮਾ, ਜੰਗ ਫਰਨੀਚਰ ਵਾਲੇ, ਜਸਬੀਰ ਸਿੰਘ ਜੱਸ, ਸੁਦੇਸ਼ ਰਾਣੀ, ਸਤਪਾਲ ਅਰੋੜਾ, ਦੀਪਕ ਚੌਧਰੀ, ਰਮਨ ਸ਼ਰਮਾ, ਅਜੇ ਪ੍ਰਧਾਨ, ਅਮਨਦੀਪ ਸਿੰਘ ਰੜੀਆਂ, ਵਿੱਕੀ ਛੀਨਾ ਅਤੇ ਹੋਰ ਸਾਥੀ ਵੀ ਹਾਜ਼ਰ ਸਨ। - ਸ਼ਹਿਰ ਦੀਆਂ 19 ਵਾਰਡਾਂ ’ਚ ਕੈਰੋਂ ਟੀਮ ਲੜੇਗੀ ਚੋਣ : ਕੈਰੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਨਗਰ ਕੌਂਸਲ ਪੱਟੀ ਦੀਆਂ ਸਮੂਹ 19 ਵਾਰਡਾਂ ਵਿਚ ਚੋਣ ਮੈਦਾਨ ’ਚ ਉਮੀਦਵਾਰ ਉਤਾਰੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਭਰਪੂਰ ਸਮੱਰਥਨ ਕੈਰੋਂ ਟੀਮ ਨੂੰ ਮਿਲ ਰਿਹਾ ਹੈ ਅਤੇ ਹਰ ਵਾਰਡ ਵਿਚ ਵਿਕਾਸ ਦੇ ਮੁੱਦੇ ਨੂੰ ਲੈ ਕੇ ਚੋਣ ਲੜੀ ਜਾ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸ਼ਹਿਰ ਵਾਸੀ ਵਿਕਾਸ ਅਤੇ ਇਮਾਨਦਾਰ ਸੇਵਾ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੀ ਟੀਮ ਨੂੰ ਵੱਡੀ ਜਿੱਤ ਦਿਵਾਉਣਗੇ।