ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਦੇ ਨਾਂ ’ਤੇ ਦਿੱਤਾ ਮੰਗ ਪੱਤਰ
ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਦੇ ਨਾਂ ’ਤੇ ਦਿੱਤੇ ਮੰਗ ਪੱਤਰ
Publish Date: Fri, 15 May 2026 05:25 PM (IST)
Updated Date: Fri, 15 May 2026 05:27 PM (IST)

- ਗੋਇੰਦਵਾਲ ਸਾਹਿਬ ਵਿਖੇ ਲੱਗਣ ਵਾਲੇ ਕੈਂਪਾਕੋਲਾ ਪਲਾਂਟ ਦੇ ਪ੍ਰਦੂਸ਼ਣ ਦਾ ਮਾਮਲਾ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਇਕਾਈ ਸ੍ਰੀ ਗੋਇੰਦਵਾਲ ਸਾਹਿਬ ਅਤੇ ਇਕਾਈ ਝੰਡੇਰ ਮਹਾਪੁਰਸ਼ਾਂ ਦੀ ਇਕਾਈ ਵੱਲੋਂ ਸ੍ਰੀ ਗੋਇੰਦਵਾਲ ਸਾਹਿਬ ਦੇ ਪ੍ਰਧਾਨ ਦਵਿੰਦਰ ਸਿੰਘ ਗਿੱਲ ਅਤੇ ਇਕਾਈ ਝੰਡੇਰ ਮਹਾਪੁਰਸ਼ਾਂ ਦੇ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ਵਿਚ ਜ਼ਿਲ੍ਹੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ, ਐੱਸਐੱਸਪੀ ਅਤੇ ਖਡੂਰ ਸਾਹਿਬ ਵਿਖੇ ਐੱਸਡੀਐੱਮ ਦਫ਼ਤਰ ਵਿਚ ਜਾ ਕੇ ਇਲਾਕੇ ਅੰਦਰ ਲੱਗ ਰਹੀ ਕੈਂਪਾਕੋਲਾ ਫੈਕਟਰੀ ਅਤੇ ਜੇਲ੍ਹ ਵਿਚ ਲੱਗੇ ਜੈਮਰਾਂ ਬਾਰੇ ਮੰਗ ਪੱਤਰ ਦਿੱਤੇ ਗਏ। ਕਾਫੀ ਦਿਨਾਂ ਤੋਂ ਇਲਾਕੇ ਵਿਚ ਇਕ ਮੰਗ ਬੜੇ ਜ਼ੋਰ ਨਾਲ ਚੱਲ ਰਹੀ ਸੀ ਕਿ ਜੋ ਇਹ ਕੈਂਪਾਕੋਲਾ ਫੈਕਟਰੀ ਸ੍ਰੀ ਗੋਇੰਦਵਾਲ ਸਾਹਿਬ ਵਿਚ ਲੱਗਣ ਜਾ ਰਹੀ ਹੈ, ਇਸ ਨਾਲ ਇਲਾਕੇ ਵਿਚ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਆ ਜਾਵੇਗੀ। ਕਿਉਂਕਿ ਲਗਭਗ ਇਕ ਕਰੋੜ ਲੀਟਰ ਪਾਣੀ ਜ਼ਮੀਨ ਵਿੱਚੋਂ ਰੋਜ਼ਾਨਾ ਇਸ ਕੰਪਨੀ ਵੱਲੋਂ ਲਿਆ ਜਾਵੇਗਾ, ਜਿਸ ਨਾਲ ਇਲਾਕੇ ਵਿਚ ਜ਼ਮੀਨ ਬੰਜਰ ਹੋ ਜਾਵੇਗੀ। ਫਿਰ ਉਹ ਹੀ ਪਾਣੀ ਬਿਨਾਂ ਫਿਲਟਰ ਕੀਤੇ ਜ਼ਮੀਨ ਵਿਚ ਪਾਇਆ ਜਾਵੇਗਾ, ਜਿਸ ਨਾਲ ਸਾਡੇ ਇਲਾਕੇ ਵਿਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹੇਗਾ। ਇਸ ਇਲਾਕੇ ਦੀ ਸੰਗਤ ਦੀ ਮੰਗ ਨੂੰ ਮੁੱਖ ਰੱਖਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇਕਾਈ ਸ੍ਰੀ ਗੋਇੰਦਵਾਲ ਸਾਹਿਬ ਅਤੇ ਇਕਾਈ ਝੰਡੇਰ ਮਹਾਪੁਰਸ਼ਾਂ ਵੱਲੋਂ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ, ਇਲਾਕੇ ਦੇ ਸਕੂਲਾਂ, ਧਾਰਮਿਕ ਸੰਸਥਾਵਾਂ ਅਤੇ ਹੋਰ ਵੀ ਬਹੁਤ ਸਾਰੇ ਮੋਹਤਬਰ ਆਗੂਆਂ ਦੇ ਸਲਾਹ ਮਸ਼ਵਰੇ ਨਾਲ ਸਾਰੇ ਇਲਾਕੇ ਵਿਚ ਇਕ ਦਸਤਖਤ ਮੁਹਿੰਮ ਚਲਾ ਕੇ ਮੰਗ ਪੱਤਰ ਤਿਆਰ ਕੀਤਾ ਗਿਆ। ਉਸ ਉਪਰ ਹੋਣ ਵਾਲੇ ਨੁਕਸਾਨ ਬਾਰੇ ਪੂਰੀ ਜਾਣਕਾਰੀ ਲਿਖਣ ਤੋਂ ਬਾਅਦ ਅੱਜ ਇਹ ਮੰਗ ਪੱਤਰ ਇਲਾਕੇ ਦੀਆਂ ਸੰਗਤਾਂ ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਰਨਤਾਰਨ ਦੇ ਐੱਸਐੱਸਪੀ ਸੁਰਿੰਦਰ ਲਾਂਬਾ, ਸਹਾਇਕ ਕਮਿਸ਼ਨਰ ਰੋਬਿਨਜੀਤ ਕੌਰ ਅਤੇ ਐੱਸਡੀਐੱਮ ਖਡੂਰ ਸਾਹਿਬ ਦੇ ਦਫ਼ਤਰ ਵਿਖੇ ਸੁਪਰਡੈਂਟ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ ਅਤੇ ਮੰਗ ਪੱਤਰ ਸੌਂਪਿਆ ਗਿਆ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਸਾਰੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦੀ ਹੀ ਇਕ ਕਮੇਟੀ ਬਣਾ ਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ। ਇਸੇ ਤਰ੍ਹਾਂ ਹੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋ ਜੈਮਰ ਲੱਗੇ ਹਨ, ਉਸ ਬਾਰੇ ਵੀ ਕੁਝ ਦਿਨ ਪਹਿਲਾਂ ਵੀ ਡਿਪਟੀ ਕਮਿਸ਼ਨਰ ਨੂੰ ਇਸ ਬਾਰੇ ਮੰਗ ਪੱਤਰ ਦਿੱਤਾ ਗਿਆ ਸੀ। ਉਸ ਉਪਰ ਅਮਲ ਕਰਦਿਆਂ ਐੱਸਡੀਐੱਮ ਖਡੂਰ ਸਾਹਿਬ ਦੀ ਅਗਵਾਈ ਵਿਚ ਡੀਸੀ ਦਫ਼ਤਰ ਵੱਲੋਂ ਇਕ ਕਮੇਟੀ ਬਣਾਈ ਗਈ ਹੈ, ਜਿਸ ’ਤੇ ਅੱਗੇ ਅਮਲ ਚੱਲ ਰਿਹਾ ਹੈ। ਇਸ ਬਾਰੇ ਵੀ ਐੱਸਡੀਐੱਮ ਖਡੂਰ ਸਾਹਿਬ ਦੇ ਦਫ਼ਤਰ ਵਿਖੇ ਸੁਪਰਡੈਂਟ ਨੂੰ ਜਾਣੂ ਕਰਵਾਇਆ ਗਿਆ। ਐੱਸਡੀਐੱਮ ਸ੍ਰੀ ਖਡੂਰ ਸਾਹਿਬ ਦੇ ਦਫ਼ਤਰ ਵੱਲੋਂ ਵੀ ਇਹ ਯਕੀਨ ਦਿਵਾਇਆ ਗਿਆ ਕਿ ਇਲਾਕੇ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਜਲਦੀ ਹੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਅੱਜ ਵੱਖ-ਵੱਖ ਥਾਵਾਂ ’ਤੇ ਮੰਗ ਪੱਤਰ ਸੌਂਪਣ ਸਮੇਂ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਦਵਿੰਦਰ ਸਿੰਘ ਗਿੱਲ, ਮਨਜੀਤ ਸਿੰਘ ਝੰਡੇਰ ਮਹਾਪੁਰਸ਼ਾਂ, ਹਰੀ ਸਿੰਘ ਝੰਡੇਰ ਮਹਾਂਪੁਰਖਾਂ, ਇਕਬਾਲ ਸਿੰਘ ਢੋਟੀ, ਸੁਰਿੰਦਰ ਸਿੰਘ ਢੋਟੀ, ਬਲਵਿੰਦਰ ਸਿੰਘ ਰੰਧਾਵਾ, ਜੋਗਿੰਦਰ ਸਿੰਘ ਰੰਧਾਵਾ, ਸ਼ੈਲੀ ਸਿੰਘ ਆਦਿ ਹਾਜ਼ਰ ਸਨ।