ਪੰਜਾਬ ਦੇ ਸੈਨਿਕ ਸਕੂਲਾਂ ’ਚ ਪੰਜਾਬੀ ਦੀ ਥਾਂ ਸੰਸਕ੍ਰਿਤ ਲਾਗੂ ਕਰਨਾ ਨਿਖੇਧੀਯੋਗ : ਢਿੱਲੋਂ
ਪੰਜਾਬ ਦੇ ਸੈਨਿਕ ਸਕੂਲਾਂ ਵਿਚ ਪੰਜਾਬੀ ਦੀ ਥਾਂ ਸੰਸਕ੍ਰਿਤ ਲਾਗੂ ਕਰਨਾ ਨਿਖੇਧੀਯੋਗ - ਜਸਵਿੰਦਰ ਸਿੰਘ ਢਿੱਲੋਂ
Publish Date: Fri, 15 May 2026 05:21 PM (IST)
Updated Date: Fri, 15 May 2026 05:24 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨਤਾਰਨ ਦੀ ਮੀਟਿੰਗ ਬਲਬੀਰ ਸਿੰਘ ਭੈਲ ਦੀ ਪ੍ਰਧਾਨਗੀ ਹੇਠ ਭਾਈ ਮੋਹਨ ਸਿੰਘ ਵੈਦ ਯਾਦਗਰੀ ਲਾਇਬ੍ਰੇਰੀ ਤਰਨਤਾਰਨ ਵਿਖੇ ਹੋਈ। ਜਿਸ ਵਿਚ ਕੇਂਦਰ ਵੱਲੋਂ ਸੰਚਾਲਿਤ ਪੰਜਾਬ ਦੇ ਸੈਨਿਕ ਸਕੂਲਾਂ ਵਿਚ ਸੰਸਕ੍ਰਿਤ ਨੂੰ ਲਾਜ਼ਮੀ ਅਤੇ ਪੰਜਾਬੀ ਨੂੰ ਚੋਣਵਾਂ ਵਿਸ਼ਾ ਐਲਾਨਣ ਦਾ ਸਰਬ ਸੰਮਤੀ ਨਾਲ ਡੱਟ ਕੇ ਵਿਰੋਧ ਕੀਤਾ ਗਿਆ। ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਪੰਜਾਬੀ ਭਾਸ਼ਾ ਨਾਲ ਸਰਾਸਰ ਧੱਕਾ ਹੈ। ਪੰਜਾਬੀ ਸਾਡੀ ਮਾਤ ਭਾਸ਼ਾ ਹੈ ਅਤੇ ਪੂਰੇ ਸੰਸਾਰ ਵਿਚ ਇਸ ਦੇ 15 ਕਰੋੜ ਦੇ ਲਗਭਗ ਲੋਕ ਪੰਜਾਬੀ ਬੋਲਦੇ, ਲਿਖਦੇ ਤੇ ਸਮਝਦੇ ਹਨ। ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਅਨੇਕਾਂ ਹੀ ਗ੍ਰੰਥ ਸਾਡੀ ਮਾਤ ਭਾਸ਼ਾ ਪੰਜਾਬੀ ਬੋਲੀ ਵਿਚ ਹਨ। ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਪੰਜਾਬੀ ਮਾਂ ਬੋਲੀ ਦੇ ਵਾਰਿਸ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਸਭਾ ਦੇ ਸੈਕਟਰੀ ਜਸਵਿੰਦਰ ਸਿੰਘ ਮਾਣੋਚਾਹਲ ਨੇ ਕੇਂਦਰ ਸਰਕਾਰ ਦੀ ਇਸ ਘਿਨਾਉਣੀ ਸਾਜਿਸ਼ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਜਾਬੀ ਸਾਡੇ ਗੁਰੂਆਂ ਪੀਰਾਂ ਦੀ ਭਾਸ਼ਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸਾਡੇ ਹਿੱਤ ਜੁੜੇ ਹੋਏ ਹਨ। ਇਸ ਲਈ ਪੰਜਾਬੀ ਬੋਲੀ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਭਾ ਦੇ ਖਜ਼ਾਨਚੀ ਬਲਬੀਰ ਸਿੰਘ ਬੇਲੀ ਨੇ ਵੀ ਕੇਂਦਰ ਦੇ ਇਸ ਪੰਜਾਬ ਵਿਰੋਧੀ ਕਾਰੇ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ। ਸਭਾ ਦੇ ਸਰਪ੍ਰਸਤ ਬਲਬੀਰ ਸਿੰਘ ਭੈਲ ਨੇ ਸਰਕਾਰ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਖਤਰਨਾਕ ਸਾਜ਼ਿਸ਼ਾਂ ਤੋਂ ਬਾਜ ਆਇਆ ਜਾਵੇ। ਸਭਾ ਦੇ ਦੂਸਰੇ ਸਰਪ੍ਰਸਤ ਗੁਰਿੰਦਰਪਾਲ ਸਿੰਘ, ਬਲਬੀਰ ਸਿੰਘ ਲਹਿਰੀ ਸੀਨੀਅਰ ਮੀਤ ਪ੍ਰਧਾਨ, ਕੰਵਲਜੀਤ ਸਿੰਘ ਢਿੱਲੋਂ, ਗੁਰਚਰਨ ਸਿੰਘ ਸਭਰਾ, ਕਾਮਰੇਡ ਚਰਨ ਸਿੰਘ ਨੇ ਮੀਟਿੰਗ ਵਿਚ ਬੋਲਦਿਆਂ ਇਸ ਪਾਲਸੀ ਦੀ ਸਖਤ ਨਿਖੇਧੀ ਕੀਤੀ। ਸਭਾ ਦੇ ਸਾਰੇ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਗਈ ਕਿ ਸਭਾ ਕਿਸੇ ਵੀ ਭਾਸ਼ਾ ਦੇ ਵਿਰੁੱਧ ਨਹੀਂ ਹੈ ਪਰ ਕਿਸੇ ਸੂਬੇ ਦੀ ਮਾਤ ਭਾਸ਼ਾ ਨੂੰ ਉਸ ਸੂਬੇ ਵਿਚ ਦਰਕਿਨਾਰ ਕਰਨਾ ਕਦਾਚਿੱਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਭਾ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਪੰਜਾਬੀ ਭਾਸ਼ਾ ਦੀ ਰੱਖਿਆ ਲਈ ਤੁਰੰਤ ਦਖ਼ਲ ਦਿੱਤਾ ਜਾਵੇ। ਕੇਂਦਰੀ ਅਤੇ ਆਰਮੀ ਸਕੂਲਾਂ ਵਿਚ ਪੜ੍ਹ ਰਹੇ ਪੰਜਾਬ ਦੇ ਬੱਚਿਆਂ ਲਈ ਪੰਜਾਬੀ ਵਿਸ਼ੇ ਦੀ ਪੜ੍ਹਾਈ ਪਹਿਲਾਂ ਵਾਂਗ ਯਕੀਨੀ ਬਣਾਈ ਜਾਵੇ। ਇਸ ਮੌਕੇ ਬਲਬੀਰ ਸਿੰਘ ਭੈਲ, ਜਸਵਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਮਾਣੋਚਾਹਲ, ਬਲਬੀਰ ਸਿੰਘ ਲਹਿਰੀ, ਮਾਸਟਰ ਸਕੱਤਰ ਸਿੰਘ, ਕੰਵਲਜੀਤ ਸਿੰਘ ਢਿੱਲੋਂ, ਸਿਮਰਜੀਤ ਕੌਰ ਜੌਹਲ, ਕੰਵਲਜੀਤ ਕੌਰ ਦਬੁਰਜੀ, ਬਲਬੀਰ ਸਿੰਘ ਬੇਲੀ, ਵਿਜੈ ਕੁਮਾਰ ਵਾਹੀ ਪੱਟੀ, ਕਾਮਰੇਡ ਚਰਨ ਸਿੰਘ, ਹਰਕੀਰਤ ਸਿੰਘ, ਦੀਦਾਰ ਸਿੰਘ ਲਾਇਬ੍ਰੇਰੀਅਨ, ਗੁਰਚਰਨ ਸਿੰਘ ਸਭਰਾ, ਬਲਜਿੰਦਰ ਸਿੰਘ, ਗਿਆਨੀ ਗੁਰਮੀਤ ਸਿੰਘ ਨੂਰਦੀ ਅਤੇ ਗੁਰਨਾਮ ਸਿੰਘ ਆਨੰਦ ਆਦਿ ਹਾਜ਼ਰ ਸਨ।