ਸਿਵਲ ਸਰਜਨ ਦਫ਼ਤਰ ’ਚ ਮਨਾਇਆ ਵਿਸ਼ਵ ਡੇਂਗੂ ਜਾਗਰੂਕਤਾ ਦਿਵਸ
ਸਿਵਲ ਸਰਜਨ ਦਫ਼ਤਰ ਤਰਨਤਾਰਨ ‘ਚ ਮਨਾਇਆ ਵਿਸ਼ਵ ਡੇਂਗੂ ਜਾਗਰੂਕਤਾ ਦਿਵਸ
Publish Date: Fri, 15 May 2026 05:11 PM (IST)
Updated Date: Fri, 15 May 2026 05:12 PM (IST)

- ਆਓ ਸਾਰੇ ਭਾਈਚਾਰੇ ਨਾਲ ਜੁੜ ਕੇ ਡੇਂਗੂ, ਚਿਕਨਗੁਨੀਆ, ਮਲੇਰੀਆ ਨੂੰ ਕੰਟਰੋਲ ਕਰੀਏ : ਸਿਵਲ ਸਰਜਨ ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਘਵ ਗੁਪਤਾ ਦੀ ਅਗਵਾਈ ਹੇਠ ਦਫ਼ਤਰ ਸਿਵਲ ਸਰਜਨ ਤਰਨਤਾਰਨ ਵਿਖੇ ਵਿਸ਼ਵ ਡੇਂਗੂ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਡੇਂਗੂ ਜਾਗਰੂਕਤਾ ਮੁਹਿੰਮ ਤਹਿਤ ਇਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਨੂੰ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਡੇਂਗੂ ਜਾਗਰੂਕਤਾ ਮੁਹਿੰਮ ਤਹਿਤ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ਤੋਂ ਇਲਾਵਾ ਘਰ-ਘਰ ਜਾ ਕੇ ਆਮ ਲੋਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਡੇਂਗੂ, ਬੁਖ਼ਾਰ ਅਤੇ ਇਸ ਦੇ ਬਚਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖ਼ਾਰ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫ਼ੈਲਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਪਾਣੀ ਵਿਚ ਪਨਪਦਾ ਹੈ ਅਤੇ ਇਹ ਦਿਨ ਅਤੇ ਸ਼ਾਮ ਵੇਲੇ ਕੱਟਦਾ ਹੈ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਘਵ ਗੁਪਤਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਡੇਂਗੂ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਲੋਕ ਆਪਣੇ ਆਲੇ-ਦੁਆਲੇ ਸਾਫ਼-ਸਫ਼ਾਈ ਦਾ ਖਾਸ ਖਿਆਲ ਰੱਖਣ ਅਤੇ ਬਾਰਿਸ਼ ਦੇ ਪਾਣੀ ਨੂੰ ਘਰਾਂ ਲਾਗੇ ਖੜ੍ਹਾ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਕੂਲਰਾਂ, ਗਮਲਿਆਂ, ਫਰਿੱਜ਼ਾਂ ਦੀਆਂ ਟਰੇਆਂ, ਛੱਤਾਂ ਅਤੇ ਆਲੇ-ਦੁਆਲੇ ਪਏ ਪੁਰਾਣੇ ਟਾਇਰਾਂ, ਭਾਂਡਿਆਂ, ਟੁੱਟੇ ਗਮਲਿਆਂ, ਟੈਂਕੀਆਂ ਵਿਚ ਬਾਰਿਸ਼ ਦਾ ਪਾਣੀ ਨਾ ਇਕੱਠਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਡੇਂਗੂ ਦੇ ਮੱਛਰ ਕਾਰਨ ਜਿਥੇ ਬੁਖ਼ਾਰ ਹੁੰਦਾ ਹੈ ਉਥੇ ਸਿਰਦਰਦ, ਮਸੂੜਿਆਂ ਵਿਚੋਂ ਖ਼ੂਨ ਆਉਣਾ, ਮਾਸਪੇਸ਼ੀਆਂ ਵਿਚ ਦਰਦ, ਉਲਟੀਆਂ ਆਉਣਾ ਆਦਿ ਲੱਛਣ ਹੋ ਸਕਦੇ ਹਨ। ਇਸ ਤੋਂ ਬਚਾਅ ਲਈ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਕਵਰ ਕਰਕੇ ਰੱਖਣਾ ਚਾਹੀਦਾ ਹੈ। ਰਾਤ ਨੂੰ ਸੌਣ ਸਮੇਂ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਡੇਂਗੂ ਤੋਂ ਬਚਾਅ ਲਈ ਦਫ਼ਤਰਾਂ ਅਤੇ ਘਰਾਂ ਵਿਚ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਪਾਣੀ ਇਕੱਠਾ ਹੋਣ ਤੋਂ ਰੋਕਣਾ ਯਕੀਨੀ ਬਣਾਉਣਾ ਚਾਹੀਦਾ ਹੈ, ਤਾਂ ਜੋ ਡੇਂਗੂ ਦਾ ਲਾਰਵਾ ਪੈਦਾ ਨਾ ਹੋ ਸਕੇ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਭਾਰਤੀ ਧਵਨ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ, ਹੈਲਥ ਸੁਪਰਵਾਈਜ਼ਰ ਗੁਰਦੇਵ ਸਿੰਘ ਢਿੱਲੋਂ, ਹੈਲਥ ਸੁਪਰਵਾਈਜ਼ਰ ਭੁਪਿੰਦਰ ਸਿੰਘ, ਰਜਵੰਤ ਸਿੰਘ ਬਾਗੜੀਆ, ਅਮਰਜੀਤ ਸਿੰਘ ਹੈਲਥ ਸੁਪਰਵਾਈਜ਼ਰ, ਅਰੂਸ਼ ਭੱਲਾ, ਜਸਪਿੰਦਰ ਸਿੰਘ, ਮਨਜਿੰਦਰ ਸਿੰਘ, ਪ੍ਰਦੀਪ ਸਿੰਘ, ਮਨਦੀਪ ਸਿੰਘ ਤੋਂ ਇਲਾਵਾ ਨਰਸਿੰਗ ਕਾਲਜ ਦੀਆਂ ਸਮੂਹ ਵਿਦਿਆਰਥਣਾਂ ਹਾਜ਼ਰ ਸਨ।