ਬੈਂਕਾਂ ’ਚੋਂ ਨਕਦ ਭੁਗਤਾਨ ਨਾ ਹੋਣ ਕਰ ਕੇ ਲੋਕ ਹੋਏ ਡਾਹਢੇ ਪਰੇਸ਼ਾਨ
ਬੈਂਕਾਂ ਵਿੱਚੋਂ ਨਕਦ ਭੁਗਤਾਨ ਨਾ ਹੋਣ ਕਰਕੇ ਲੋਕ ਹੋਏ ਡਾਹਢੇ ਪ੍ਰੇਸ਼ਾਨ
Publish Date: Fri, 15 May 2026 04:46 PM (IST)
Updated Date: Fri, 15 May 2026 04:48 PM (IST)

- ਏਟੀਐੱਮ ਵੀ ਦੇ ਰਹੇ ਹਨ ‘ਕੈਸ਼ ਨਾ ਹੋਣ’ ਦਾ ਮੈਸੇਜ, ਮਜ਼ਦੂਰਾਂ ਕਿਹਾ ਅਸੀਂ ਕਿੱਦਾਂ ਕਰੀਏ ਆਨਲਾਈਨ ਵਰਤੋਂ ਸਰਬਜੀਤ ਸਿੰਘ ਛੀਨਾ, •ਪੰਜਾਬੀ ਜਾਗਰਣ ਖਾਲੜਾ : ਕੁਝ ਦਿਨਾਂ ਤੋਂ ਜਿੱਥੇ ਬੈਕਾਂ ਦੇ ਏਟੀਐੱਮ ਵਿਚੋਂ ਆਮ ਜਨਤਾ ਨੂੰ ਨਕਦ ਭੁਗਤਾਨ ਨਾ ਹੋਣ ਕਾਰਨ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਹਰ ਏਟੀਐੱਮ ਕੈਸ਼ ਖਤਮ ਹੋਣ ਦੇ ਮੈਸੇਜ ਦਿੰਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਕੁਝ ਬੈਕਾਂ ਅੰਦਰ ਲੰਮੀਆਂ ਕਤਾਰਾਂ ਵਿਚ ਲੱਗੀ ਆਮ ਜਨਤਾ ਨੂੰ ਲੋੜ ਅਨੁਸਾਰ ਕੈਸ਼ ਨਾ ਮਿਲਣ ਕਾਰਨ ਪੱਲੇ ਨਿਰਾਸ਼ਾ ਪੈ ਰਹੀ ਹੈ। ਕਸਬਾ ਖਾਲੜਾ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਕੈਸ਼ ਦੀ ਭਾਰੀ ਕਮੀ ਕਾਰਨ ਇਲਾਕੇ ਦੇ ਕਿਸਾਨਾਂ ਅਤੇ ਆਮ ਗਾਹਕਾਂ ਅੰਦਰ ਸਰਕਾਰ ਅਤੇ ਬੈਂਕ ਪ੍ਰਬੰਧਨ ਖ਼ਿਲਾਫ਼ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਬੈਂਕ ਵਿੱਚੋਂ ਲੋੜ ਮੁਤਾਬਿਕ ਨਕਦੀ ਨਾ ਮਿਲਣ ਕਾਰਨ ਗਾਹਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ ਅਤੇ ਲੋਕ ਖਾਲੀ ਹੱਥ ਮੁੜਨ ਲਈ ਮਜਬੂਰ ਹਨ। ਇਸ ਮੌਕੇ ਕਿਸਾਨ ਆਗੂ ਹਰੀ ਸਿੰਘ ਕਲਸੀਆਂ ਖੁਰਦ ਨੇ ਦੱਸਿਆ ਕਿ ਕਣਕ ਦੀ ਫ਼ਸਲ ਦੇ ਪੈਸੇ ਆੜ੍ਹਤੀਆਂ ਵੱਲੋਂ ਖਾਤਿਆਂ ਵਿਚ ਪਾ ਦਿੱਤੇ ਗਏ ਹਨ। ਪਰ ਬੈਂਕਾਂ ਵਿੱਚੋਂ ਕੈਸ਼ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਸਾਨੂੰ ਝੋਨੇ ਦੀ ਬਿਜਾਈ ਲਈ ਬੀਜ, ਖਾਦਾਂ ਅਤੇ ਦਵਾਈਆਂ ਦੇ ਪੈਸੇ ਦੇਣੇ ਹਨ। ਅੱਗੋਂ ਬੈਂਕ ਅਧਿਕਾਰੀ ਆਨਲਾਈਨ ਟਰਾਂਸਫਰ ਦੀ ਸਲਾਹ ਦਿੰਦੇ ਹਨ, ਪਰ ਮਜ਼ਦੂਰਾਂ ਕੋਲ ਇਹ ਸਹੂਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਕਦ ਭੁਗਤਾਨ ਦੀ ਲੋੜ ਹੈ, ਪਰ ਬੈਂਕ ਬਹਾਨੇ ਬਣਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਏਟੀਐੱਮ ਵੀ ਖਾਲੀ ਪਏ ਹਨ। ਇਸ ਸਬੰਧੀ ਬੈਂਕ ਦੇ ਮੈਨੇਜਰ ਮੁਕੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣੀ ਬੇਵਸੀ ਜ਼ਾਹਿਰ ਕਰਦਿਆਂ ਦੱਸਿਆ ਕਿ ਖਾਲੜਾ ਬ੍ਰਾਂਚ ਨੂੰ ਰੋਜ਼ਾਨਾ ਸਿਰਫ਼ 5 ਲੱਖ ਰੁਪਏ ਕੈਸ਼ ਹੀ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਸ਼ ਦੀ ਲਿਮਟ ਘੱਟ ਹੋਣ ਕਾਰਨ ਸਾਨੂੰ ਇਹ ਰਾਸ਼ੀ ਸਾਰੇ ਗਾਹਕਾਂ ਵਿਚ ਥੋੜ੍ਹੀ-ਥੋੜ੍ਹੀ ਵੰਡਣੀ ਪੈਂਦੀ ਹੈ। ਕੈਸ਼ ਦੀ ਘਾਟ ਕਾਰਨ ਹੀ ਅਸੀਂ ਏਟੀਐੱਮ ਵਿਚ ਨਕਦੀ ਨਹੀਂ ਪਾ ਸਕਦੇ। ਇਲਾਕਾ ਵਾਸੀਆਂ ਅਤੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਬੈਂਕ ਵਿਚ ਕੈਸ਼ ਦੀ ਸਪਲਾਈ ਤੁਰੰਤ ਵਧਾਈ ਜਾਵੇ, ਤਾਂ ਜੋ ਖੇਤੀਬਾੜੀ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ।