ਝੋਨੇ ਦੀ ਸਿੱਧੀ ਬਿਜਾਈ ਦੀ ਖੇਤੀਬਾੜੀ ਵਿਭਾਗ ਨੇ ਕਰਵਾਈ ਸ਼ੁਰੂਆਤ
ਪਿੰਡ ਮਾਣਕਪੁਰਾ ’ਚ ਝੋਨੇ ਦੀ ਸਿੱਧੀ ਬਿਜਾਈ ਦੀ ਖੇਤੀਬਾੜੀ ਵਿਭਾਗ ਨੇ ਕਰਵਾਈ ਸ਼ੁਰੂਆਤ
Publish Date: Fri, 15 May 2026 04:36 PM (IST)
Updated Date: Fri, 15 May 2026 04:36 PM (IST)

- ਝੋਨੇ ਦੀ ਸਿੱਧੀ ਬਿਜਾਈ ’ਤੇ ਮਿਲਦੀ ਹੈ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ - ਪ੍ਰੋਤਸਾਹਨ ਰਾਸ਼ੀ ਲੈਣ ਲਈ 15 ਜੂਨ ਤਕ ਰਜਿਸਟਰਡ ਹੋਣਾ ਲਾਜ਼ਮੀ : ਡਾ. ਭੁਪਿੰਦਰ ਸਿੰਘ ਬੱਲੂ ਮਹਿਤਾ/ਸਤਨਾਮ ਚੀਮਾ•, ਪੰਜਾਬੀ ਜਾਗਰਣ ਪੱਟੀ/ਘਰਿਆਲਾ : ਝੋਨੇ ਦੀ ਸਿੱਧੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪੱਟੀ ਅਤੇ ਪੀਏਯੂ ਦੇ ਫਾਰਮ ਸਲਾਹਕਾਰ ਕੇਂਦਰ ਤਰਨਤਾਰਨ ਦੇ ਮਾਹਿਰਾਂ ਵੱਲੋਂ ਪਿੰਡ ਮਾਣਕਪੁਰਾ ਵਿਖੇ ਉੱਦਮੀ ਕਿਸਾਨ ਅੰਗਰੇਜ਼ ਸਿੰਘ ਦੇ ਖੇਤਾਂ ਵਿਚ 11 ਏਕੜ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕਰਾਈ। ਇਸ ਮੌਕੇ ਮਾਹਿਰਾਂ ਨੇ ਕਿਹਾ ਕਿ ਪਾਣੀ ਦੇ ਘਟ ਰਹੇ ਪੱਧਰ ਅਤੇ ਮਜ਼ਦੂਰੀ ਦੀ ਕਮੀ ਨੂੰ ਹੱਲ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਕਾਰਗਰ ਤਰੀਕਾ ਹੈ। ਤਕਨੀਕੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਖੇਤ ਦੀ ਲੈਵਲਿੰਗ ਬਹੁਤ ਜ਼ਰੂਰੀ ਹੈ। ਉੱਤਮ ਪ੍ਰਮਾਣਿਤ 8 ਤੋਂ 10 ਕਿਲੋ ਬੀਜ ਪ੍ਰਤੀ ਏਕੜ ਨੂੰ ਸਪਰਿੰਟ ਦਵਾਈ ਨਾਲ ਸੋਧਣਾ ਲਾਹੇਵੰਦ ਹੈ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਤੁਰੰਤ ਬਾਅਦ ਵੱਤਰ ਖੇਤ ਵਿਚ ਇਕ ਲਿਟਰ ਪੈਂਡੀਮੈਥਾਲਿਨ ਜਾਂ ਪੇਪੇ ਦਵਾਈ ਦੇ ਘੋਲ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨਾਲ ਸ਼ੁਰੂਆਤੀ ਦੌਰ ਦੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਜੇਕਰ ਸੁੱਕੇ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕੀਤੀ ਜਾਵੇ ਅਤੇ ਵੱਤਰ ਆਉਂਦਿਆਂ ਹੀ ਨਦੀਨ ਨਾਸ਼ਕ ਦਾ ਛਿੜਕਾਅ ਕਰਨਾ ਲਾਹੇਵੰਦ ਰਹਿੰਦਾ ਹੈ। ਇਸ ਮੌਕੇ ਦੱਸਿਆ ਗਿਆ ਕਿ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ’ਤੇ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ। ਸਿੱਧੀ ਬਿਜਾਈ ਦੇ ਇਛੁੱਕ ਕਿਸਾਨ 15 ਜੂਨ ਤਕ ਸਿੱਧੀ ਬਿਜਾਈ ਲਈ ਪੋਰਟਲ ’ਤੇ ਰਜਿਸਟਰ ਹੋਣ। ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਇਛੁੱਕ ਕਿਸਾਨਾਂ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ, ਪੱਟੀ ਵੱਲੋਂ 19 ਮਈ ਸਵੇਰੇ 10 ਵਜੇ ਦਫ਼ਤਰ ਵਿਖੇ ਕਿਸਾਨ ਗੋਸ਼ਟੀ ਕਰਵਾਈ ਜਾ ਰਹੀ ਹੈ। ਇਸ ਮੌਕੇ ਗੁਰਦੇਵ ਸਿੰਘ ਤਕਨੀਕੀ ਸਹਾਇਕ ਪ੍ਰਬੰਧਕ, ਦਰਬਾਰਾ ਸਿੰਘ, ਯਾਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਸਾਹਿਬ ਸਿੰਘ ਨੇ ਸਹਿਯੋਗ ਅਤੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ।