ਸਫ਼ਾਈ ਤੇ ਸੀਵਰ ਕਰਮਚਾਰੀਆਂ ਹੜਤਾਲ ਦੇ ਨੌਵੇਂ ਦਿਨ ਝਾੜੂ ਚੁੱਕ ਕੇ ਕੀਤਾ ਰੋਸ ਮਾਰਚ
ਸਫ਼ਾਈ ਤੇ ਸੀਵਰ ਕਰਮਚਾਰੀਆਂ ਹੜਤਾਲ ਦੇ ਨੌਵੇਂ ਦਿਨ ਝਾੜੂ ਚੁੱਕ ਕੇ ਕੀਤਾ ਰੋਸ ਮਾਰਚ
Publish Date: Thu, 14 May 2026 06:46 PM (IST)
Updated Date: Thu, 14 May 2026 06:48 PM (IST)

ਬੋਹੜੀ ਵਾਲਾ ਚੌਕ ’ਚ ਰੱਖੇ ਝਾੜੂ, ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ ਸੂਬਾ ਪੱਧਰ ’ਤੇ ਚੱਲ ਰਹੀ ਸਫਾਈ ਅਤੇ ਸੀਵਰੇਜ ਕਰਮਚਾਰੀਆਂ ਦੀ ਕੰਮ ਛੱਡ ਹੜਤਾਲ ਦੌਰਾਨ ਵੀਰਵਾਰ ਨੂੰ ਨੌਵੇਂ ਦਿਨ ਹੜਤਾਲੀਆਂ ਨੇ ਝਾੜੂ ਚੁੱਕ ਕੇ ਤਰਨਤਾਰਨ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿਚ ਰੋਸ ਮਾਰਚ ਕਰਦਿਆਂ ਜਿਥੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ, ਉਥੇ ਹੀ ਸਥਾਨਕ ਬੋਹੜੀ ਵਾਲਾ ਚੌਕ ਵਿਚ ਝਾੜ਼ੂ ਰੱਖ ਕੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ। ਦੂਜੇ ਪਾਸੇ ਹੜਤਾਲ ਦੇ ਚੱਲਦਿਆਂ ਸ਼ਹਿਰ ਵਿਚ ਥਾਂ-ਥਾਂ ’ਤੇ ਕੂੜੇ ਦੇ ਢੇਰ ਲੱਗੇ ਦਿਖਾਈ ਦੇ ਰਹੇ ਹਨ। ਬੇਸ਼ੱਕ ਹੜਤਾਲੀਆਂ ਦੀ ਸਰਕਾਰ ਨਾਲ ਅਜੇ ਤਕ ਕੋਈ ਗੱਲਬਾਤ ਸਿਰੇ ਨਹੀਂ ਚੜ੍ਹੀ ਪਰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਹੜਤਾਲੀਆਂ ਕੋਲ ਹਾਜ਼ਰੀ ਲਗਾਉਣੀ ਜਾਰੀ ਰੱਖੀ ਹੋਈ ਹੈ। ਦੱਸ ਦੇਈਏ ਕਿ 6 ਮਈ ਤੋਂ ਸਫਾਈ ਅਤੇ ਸੀਵਰ ਕਰਮਚਾਰੀ ਨਗਰ ਕੌਂਸਲ ਦਫ਼ਤਰ ਦੇ ਗੇਟ ਅੱਗੇ ਬੈਠ ਕੇ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਵਿਰੁੱਧ ਰੋਸ ਜ਼ਾਹਿਰ ਕਰ ਰਹੇ ਹਨ, ਜਿਸਦੇ ਚੱਲਦਿਆਂ 9 ਦਿਨਾਂ ਤੋਂ ਸਫ਼ਾਈ ਦਾ ਕੰਮ ਠੱਪ ਪਿਆ ਹੈ ਅਤੇ ਕਈ ਥਾਵਾਂ ਤੇ ਸੀਵਰੇਜ ਦੀ ਸਮੱਸਿਆ ਵੀ ਬਣ ਗਈ ਹੈ। ਸਫਾਈ ਰੁਕਣ ਅਤੇ ਡੋਰ ਟੂ ਡੋਰ ਕੂੜੇ ਦੀ ਕੁਲੈਕਸ਼ਨ ਬੰਦ ਹੋਣ ਕਰਕੇ ਸ਼ਹਿਰ ਵਿਚ ਕੂੜੇ ਦੇ ਢੇਰ ਲੱਗੇ ਦਿਖਾਈ ਦੇ ਰਹੇ ਹਨ। ਸ਼ਹਿਰ ਦੀਆਂ ਸਮੁੱਚੀਆਂ ਸੜਕਾਂ ਦੇ ਚੱਪੇ-ਚੱਪੇ ’ਤੇ ਕੂੜੇ ਦੇ ਢੇਰ ਬਣ ਗਏ ਹਨ। ਲੋਕ ਆਪਣੇ ਘਰਾਂ ਦਾ ਕੂੜਾ ਸੜਕਾਂ ਦੇ ਕਿਨਾਰਿਆਂ ’ਤੇ ਸੁੱਟ ਰਹੇ ਹਨ ਅਤੇ ਫਿਰ ਉਸੇ ਜਗ੍ਹਾਂ ’ਤੇ ਨਵਾਂ ਢੇਰ ਬਣ ਜਾਂਦਾ ਹੈ। ਗਰਮੀ ਅਤੇ ਬਰਸਾਤ ਦੇ ਚੱਲਦਿਆਂ ਕੂੜੇ ਦੇ ਢੇਰਾਂ ਵਿੱਚੋਂ ਉੱਠ ਰਹੀ ਬਦਬੂ ਦੇ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਕਈ ਥਾਵਾਂ ’ਤੇ ਧਾਰਮਿਕ ਅਸਥਾਨਾਂ ਕੋਲ ਵੀ ਕੂੜੇ ਦੇ ਢੇਰ ਦਿਖਾਈ ਦਿੱਤੇ ਹਨ। ਨਗਰ ਕੌਂਸਲ ਦਫਤਰ ਤਰਨਤਾਰਨ ਅੱਗੇ ਦਿੱਤੇ ਗਏ ਧਰਨੇ ਦੌਰਾਨ ਸੰਬੋਧਨ ਕਰਦਿਆਂ ਸਫਾਈ ਕਰਮਚਾਰੀਆਂ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਫ਼ਾਈ ਅਤੇ ਸੀਵਰ ਕਰਮਚਾਰੀ ਸੂਬਾ ਪੱਧਰੀ ਸੱਦੇ ਦੇ ਚੱਲਦਿਆਂ ਹੜਤਾਲ ’ਤੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿਥੇ ਸ਼ਹਿਰ ਵਿਚ ਸਫਾਈ ਵਿਵਸਥਾ ਠੱਪ ਕੀਤੀ ਗਈ ਹੈ ਅਤੇ ਡੋਰ ਟੂ ਡੋਰ ਕੂੜੇ ਦੀ ਕੁਲੈਕਸ਼ਨ ਵੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਮਸਲੇ ਦਾ ਹੱਲ ਨਹੀਂ ਹੁੰਦਾ, ਉਨੀ ਦੇਰ ਹੜਤਾਲ ਖ਼ਤਮ ਨਹੀਂ ਹੋਵੇਗੀ। ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਨੌਂ ਦਿਨਾਂ ਤੋਂ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ, ਜਿਸ ਕਰਕੇ ਅੱਜ ਸ਼ਹਿਰ ਦੇ ਬਜ਼ਾਰਾਂ ਵਿਚ ਰੋਸ ਮਾਰਚ ਕੱਢਿਆ ਗਿਆ ਅਤੇ ਸਫਾਈ ਵਾਲੇ ਝਾੜੂ ਬੋਹੜੀ ਵਾਲਾ ਚੌਂਕ ਵਿਚ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇਦਾਰ ਪ੍ਰਥਾ ਖਤਮ ਕਰਨ, ਸਫਾਈ ਸੇਵਕ ਤੇ ਸੀਵਰਮੈਨ ਦੀ ਭਰਤੀ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਤਰਸ ਦੇ ਅਧਾਰ ’ਤੇ ਜੋ ਨੌਕਰੀਆਂ ਅਜੇ ਤਕ ਨਹੀਂ ਦਿੱਤੀਆਂ ਗਈਆਂ, ਉਹ ਤੁਰੰਤ ਦਿੱਤੀਆਂ ਜਾਣ, ਡੀਏ ਲਾਗੂ ਕਰਨ, ਡੀਏ ਦਾ ਬਕਾਇਆ ਜਾਰੀ ਕਰਨ, ਪੇ ਕਮਿਸ਼ਨ ਦਾ ਬਣਦਾ ਬਕਾਇਆ ਜਾਰੀ ਕਰਨ ਆਦਿ ਵਰਗੀਆਂ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਗਈ ਹੈ। ਇਸ ਮੌਕੇ ਰਾਮ ਪ੍ਰਕਾਸ਼ ਮੀਤ ਪ੍ਰਧਾਨ, ਜੱਜਪਾਲ, ਨਿੰਦੀ, ਸੁਰਜੀਤ ਕੁਮਾਰ, ਤਿਲਕ ਰਾਜ, ਰਾਜ ਕੁਮਾਰ, ਕਾਲਾ, ਰਕੇਸ਼ ਕੁਮਾਰ, ਆਸ਼ੂ ਕੁਮਾਰ, ਕ੍ਰਿਸ਼ਨ, ਮਨਦੀਪ, ਜਗਮੋਹਨ, ਰਜਿੰਦਰ ਕੁਮਾਰ, ਲਛਮਣ, ਕੁਲਵੰਤ, ਸੰਤੋਸ਼, ਸਲਮਾਂ, ਬਬਲੀ, ਰਾਣੀ, ਸੁਨੀਲ ਕੁਮਾਰ, ਸਾਹਿਬ ਸਿੰਘ, ਦਲੀਪ, ਸੁਨੀਲ, ਭੋਲੀ, ਸੋਨੀਆ, ਹੈਪੀ, ਧੀਰਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਫਾਈ ਤੇ ਸੀਵਰੇਜ ਕਰਮਚਾਰੀ ਹਾਜ਼ਰ ਸਨ।