ਦਾਗੀਆਂ ਨੂੰ ਸਿਆਸੀ ਬੁੱਕਲ ’ਚ ਬਿਠਾਉਣ ਵਾਲੀਆਂ ਧਿਰਾਂ ਨੂੰ ਪੰਜਾਬ ਕਦੇ ਮਾਫ਼ ਨਹੀਂ ਕਰੇਗਾ : ਬ੍ਰਹਮਪੁਰਾ
ਦਾਗੀਆਂ ਨੂੰ ਸਿਆਸੀ ਬੁੱਕਲ ’ਚ ਬਿਠਾਉਣ ਵਾਲੀਆਂ ਧਿਰਾਂ ਨੂੰ ਪੰਜਾਬ ਕਦੇ ਮਾਫ਼ ਨਹੀਂ ਕਰੇਗਾ - ਬ੍ਰਹਮਪੁਰਾ
Publish Date: Thu, 14 May 2026 04:52 PM (IST)
Updated Date: Thu, 14 May 2026 04:54 PM (IST)

-ਪਿੰਡ ਡਾਲੇਕੇ ’ਚ ਨਿਸ਼ਾਨਬੀਰ ਸਿੰਘ ਦੇ ਗ੍ਰਹਿ ਵਿਖੇ ਟਕਸਾਲੀ ਵਰਕਰਾਂ ਦਾ ਭਰਵਾਂ ਇਕੱਠ -ਅਕਾਲੀ ਦਲ ਦੀ ਚੜ੍ਹਦੀ ਕਲਾ ਤੇ ਮਜ਼ਬੂਤੀ ਲਈ ਅਸੀਂ ਇਕਮੁੱਠ : ਗੁਰਸੇਵਕ ਸਿੰਘ ਸ਼ੇਖ ਪੱਤਰ ਪ੍ਰੇਰਕ•ਪੰਜਾਬੀ ਜਾਗਰਣ, ਤਰਨਤਾਰਨ ਸਿਆਸਤ ਵਿਚ ਜਦੋਂ ਅਸੂਲਾਂ ਦੀ ਜਗ੍ਹਾਂ ਮੌਕਾਪ੍ਰਸਤੀ ਲੈ ਲਵੇ, ਤਾਂ ਕੌਮਾਂ ਅਤੇ ਸੂਬਿਆਂ ਦਾ ਵੱਡਾ ਨੁਕਸਾਨ ਹੁੰਦਾ ਹੈ। ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲੇ ਮਾੜੇ ਅਨਸਰਾਂ ਅਤੇ ਦਾਗੀਆਂ ਨੂੰ ਸਿਆਸੀ ਬੁੱਕਲ ਵਿਚ ਬਿਠਾਉਣ ਦਾ ਜੋ ਰੁਝਾਨ ਪਿਛਲੀਆਂ ਅਤੇ ਮੌਜੂਦਾ ਸੱਤਾਧਾਰੀ ਧਿਰਾਂ ਨੇ ਪੈਦਾ ਕੀਤਾ ਹੈ, ਪੰਜਾਬ ਦੇ ਲੋਕ ਉਸਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਿੰਡ ਡਾਲੇਕੇ ਵਿਖੇ ਨਿਸ਼ਾਨਬੀਰ ਸਿੰਘ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸਿਆਸੀ ਵਿਰੋਧੀਆਂ ਅਤੇ ਸਿਸਟਮ ’ਤੇ ਤਨਜ਼ ਕੱਸਦਿਆਂ ਬ੍ਰਹਮਪੁਰਾ ਨੇ ਕਿਹਾ ਕੁਝ ਧਿਰਾਂ ਨੂੰ ਲੱਗਦਾ ਹੈ ਕਿ ਸਿਆਸੀ ਸਮਝੌਤਿਆਂ ਦੀ ਆੜ ਵਿਚ ਦਾਗੀਆਂ ਦੇ ਪਾਪ ਧੋਤੇ ਜਾਣਗੇ ਪਰ ਲੋਕਾਂ ਦੀ ਕਚਹਿਰੀ ਅਤੇ ਕੁਦਰਤ ਦੇ ਇਨਸਾਫ਼ ਤੋਂ ਕੋਈ ਨਹੀਂ ਬਚ ਸਕਦਾ। ਇਕ ਸੱਚੇ ਅਕਾਲੀ ਅਤੇ ਪੰਥਕ ਸਿਪਾਹੀ ਹੋਣ ਦੇ ਨਾਤੇ ਸਾਡੀ ਵਫ਼ਾਦਾਰੀ ਹਮੇਸ਼ਾ ਹੱਕ, ਸੱਚ ਅਤੇ ਪਾਰਟੀ ਦੇ ਉਨ੍ਹਾਂ ਸਿਧਾਂਤਾਂ ਨਾਲ ਹੈ, ਜਿਨ੍ਹਾਂ ਦੀ ਨੀਂਹ ਸ਼ਹੀਦਾਂ ਨੇ ਰੱਖੀ ਸੀ। ਅਸੀਂ ਸਾਫ਼-ਸੁਥਰੇ ਵਰਕਰਾਂ ਦੇ ਸਿਰ ਤੇ ਪਾਰਟੀ ਦੀ ਚੜ੍ਹਦੀਕਲਾ ਚਾਹੁੰਦੇ ਹਾਂ, ਦਾਗੀ ਚਿਹਰਿਆਂ ਦੇ ਸਹਾਰੇ ਨਹੀਂ। ਪੰਜਾਬ ਦੇ ਸਭ ਤੋਂ ਸੰਵੇਦਨਸ਼ੀਲ ਮੁੱਦੇ ਤੇ ਗੱਲ ਕਰਦਿਆਂ ਬ੍ਰਹਮਪੁਰਾ ਨੇ ਮੌਜੂਦਾ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਇਕ ਸੰਤੁਲਿਤ ਅਤੇ ਪੰਥਕ ਪ੍ਰਤੀਕਰਮ ਦਿੱਤਾ। ਉਨ੍ਹਾਂ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਸੰਤਾਪ ਪੂਰੇ ਪੰਥ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ। ਮੌਜੂਦਾ ਹਕੂਮਤ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਜੋ ਨਵਾਂ ਕਾਨੂੰਨ ਲਿਆਉਣ ਦੀ ਪਹਿਲਕਦਮੀ ਕੀਤੀ ਗਈ ਹੈ, ਉਹ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ ਪਰ ਇਸ ਕਾਨੂੰਨ ਨੂੰ ਸਿਰਫ਼ ਕਾਗਜ਼ਾਂ ਤਕ ਸੀਮਤ ਰੱਖਣ ਦੀ ਬਜਾਏ ਹੋਰ ਮਜ਼ਬੂਤ, ਸਖ਼ਤ ਅਤੇ ਕਾਰਗਰ ਬਣਾਉਣ ਦੀ ਲੋੜ ਹੈ, ਤਾਂ ਜੋ ਕੋਈ ਵੀ ਦੋਖੀ ਕਾਨੂੰਨ ਦੀਆਂ ਚੋਰਮੋਰੀਆਂ ਰਾਹੀਂ ਬਚ ਨਾ ਸਕੇ। ਇਸ ਮੌਕੇ ਪਿੰਡ ਡਾਲੇਕੇ ਦੀ ਸਮੁੱਚੀ ਲੀਡਰਸ਼ਿਪ ਨੇ ਬ੍ਰਹਮਪੁਰਾ ਦੀ ਇਸ ਸਿਧਾਂਤਕ ਅਤੇ ਬੇਬਾਕ ਸੋਚ ਦਾ ਪੂਰਨ ਸਮੱਰਥਨ ਕਰਦਿਆਂ ਪਾਰਟੀ ਨਾਲ ਚੱਟਾਨ ਵਾਂਗ ਖੜ੍ਹਨ ਦਾ ਅਹਿਦ ਲਿਆ। ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀਕਲਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਸਮੁੱਚੀ ਟਕਸਾਲੀ ਲੀਡਰਸ਼ਿਪ ਪੂਰੀ ਤਰ੍ਹਾਂ ਇਕਮੁੱਠ ਹੈ ਅਤੇ ਅਸੀਂ ਕਿਸੇ ਵੀ ਕੀਮਤ ’ਤੇ ਪਾਰਟੀ ਦੇ ਸਿਧਾਂਤਾਂ ਨੂੰ ਆਂਚ ਨਹੀਂ ਆਉਣ ਦੇਵਾਂਗੇ। ਇਸ ਮੀਟਿੰਗ ਵਿਚ ਪ੍ਰਧਾਨ ਪ੍ਰਗਟ ਸਿੰਘ, ਮਨਜਿੰਦਰ ਸਿੰਘ, ਸਰਜੋਤ ਜੋਤਾ ਸਿੰਘ, ਮਾਸਟਰ ਮੰਗਲ ਸਿੰਘ, ਜਗਰੂਪ ਸਿੰਘ ਅਤੇ ਡਾਕਟਰ ਮਨਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਹਾਜ਼ਰ ਸਨ।