ਸਿਵਲ ਸਰਜਨ ਨੇ ਐੱਚਪੀਵੀ ਟੀਕਾਕਰਨ ਮੁਹਿੰਮ ਦੀ ਕੀਤੀ ਸਮੀਖਿਆ
ਸਿਵਲ ਸਰਜਨ ਨੇ ਐੱਚਪੀਵੀ ਟੀਕਾਕਰਨ ਮੁਹਿੰਮ ਦੀ ਕੀਤੀ ਸਮੀਖਿਆ
Publish Date: Thu, 14 May 2026 04:50 PM (IST)
Updated Date: Thu, 14 May 2026 04:51 PM (IST)

ਸਰਕਾਰੀ ਸਿਹਤ ਸੰਸਥਾਵਾਂ ਚ ਮੁਫ਼ਤ ਲੱਗ ਰਹੀ ਹੈ ਵੈਕਸੀਨ : ਡਾ. ਗੁਰਪ੍ਰੀਤ ਸਿੰਘ ਰਾਏ ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ : ਸਿਵਲ ਸਰਜਨ ਦਫ਼ਤਰ, ਤਰਨਤਾਰਨ ਵਿਖੇ ਹਿਊਮਨ ਪੈਪੀਲੋਮਾ ਵਾਇਰਸ ਐੱਚਪੀਵੀ ਵੈਕਸੀਨ ਸਬੰਧੀ ਸਮੂਹ ਬਲਾਕ ਐਕਸਟੈਨਸ਼ਨ ਐਜੂਕੇਟਰਾਂ ਅਤੇ ਐੱਲਐੱਚਵੀਜ਼ ਨਾਲ ਸਮੀਖਿਆ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਐੱਚਪੀਵੀ ਵੈਕਸੀਨ ਵਿਸ਼ੇਸ਼ ਤੌਰ ਤੇ 14 ਸਾਲਾਂ ਦੀ ਉਮਰ ਪੂਰੀ ਕਰ ਚੁੱਕੀਆਂ ਲੜਕੀਆਂ ਨੂੰ ਜ਼ਿਲ੍ਹੇ ਭਰ ’ਚ ਸਿਹਤ ਮੁਲਾਜ਼ਮਾਂ ਵੱਲੋਂ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਹੈ। ਦੱਸਿਆ ਕਿ ਇਸ ਵੈਕਸੀਨ ਨੂੰ ਲਗਾਉਣ ਦਾ ਮੁੱਖ ਮੰਤਵ ਬੱਚੀਆਂ ਨੂੰ ਸਰਵਿਕਲ ‘ਬੱਚੇਦਾਨੀ ਦੇ ਮੂੰਹ’ ਦੇ ਕੈਂਸਰ ਤੋਂ ਬਚਾਉਣਾ ਹੈ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਔਰਤਾਂ ਚ ਹੋਣ ਵਾਲੇ ਸਰਵਿਕਲ ਕੈਂਸਰ ਦੀ ਰੋਕਥਾਮ ਲਈ ਐੱਚਪੀਵੀ ਵੈਕਸੀਨ ਭਾਰਤ ਸਮੇਤ ਕਈ ਮੁਲਕਾਂ ’ਚ ਪਹਿਲਾਂ ਤੋਂ ਹੀ ਲਗਾਈ ਜਾ ਰਹੀ ਹੈ ਅਤੇ ਇਹ ਟੀਕਾ ਵਿਸ਼ਵ ਸਿਹਤ ਸੰਸਥਾ ਤੋਂ ਪ੍ਰਮਾਣਿਤ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਖ਼ਤਮ ਹੋਣ ਤੋਂ ਬਾਅਦ ਇਸ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਹਰ ਹਫ਼ਤੇ ਲੱਗਣ ਵਾਲੇ ਟੀਕਾਕਰਨ ਸੈਸ਼ਨ ਦੌਰਾਨ ਲਗਾਇਆ ਜਾਵੇਗਾ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਸਮੂਹ ਸਿਹਤ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਭਰ ’ਚ ਯੋਗ ਬੱਚੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਐੱਚਪੀਵੀ ਵੈਕਸੀਨ ਲਗਾਈ ਜਾਵੇ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਐੱਚਪੀਵੀ ਵੈਕਸੀਨ ਦੀ ਖ਼ੁਰਾਕ 14 ਸਾਲਾਂ ਦੀਆਂ ਲੜਕੀਆਂ ਨੂੰ ਲਗਾਈ ਜਾ ਰਹੀ ਹੈ ਤੇ ਜ਼ਿਲ੍ਹੇ ਵਿਚ ਐੱਚਪੀਵੀ ਵੈਕਸੀਨ ਲਗਾਉਣ ਲਈ ਜ਼ਿਲ੍ਹੇ ਦੀਆਂ ਸੀਐੱਚਸੀ ਤੇ ਪੀਐੱਚਸੀ ਦੇ ਕੋਲਡ ਚੇਨ ਪੁਆਇੰਟਾਂ ‘ਤੇ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲਾਭਪਾਤਰੀ ਬੱਚੀਆਂ ਨੂੰ ਸਮੇਂ ਸਿਰ ਇਹ ਵੈਕਸੀਨ ਲਗਾਈ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਐੱਚਪੀਵੀ ਵੈਕਸੀਨ ਬੱਚੇ ਨੂੰ ਸਮੇਂ ਸਿਰ ਲਗਾਈ ਜਾਵੇ ਤਾਂ ਸਰਵਿਕਲ ਕੈਂਸਰ ਵਰਗੀ ਬਿਮਾਰੀ ਦੇ ਹੋਣ ਦੇ ਖਦਸ਼ੇ ਨੂੰ ਰੋਕਿਆ ਜਾ ਸਕਦਾ ਹੈ। ਇਹ ਵੈਕਸੀਨ ਲਗਵਾਉਣ ਨਾਲ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਜੇਕਰ ਕੋਈ ਲੜਕੀ ਕਿਸੇ ਬਿਮਾਰੀ ਤੋਂ ਪਹਿਲਾਂ ਹੀ ਪੀੜਤ ਹੈ ਜਾਂ ਫਿਰ ਲੰਮਾ ਸਮਾਂ ਚੱਲਣ ਵਾਲੀ ਦਵਾਈ ਖਾ ਰਹੀ ਹੈ ਤਾਂ ਅਜਿਹੇ ਹਾਲਾਤ ’ਚ ਉਸ ਬੱਚੀ ਨੂੰ ਇਹ ਵੈਕਸੀਨ ਨਹੀਂ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਮੂਹ ਸੀਨੀਅਰ ਮੈਡੀਕਲ ਅਫਸਰਜ਼ ਆਪਣੇ ਆਪਣੇ ਬਲਾਕਾਂ ਵਿਚ ਕੈਂਪਾਂ ਦੀ ਸੁਪਰਵਿਜ਼ਨ ਕਰਨ ਅਤੇ ਐੱਚਪੀਵੀ ਵੈਕਸੀਨ ਨੂੰ ਸਿਹਤ ਮੁਲਾਜ਼ਮਾਂ ਵੱਲੋਂ ਹਰ ਹਫ਼ਤੇ ਬੁੱਧਵਾਰ ਨੂੰ ਲੱਗਣ ਵਾਲੇ ਮਮਤਾ ਦਿਵਸ ਸੈਸ਼ਨਾਂ ਦੌਰਾਨ ਲਗਾਉਣਾ ਯਕੀਨੀ ਬਣਾਇਆ ਜਾਵੇ ਅਤੇ ਸਿਹਤ ਕਰਮੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸ਼ਹਿਰ ਅਤੇ ਪਿੰਡਾਂ ਤੋਂ ਇਲਾਵਾ ਹਾਈਰਿਸਕ ਆਬਾਦੀ ਜਿਵੇਂ ਕਿ ਇੱਟਾਂ ਦੇ ਭੱਠੇ, ਝੁੱਗੀਆਂ ਅਤੇ ਗੁੱਜਰਾਂ ਦੇ ਡੇਰਿਆਂ ਤੇ ਜਾ ਕੇ ਵੀ ਐੱਚਪੀਵੀ ਵੈਕਸੀਨ ਬਾਰੇ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਕਰਨ, ਤਾਂ ਜੋ ਇਸ ਦਾ ਲਾਭ ਹਰੇਕ ਯੋਗ ਲਾਭਪਾਤਰੀ ਪ੍ਰਾਪਤ ਕਰ ਸਕੇ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਅਨੀਮੀਆ ਮੁਕਤ ਭਾਰਤ ਸਬੰਧੀ ਵੀ ਜਾਂਚ ਮੁਹਿੰਮ ਲਗਾਤਾਰ ਜਾਰੀ ਹੈ। ਸਕੂਲ ਹੈਲਥ ਟੀਮਾਂ ਮੈਡੀਕਲ ਅਫ਼ਸਰਾਂ ਦੀ ਅਗਵਾਈ ਹੇਠ ਸਕੂਲਾਂ ਵਿਚ ਜਾ ਕੇ 10 ਤੋਂ 19 ਸਾਲ ਤਕ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਖ਼ੂਨ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਅਨੀਮਿਕ ਬੱਚਿਆਂ ਦਾ ਜਲਦੀ ਇਲਾਜ ਕਰਵਾਇਆ ਜਾ ਸਕੇ। ਇਸ ਵੈਕਸੀਨ ਦੀ ਐਂਟਰੀ ਸਿਹਤ ਮੁਲਾਜ਼ਮਾਂ ਵੱਲੋਂ ਯੂ-ਵਿਨ ਪੋਰਟਲ ਤੇ ਕੀਤੀ ਜਾਵੇਗੀ ਅਤੇ ਨਾਲ ਹੀ ਕੋਲਡ ਚੇਨ ਮੈਨੇਜਮੈਂਟ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਭਾਰਤੀ ਧਵਨ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਵਿਪੁਲ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ, ਸਕੂਲ ਹੈਲਥ ਕੋਆਰਡੀਨੇਟਰ ਰਜਨੀ ਸ਼ਰਮਾ, ਆਰੂਸ਼ ਭੱਲਾ ਬੀਸੀਸੀ ਕੋਆਰਡੀਨੇਟਰ, ਮਿਸ ਕੰਵਲਜੀਤ ਕੌਰ ਜ਼ਿਲ੍ਹਾ ਅੰਕੜਾ ਸਹਾਇਕ ਅਤੇ ਵੱਖ-ਵੱਖ ਬਲਾਕਾਂ ਤੋਂ ਸਮੂਹ ਬਲਾਕ ਐਜੂਕੈਟਰ ਅਤੇ ਐੱਲਐੱਚਵੀਜ਼ ਹਾਜ਼ਰ ਸਨ।