ਭਾਰਤੀ ਕਮਿਊਨਿਸਟ ਪਾਰਟੀ ਨੇ ਤਰਨਤਾਰਨ ’ਚ ਲਗਾਇਆ ਸਿਧਾਂਤਕ ਕੈਂਪ
ਭਾਰਤੀ ਕਮਿਊਨਿਸਟ ਪਾਰਟੀ ਨੇ ਤਰਨਤਾਰਨ ’ਚ ਲਗਾਇਆ ਸਿਧਾਂਤਕ ਕੈਂਪ
Publish Date: Thu, 14 May 2026 04:45 PM (IST)
Updated Date: Thu, 14 May 2026 04:48 PM (IST)

ਪੱਤਰ ਪ੍ਰੇਰਕ•ਪੰਜਾਬੀ ਜਾਗਰਣ, ਤਰਨਤਾਰਨ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸੁਖਚੈਨ ਸਿੰਘ ਝਬਾਲ ਤੇ ਕਿਰਨਜੀਤ ਕੌਰ ਵਲਟੋਹਾ ਦੀ ਪ੍ਰਧਾਨਗੀ ਹੇਠ ਮਹਾਨ ਦੇਸ਼ ਭਗਤ ਅਰਜਨ ਸਿੰਘ ਗੜਗੱਜ ਭਵਨ ਤਰਨਤਾਰਨ ਵਿਖੇ ਸਰਗਰਮ ਪਾਰਟੀ ਮੈਂਬਰਾਂ ਦਾ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਬਤ ਮਾਰਕਸਵਾਦੀ ਨਜ਼ਰੀਏ ਤੋਂ ਸਿਧਾਂਤਕ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਕਰਦਿਆਂ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਹਰਭਜਨ ਸਿੰਘ ਤਰਨਤਾਰਨ ਨੇ ਕਿਹਾ ਕਿ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਪੜ੍ਹਿਆ ਅਤੇ ਉਨ੍ਹਾਂ ਦੀ ਸਿੱਖਿਆ ’ਤੇ ਅਮਲ ਕੀਤਾ ਹੈ, ਉਹੀ ਅਸਲੀ ਸਿੱਖ ਹੋ ਸਕਦੇ ਹਨ। ਇਸੇ ਤਰ੍ਹਾਂ ਜਿਨ੍ਹਾਂ ਨੇ ਮਾਰਕਸ, ਏਂਗਲਜ ਅਤੇ ਲੈਨਿਨ ਨੂੰ ਪੜ੍ਹਿਆ ਤੇ ਉਸ ’ਤੇ ਅਮਲ ਕੀਤਾ ਹੈ, ਅਸਲੀ ਕਮਿਊਨਿਸਟ ਵੀ ਉਹੀ ਹੋ ਸਕਦੇ ਹਨ। ਮਾਰਕਸਵਾਦ ਗਿਆਨ ਹੈ ਤੇ ਗਿਆਨ ਅਥਾਹ ਅਤੇ ਅਮੁੱਕ ਹੁੰਦਾ ਜੋ ਕਦੀ ਵੀ ਪੂਰਾ ਨਹੀਂ ਲਿਆ ਜਾ ਸਕਦਾ। ਗਿਆਨ ਰੁਕਦਾ ਨਹੀਂ ਗਿਆਨ ਅਗਾਂਹ ਤੋਂ ਅਗਾਂਹ, ਨਵੇਂ ਤੋਂ ਨਵਾਂ ਆਉਂਦਾ ਹੀ ਰਹਿੰਦਾ ਹੈ। ਇਸੇ ਲਈ ਮਾਰਕਸਵਾਦ ਵੀ ਲਕੀਰ ਦਾ ਫਕੀਰ ਨਹੀਂ ਹੋ ਸਕਦਾ। ਇਸ ਵਿਚ ਵੀ ਨਵਾਂ ਲੋਕ ਪੱਖੀ ਗਿਆਨ ਜੁੜ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ’ਤੇ ਉਨ੍ਹਾਂ ਵੱਲੋਂ ਪੈਦਾ ਕੀਤੀਆ ਸਮੱਸਿਆਵਾਂ ਦਾ ਸਦੀਵੀ ਹੱਲ ਆਪਣੀ ਭਾਵ ਕਮਿਊਨਿਸਟ ਸਰਕਾਰ ਕਾਇਮ ਕਰ ਕੇ ਹੀ ਕੱਢਿਆ ਜਾ ਸਕਦਾ ਹੈ। ਇਸ ਲਈ ਪਾਰਟੀ ਮੈਂਬਰ ਜੇ ਗਿਆਨ ਦੇ ਪੱਖ ਤੋਂ ਮਜ਼ਬੂਤ ਹੋਣਗੇ ਤੇ ਜਲਦੀ ਤੇ ਮਜ਼ਬੂਤੀ ਨਾਲ ਲੋਕਾਂ ਨੂੰ ਪਾਰਟੀ ਨਾਲ ਜੋੜਨਗੇ। ਮਜ਼ਬੂਤ ਪਾਰਟੀ ਹੀ ਇਨਕਲਾਬ ਕਰ ਸਕਦੀ ਜਾਂ ਚੋਣਾ ਰਾਹੀਂ ਸਰਕਾਰ ਬਣਾ ਸਕਦੀ ਹੈ। ਪੰਜਾਬ ਦੇ ਕਮਿਊਨਿਸਟ ਅਧਿਆਪਕ ਤੇ ਪਾਰਟੀ ਦੇ ਸੀਨੀਅਰ ਆਗੂ ਬੰਤ ਸਿੰਘ ਬਰਾੜ ਨੇ ਕਿਹਾ ਕਿ ਹਰਭਜਨ ਸਿੰਘ ਨੇ ਠੀਕ ਹੀ ਕਿਹਾ ਕਿ ਮਾਰਕਸਵਾਦ ਰਟਿਆ ਹੋਇਆ ਮੂਲ ਮੰਤਰ ਨਹੀਂ ਹੈ। ਇਸ ਵਿਚ ਹੋਰ ਚੰਗਾ ਗੁਣਕਾਰੀ ਭਾਵ ਲੋਕ ਪੱਖੀ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਉਦਾਹਰਣ ਦਿੱਤੀ ਕਿ ਕਮਿਊਨਿਸਟ ਮਜ਼ਦੂਰਾਂ ਦਾ 1871 ਪੈਰਿਸ ਅਤੇ 1905 ਰੂਸ ਦਾ ਇਨਕਲਾਬ ਫੇਲ੍ਹ ਹੋਇਆ। ਲੈਨਿਨ ਨੇ ਦੋਵੇਂ ਇਨਕਲਾਬ ਫੇਲ੍ਹ ਹੋਣ ਦੇ ਕਾਰਨਾਂ ਨੂੰ ਡੂੰਘਾਈ ਨਾਲ ਘੋਖਿਆ। ਲੈਨਿਨ ਇਸ ਸਿੱਟੇ ’ਤੇ ਪਹੁੰਚਿਆ ਕਿ ਇਹ ਇਨਕਲਾਬ ਫੇਲ੍ਹ ਹੋਣ ਦੇ ਕਾਰਨ ਕਿਸਾਨੀ ਨੂੰ ਨਾਲ ਨਾ ਲੈਣਾ ਹੈ। ਉਹ ਇਥੋਂ ਤਕ ਪਹੁੰਚੇ ਕਿ ਜੇ ਕਿਸਾਨ ਇਨਕਲਾਬ ਵਿਚ ਨਾਲ ਲਏ ਜਾਣਗੇ ਤੇ ਫੌ਼ਜ ਵੀ ਇਨਕਲਾਬ ਵਿਚ ਮਜ਼ਦੂਰਾਂ ਦਾ ਸਾਥ ਦੇਵੇਗੀ। ਕਿਉਂਕਿ ਫੌਜ ’ਚ ਜ਼ਿਆਦਾਤਰ ਸਿਪਾਹੀ ਕਿਸਾਨਾਂ ਦੇ ਪੁੱਤ ਹਨ। ਇਸ ਲਈ ਲੈਨਿਨ ਨੇ ਮਾਰਕਸ ਦੇ ਇਨਕਲਾਬੀ ਸਿਧਾਂਤ ਵਿਚ ਮਜ਼ਦੂਰਾਂ ਦੇ ਨਾਲ ਕਿਸਾਨਾਂ ਨੂੰ ਵੀ ਜੋੜਿਆ। ਰੂਸ ਦੀ 1917 ਦੀ ਕ੍ਰਾਂਤੀ ਮਜ਼ਦੂਰਾਂ ਤੇ ਕਿਸਾਨਾਂ ਨੇ ਕਾਮਯਾਬ ਕੀਤੀ ਸੀ। ਲੈਨਿਨ ਦੀ ਸੋਚ ਨੂੰ ਫਲ ਮਿਲ ਗਿਆ ਕਿ ਰੂਸ ਦੀ ਕ੍ਰਾਂਤੀ ਵਿਚ ਫੌਜ ਵੀ ਮਜ਼ਦੂਰਾਂ-ਕਿਸਾਨਾਂ ਦੇ ਨਾਲ ਵੱਡੇ ਪੱਧਰ ’ਤੇ ਆ ਗਈ ਤੇ ਰੂਸ ਦਾ ਇਨਕਲਾਬ ਕਾਮਯਾਬ ਹੋ ਗਿਆ। ਬਰਾੜ ਨੇ ਕਿਹਾ ਕਿ ਈਰਾਨ-ਅਮਰੀਕਾ ਦੀ ਜੰਗ ਵਿਚ ਈਰਾਨ ਇਸ ਵੇਲੇ ਸਾਰੀ ਦੁਨੀਆ ਦਾ ਹੀਰੋ ਹੈ। ਈਰਾਨੀ ਕੌਮ ਹੀ ਐਸੀ ਹੈ ਕਿ ਮਰਦੇ ਦਮ ਤਕ ਵੈਰੀ ਤੋਂ ਹਾਰ ਨਹੀਂ ਮੰਨਦੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਸ ਵੇਲੇ ਪੂਰੀ ਦੁਨੀਆ ’ਚ ਬਦਖੋਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਮਿਊਨਿਸਟਾਂ ਨੂੰ ਮੋਦੀ ਸਰਕਾਰ ਹਿੰਦੁਸਤਾਨ ’ਚੋਂ ਖਤਮ ਨਹੀਂ ਕਰ ਸਕਦੀ। ਕਮਿਊਨਿਸਟ ਚੋਣਾਂ ਵਿਚ ਹਾਰੇ ਹਨ, ਮਰੇ ਨਹੀਂ। ਚੋਣ ਸਿਸਟਮ ਵਿਚ ਹਾਰ ਜਿੱਤ ਹੁੰਦੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਪਿੰਡ-ਪਿੰਡ ਪਾਰਟੀ ਬਰਾਂਚਾਂ ਕਾਇਮ ਕਰਕੇ ਉਨ੍ਹਾਂ ਕਮਿਊਨਿਸਟਾਂ ਨੂੰ ਗਿਆਨ ਦੇਣਾ ਹੋਵੇਗਾ। ਇਸ ਮੌਕੇ ਸੀਪੀਆਈ ਤਰਨਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਨੇ ਐਲਾਨ ਕੀਤਾ ਕਿ 29 ਮਈ ਨੂੰ ਤਰਨਤਾਰਨ ਵਿਖੇ ਜ਼ਿਲ੍ਹਾ ਪੱਧਰ ਦੀ ਵਿਸ਼ਾਲ ਰੈਲੀ ’ਤੇ ਸ਼ਹਿਰ ਵਿਚ ਮਾਰਚ ਕੀਤਾ ਜਾਵੇਗਾ। ਇਸ ਲਈ ਸਾਰੇ ਸਾਥੀ ਤਿਆਰੀ ਵਿਚ ਜੁੱਟ ਜਾਣ। ਇਸ ਮੌਕੇ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਪੰਜਾਬ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਰਜਿੰਦਰਪਾਲ ਕੌਰ, ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾਈ ਜਨਰਲ ਸਕੱਤਰ ਦੇਵੀ ਕੁਮਾਰੀ, ਸੀਪੀਆਈ ਤਰਨਤਾਰਨ ਜ਼ਿਲ੍ਹੇ ਦੇ ਮੀਤ ਸਕੱਤਰ ਬਲਕਾਰ ਸਿੰਘ ਵਲਟੋਹਾ ਤੇ ਗੁਰਦਿਆਲ ਸਿੰਘ ਖਡੂਰ ਸਾਹਿਬ, ਸੀਨੀਅਰ ਕਮਿਊਨਿਸਟ ਆਗੂ ਤਾਰਾ ਸਿੰਘ ਖਹਿਰਾ ਅਤੇ ਸੀਪੀਆਈ ਦੇ ਸੂਬਾ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਵੀ ਸੰਬੋਧਨ ਕੀਤਾ।