ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਜੀਵਨ ਲੀਲਾ ਸਮਾਪਤ
Publish Date: Fri, 08 May 2026 08:15 PM (IST)
Updated Date: Sat, 09 May 2026 04:15 AM (IST)

ਕੈਪਸ਼ਨ- ਮ੍ਰਿਤਕ ਕਿਸਾਨ ਦਿਲਾਵਰ ਸਿੰਘ ਦੀ ਫਾਈਲ ਫੋਟੋ। ਕੈਪਸ਼ਨ- ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਇੰਸਪੈਕਟਰ ਬਲਜੀਤ ਕੌਰ। * ਦੋ ਬੱਚਿਆਂ ਦਾ ਪਿਤਾ ਸੀ ਮ੍ਰਿਤਕ ਕਿਸਾਨ, ਇਲਾਕੇ ’ਚ ਸੋਗ ਦੀ ਲਹਿਰ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੱਲ੍ਹਾ ਵਿਖੇ ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਨੇ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਿਸ ਕਾਰਨ ਸਮੁੱਚੇ ਇਲਾਕੇ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਧਾਰਾ-194 ਤਹਿਤ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ ’ਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਦਿਲਾਵਰ ਸਿੰਘ (32) ਪੁੱਤਰ ਸਵ. ਸੁਰਜੀਤ ਸਿੰਘ ਕਰਜ਼ੇ ਤੋਂ ਪਰੇਸ਼ਾਨ ਚੱਲ ਰਿਹਾ ਸੀ। ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਨੌਜਵਾਨ ਦਿਲਾਵਰ ਸਿੰਘ ਖੇਤੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਤੇ ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਕਾਫੀ ਪਰੇਸ਼ਾਨ ਸੀ। ਸ਼ੁੱਕਰਵਾਰ ਤੜਕੇ ਨੌਜਵਾਨ ਕਿਸਾਨ ਦਿਲਾਵਰ ਸਿੰਘ ਨੇ ਆਪਣੇ ਘਰ ਦੇ ਕਮਰੇ ’ਚ ਵੜ ਕੇ ਸਿਰ ’ਚ ਗੋਲ਼ੀ ਮਾਰ ਲਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦਿਲਾਵਰ ਸਿੰਘ ਦੋ ਲੜਕਿਆਂ ਦਾ ਪਿਤਾ ਦੱਸਿਆ ਜਾ ਰਿਹਾ ਹੈ। ਉੱਧਰ, ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਡੀਐੱਸਪੀ ਗੋਇੰਦਵਾਲ ਸਾਹਿਬ ਹਰਿੰਦਰ ਸਿੰਘ, ਥਾਣਾ ਮੁਖੀ ਇੰਸਪੈਕਟਰ ਬਲਜੀਤ ਕੌਰ ਪੁਲਿਸ ਪਾਰਟੀ ਸਮੇਤ ਪੁੱਜ ਗਏ। ਡੀਐੱਸਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਮੁਤਾਬਕ ਦਿਲਾਵਰ ਸਿੰਘ ਨੇ ਕੋਈ ਜ਼ਮੀਨ ਲਈ ਸੀ, ਜਿਸ ’ਤੇ ਕਰਜ਼ਾ ਸੀ ਤੇ ਇਸੇ ਪਰੇਸ਼ਾਨੀ ਕਰ ਕੇ ਉਸ ਨੇ ਆਪਣੇ ਸਿਰ ’ਚ ਗੋਲ਼ੀ ਮਾਰ ਲਈ। ਉਨ੍ਹਾਂ ਦੱਸਿਆ ਕਿ ਧਾਰਾ-194 ਤਹਿਤ ਕਾਰਵਾਈ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।