ਨਾੜ ਨੂੰ ਅੱਗ ਲਗਾਉਣ ਦਾ ਸਿਲਸਿਲਾ ਜਾਰੀ, ਰਾਤ ਸਮੇਂ ਖੇਤਾਂ ’ਚੋਂ ਉੱਠਦੀਆਂ ਹਨ ਲਪਟਾਂ

- ਸੜਕਾਂ ਕਿਨਾਰੇ ਲੱਗੇ ਰੁੱਖ ਵੀ ਚੜ੍ਹ ਰਹੇ ਹਨ ਅੱਗ ਦੀ ਭੇਟ, ਧੂੰਏਂ ਕਾਰਨ ਹਾਦਸਿਆਂ ਦਾ ਡਰ
ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਕਣਕ ਦੀ ਕਟਾਈ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਤੂੜੀ ਵੀ ਬਣਾ ਲਈ ਗਈ ਹੈ। ਹੁਣ ਅਗਲੀ ਫਸਲ ਦੀ ਬਿਜਾਈ ਵਾਸਤੇ ਖੇਤ ਤਿਆਰ ਕਰਨ ਲਈ ਨਾੜ ਨੂੰ ਅੱਗ ਲਗਾਉਣ ਦਾ ਸਿਲਸਿਲਾ ਚੱਲ ਰਿਹਾ ਹੈ। ਬੇਸ਼ੱਕ ਕੁਝ ਜਾਗਰੂਕ ਕਿਸਾਨ ਰੋਟਾਵੇਟਰ ਨਾਲ ਨਾੜ ਨੂੰ ਜ਼ਮੀਨ ਵਿਚ ਹੀ ਜਜ਼ਬ ਕਰਨ ਨੂੰ ਤਰਜੀਹ ਦੇ ਰਹੇ ਹਨ। ਪਰ ਵਧੇਰੇ ਖੇਤਾਂ ਵਿਚ ਅਜੇ ਵੀ ਨਾੜ ਲਗਾਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿਸ ਕਾਰਨ ਸੜਕਾਂ ਕਿਨਾਰੇ ਜਾਂ ਖੇਤਾਂ ਦੇ ਅੰਦਰ ਲੱਗੇ ਰੁੱਖਾਂ ਵੀ ਝੁਲਸ ਰਹੇ ਹਨ। ਜ਼ਿਆਦਾਤਰ ਅੱਗਾਂ ਰਾਤ ਸਮੇਂ ਲਗਾਏ ਜਾਣ ਕਰਕੇ ਦੂਰ ਤੋਂ ਉੱਠਦੀਆਂ ਲਪਟਾਂ ਸਾਫ ਦਿਖਾਈ ਦੇ ਜਾਂਦੀਆਂ ਹਨ। ਦੱਸ ਦਈਏ ਕਿ ਸਰਕਾਰ, ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਫਸਲੀ ਰਹਿੰਦ-ਖੂੰਹਦ ਨੂੰ ਨਾ ਸਾੜਨ ਦੀ ਅਪੀਲ ਫਸਲ ਦੀ ਕਟਾਈ ਤੋਂ ਪਹਿਲਾਂ ਹੀ ਕਰ ਦਿੱਤੀ ਜਾਂਦੀ ਹੈ। ਬਕਾਇਦਾ ਜਾਗਰੂਕਤਾ ਵੈਨਾਂ ਵੀ ਪਿੰਡਾਂ ਵਿਚ ਪਹੁੰਚੀਆਂ ਜਾਂਦੀਆਂ ਹਨ ਤਾਂ ਜੋ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਸਾੜਨ ਤੋਂ ਰੋਕਿਆ ਜਾ ਸਕੇ। ਪਰ ਇਸ ਦੇ ਬਾਵਜੂਦ ਨਾੜ ਨੂੰ ਅੱਗ ਲਗਾਉਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਖਾਸ ਕਰ ਕੇ ਰਾਤ ਸਮੇਂ ਖੇਤਾਂ ਵਿਚ ਅੱਗ ਲਾਈ ਜਾਂਦੀ ਹੈ ਅਤੇ ਇਸ ਦੀਆਂ ਲਪਟਾਂ ਦੂਰ ਤੋਂ ਹੀ ਉੱਠਦੀਆਂ ਸਾਫ ਦਿਖਾਈ ਦੇ ਜਾਂਦੀਆਂ ਹਨ। ਉਧਰ ਖੇਤੀਬਾੜੀ ਅਧਿਕਾਰੀਆਂ ਦੀ ਮੰਨੀਏ ਤਾਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ। ਕਣਕ ਦੇ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜਦੋਂਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋਂ ਹੋਣ ਵਾਲੇ ਨੁਕਸਾਨ ਜਿਵੇਂ ਵਾਤਾਵਰਣ ਦਾ ਪਲੀਤ ਹੋਣਾ, ਸੜਕੀ ਹਾਦਸੇ, ਮਿੱਤਰ ਕੀੜਿਆਂ ਦਾ ਨੁਕਸਾਨ, ਧਰਤੀ ਵਿਚਲੇ ਖ਼ੁਰਾਕੀ ਤੱਤਾਂ ਦੀ ਉਪਲਬੱਧਤਾ ਘਟਣ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
- ਸੜਕਾਂ ਕਿਨਾਰੇ ਲੱਗੇ ਰੁੱਖ ਵੀ ਚੜ੍ਹ ਜਾਂਦੇ ਹਨ ਭੇਟ : ਲੋਹੁਕਾ
ਸਮਾਜ ਸੇਵੀ ਡਾ. ਸੁਖਦੇਵ ਸਿੰਘ ਲੋਹੁਕਾ ਨੇ ਕਿਹਾ ਕਿ ਨਾੜ ਨੂੰ ਅੱਗ ਲਗਾਉਣ ਨਾਲ ਕਈ ਥਾਵਾਂ ’ਤੇ ਸੜਕਾਂ ਦੇ ਕਿਨਾਰੇ ਲੱਗੇ ਰੁੱਖ ਵੀ ਸੜ ਜਾਂਦੇ ਹਨ। ਇਸ ਵੇਲੇ ਜ਼ਿਲ੍ਹੇ ਦੀਆਂ ਕਈ ਸੜਕਾਂ ’ਤੇ ਅਜਿਹੇ ਰੁੱਖ ਦਿਖਾਈ ਦੇ ਰਹੇ ਹਨ, ਜੋ ਖੇਤਾਂ ਵਿਚ ਲਗਾਈ ਅੱਗ ਨਾਲ ਝੁਲਸ ਚੁੱਕੇ ਹਨ। ਇਸ ਨਾਲ ਸਿਰਫ ਰੁੱਖਾਂ ਦਾ ਹੀ ਨੁਕਸਾਨ ਨਹੀਂ ਹੋ ਰਿਹਾ। ਬਲਕਿ ਰੁੱਖਾਂ ’ਤੇ ਰਹਿੰਦੇ ਪੰਛੀਆਂ ਦੇ ਰੈਣ ਬਸੇਰੇ ਵੀ ਨਸ਼ਟ ਹੋ ਜਾਂਦੇ ਹਨ। ਸੋਸ਼ਲ ਮੀਡੀਆ ’ਤੇ ਕਈ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ’ਚ ਰੁੱਖਾਂ ਦੀਆਂ ਟਾਹਣੀਆਂ ਵਿਚ ਰਹਿੰਦੇ ਪੰਛੀ ਵੀ ਅੱਗ ਦੀ ਭੇਟ ਚੜ੍ਹ ਗਏ।
- ਅੱਗ ਤੋਂ ਉੱਠਦਾ ਧੂੰਆਂ ਬਣਦਾ ਹੈ ਹਾਦਸਿਆਂ ਦਾ ਕਾਰਨ : ਅਰੋੜਾ
ਤਰਨਤਾਰਨ ਦੇ ਸੀਨੀਅਰ ਐਡਵੋਕੇਟ ਅਤੇ ਸਮਾਜ ਚਿੰਤਕ ਰਾਕੇਸ਼ ਰਮਨ ਅਰੋੜਾ ਨੇ ਕਿਹਾ ਕਿ ਅੱਗ ਨਾਲ ਪ੍ਰਦੂਸ਼ਣ ਤਾਂ ਫੈਲਦਾ ਹੀ ਹੈ, ਨਾਲ ਹੀ ਇਸ ਵਿੱਚੋਂ ਉੱਠਦਾ ਧੂੰਆਂ ਜਦੋਂ ਸੜਕਾਂ ਉੱਪਰ ਆਉਣ ਕਰ ਕੇ ਹਾਦਸੇ ਵੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਗਈਆਂ ਜਾਨਾਂ ਸਬੰਧੀ ਅਕਸਰ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਾੜ ਕਿਉਂ ਸਾੜਨੀ ਪੈਂਦੀ ਹੈ, ਇਸ ਵੱਲ ਸਰਕਾਰ ਤੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਕਿਸਾਨਾਂ ਦੀ ਮੁਸ਼ਕਿਲ ਨੂੰ ਦਰੁਸਤ ਕਰਕੇ ਇਸ ਸਿਲਸਿਲੇ ਨੂੰ ਰੋਕਿਆ ਜਾ ਸਕੇ।