ਪੁਲਿਸ ਨੇ ਰਾਤ 11 ਵਜੇ ਤਕ ਨਾਕੇਬੰਦੀ ਕਰ ਕੇ ਕੀਤੀ ਵਾਹਨਾਂ ਦੀ ਜਾਂਚ
ਤਰਨਤਾਰਨ ਪੁਲਿਸ ਨੇ ਰਾਤ 11 ਵਜੇ ਤਕ ਨਾਕੇਬੰਦੀ ਕਰਕੇ ਕੀਤੀ ਵੀਹਨਾਂ ਦੀ ਜਾਂਚ
Publish Date: Fri, 08 May 2026 08:31 PM (IST)
Updated Date: Fri, 08 May 2026 08:32 PM (IST)
- ਜ਼ਿਲ੍ਹੇ ਦੇ 38 ਪੁਆਇੰਟਾਂ ’ਤੇ ਚੱਲੀ ਚੈਕਿੰਗ ਮੁਹਿੰਮ, ਗਜ਼ਟਡ ਅਫਸਰ ਰਹੇ ਤਾਇਨਾਤ
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ
ਤਰਨਤਾਰਨ : ਪੰਜਾਬ ਵਿਚ ਹਾਲ ਹੀ ’ਚ ਵਾਪਰੀਆਂ ਧਮਾਕਿਆਂ ਦੀਆਂ ਘਟਨਾਵਾਂ ਕਾਰਨ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਦਿਖਾਈ ਦੇ ਰਿਹਾ ਹੈ। ਸਥਾਨਕ ਪੁਲਿਸ ਨੇ ਜ਼ਿਲ੍ਹੇ ’ਚ ਤਿੰਨ ਦਰਜ ਦੇ ਕਰੀਬ ਥਾਵਾਂ ’ਤੇ ਵਿਸ਼ੇਸ਼ ਨਾਕੇਬੰਦੀ ਕਰ ਕੇ ਰਾਤ 11 ਵਜੇ ਤਕ ਚੈਕਿੰਗ ਮੁਹਿੰਮ ਚਲਾਈ ਤਾਂ ਜੋ ਕਿਸੇ ਵੀ ਅਣ ਸੁਖਾਵੀਂ ਘਟਨਾ ਨੂੰ ਹੋਣੋਂ ਰੋਕਿਆ ਜਾ ਸਕੇ। ਇਸ ਦੌਰਾਨ ਕਈ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਬਾਈਕ ਸਵਾਰਾਂ ਕੋਲੋਂ ਵੀ ਪੁੱਛਗਿੱਛ ਕਰ ਕੇ ਤਫਤੀਸ਼ ਦਾ ਸਿਲਸਿਲਾ ਜਾਰੀ ਰਿਹਾ। ਇਸ ਚੈਕਿੰਗ ਦੌਰਾਨ ਖਾਸ ਗੱਲ ਇਹ ਰਹੀ ਕਿ ਐੱਸਐੱਸਪੀ ਸੁਰੇਂਦਰ ਲਾਂਬਾ ਸਮੇਤ ਜ਼ਿਲ੍ਹੇ ਦੇ ਸਾਰੇ ਗਜ਼ਟਡ ਅਧਿਕਾਰੀ ਅਤੇ ਵੱਖ-ਵੱਖ ਥਾਣਿਆਂ ਦੇ ਐੱਸਐੱਚਓਜ਼ ਵੀ ਤਾਇਨਾਤ ਰਹੇ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਤਰਨਤਾਰਨ ਸ਼ਹਿਰ ਵਿਚ ਨਾਕੇਬੰਦੀ ਦੀ ਚੈਕਿੰਗ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ’ਚ ਚੱਲ ਰਹੇ ਪੰਜਾਬ ਦੇ ਸੁਰੱਖਿਆ ਹਾਲਾਤਾਂ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਅਤੇ ਸਪੈਸ਼ਨਲ ਡੀਜੀਪੀ ਅਮਨ ਅਤੇ ਕਾਨੂੰਨ ਵੱਲੋਂ ਜਾਰੀ ਹੋਈਆਂ ਹਦਾਇਤਾਂ ਦੇ ਤਹਿਤ ਤਰਨਤਾਰਨ ਜ਼ਿਲ੍ਹੇ ਵਿਚ ਸਾਰੇ ਗਜ਼ਟਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੁੱਲ 38 ਥਾਵਾਂ ’ਤੇ ਰਾਤ 11 ਵਜੇ ਤਕ ਨਾਕੇਬੰਦੀ ਕੀਤੀ ਗਈ ਹੈ। ਜਦੋਂਕਿ ਇਸ ਤੋਂ ਬਾਅਦ ਸਾਰੀ ਰਾਤ ਤਿੰਨ ਗਜਟਡ ਅਧਿਕਾਰੀ ਅਤੇ ਐੱਸਐੱਚਓਜ਼ ਸਮੇਤ ਢਾਈ ਸੌ ਕਰਮਚਾਰੀ ਸਾਰੇ ਜ਼ਿਲ੍ਹੇ ਵਿਚ ਨਾਕਿਆਂ ’ਤੇ ਤਾਇਨਾਤ ਰਹਿਣਗੇ। ਜਦੋਂਕਿ ਸਾਰੇ ਹੋਟਲ, ਧਰਮਸ਼ਾਲਾਂ ਅਤੇ ਹੋਰ ਆਰਜੀ ਰਹਿਣ ਵਾਲੀਆਂ ਥਾਵਾਂ ਦੀ ਚੈਕਿੰਗ ਕਰ ਕੇ ਬਾਹਰੋਂ ਆ ਕੇ ਰਹਿਣ ਵਾਲੇ ਲੋਕਾਂ ਦੀ ਜਾਂਚ ਅਤੇ ਇਨ੍ਹਾਂ ਥਾਵਾਂ ਦੇ ਰਜਿਸਟਰ ਵੀ ਚੈੱਕ ਕੀਤੇ ਗਏ ਹਨ। ਜਦੋਂਕਿ ਇਸ ਨਾਕੇਬੰਦੀ ਦੌਰਾਨ 250 ਦੇ ਕਰੀਬ ਟ੍ਰੈਫਿਕ ਚਾਲਾਨ ਵੱਖ-ਵੱਖ ਨਾਕਿਆਂ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਵੱਲੋਂ ਕੀਤੇ ਗਏ ਹਨ ਅਤੇ 20 ਤੋਂ ਵੱਧ ਵਾਹਨ ਜ਼ਬਤ ਕੀਤੇ ਗਏ ਹਨ। ਇੰਨਾ ਹੀ ਨਹੀਂ ਕੁਝ ਸ਼ੱਕੀ ਵਿਅਕਤੀ ਹਿਰਾਸਤ ਵਿਚ ਵੀ ਲਏ ਗਏ ਹਨ, ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜ਼ਿਲ੍ਹੇ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਮੁਸ਼ਤੈਦ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਕੋਈ ਸ਼ੱਕੀ ਵਸਤੂ ਜਾਂ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਉਹ ਤੁਰੰਤ ਇਸ ਦੀ ਸੂਚਨਾ ਪੁਲਿਸ ਦੀ 112 ਹੈਲਪਲਾਈਨ ’ਤੇ ਦੇਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣ ਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।