ਸਰਹੱਦੀ ਪਿੰਡ ਡੱਲ ’ਚੋਂ ਬਰਾਮਦ ਹੋਈ ਹੈਰੋਇਨ ਦੀ ਖੇਪ
ਸਰਹੱਦੀ ਪਿੰਡ ਡੱਲ ’ਚੋਂ ਬਰਾਮਦ ਹੋਈ ਹੈਰੋਇਨ ਦੀ ਖੇਪ
Publish Date: Fri, 08 May 2026 08:24 PM (IST)
Updated Date: Fri, 08 May 2026 08:26 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਖਾਲੜਾ : ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਡੱਲ ਵਿੱਚੋਂ ਥਾਣਾ ਖਾਲੜਾ ਦੀ ਪੁਲਿਸ ਤੇ ਬੀਐੱਸਐੱਫ ਦੇ ਜਵਾਨਾਂ ਨੇ ਸਾਂਝੇ ਤੌਰ ’ਤੇ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਖੇਪ ਡਰੋਨ ਦੀ ਮਦਦ ਨਾਲ ਸਰਹੱਦ ਪਾਰੋਂ ਇੱਧਰ ਸੁੱਟੀ ਗਈ ਸੀ। ਸਬ ਇੰਸਪੈਕਟਰ ਪ੍ਰਦੀਪ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਮੌਕੇ ਕਲਸੀਆਂ ਪਿੰਡ ਵਿਚ ਮੌਜੂਦ ਸਨ। ਇਸੇ ਦੌਰਾਨ ਸੂਚਨਾ ਮਿਲੀ ਕਿ ਸੁਖਦੇਵ ਸਿੰਘ ਪੁੱਤਰ ਅਰੂੜ ਸਿੰਘ ਵਾਸੀ ਪਿੰਡ ਡੱਲ ਦੇ ਵਾਹਣ ਵਿਚ ਪੀਲੇ ਰੰਗ ਦਾ ਪੈਕੇਟ ਡਿੱਗਾ ਹੈ। ਉਹ ਪੁਲਿਸ ਕਰਮਚਾਰੀਆਂ ਸਣੇ ਮੌਕੇ ’ਤੇ ਪੁੱਜੇ ਅਤੇ ਸਰਹੱਦੀ ਚੌਂਕੀ ਬੀਓਪੀ ਧਰਮਾ ’ਤੇ ਤਾਇਨਾਤ ਬੀਐੱਸਐੱਫ ਦੀ 142 ਬਟਾਲੀਅਨ ਦੇ ਕੰਪਨੀ ਕਮਾਂਡਰ ਰਾਜੇਸ਼ ਯਾਦਵ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਉਕਤ ਪੀਲੇ ਰੰਗ ਦੇ ਪੈਕੇਟ ਜਿਸ ਨਾਲ ਕੁੰਡੀ ਵੀ ਲੱਗੀ ਹੋਈ ਸੀ, ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 516 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਥਾਣਾ ਖਾਲੜਾ ਵਿਚ ਐੱਨਡੀਪੀਐੱਸ ਅਤੇ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਉਸ ਦੀ ਪਛਾਣ ਕਰ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ।