ਬਿਜਲੀ ਕਰਮਚਾਰੀ ਦੀ ਕੁੱਟਮਾਰ ਕਰਨ ’ਤੇ ਦੋ ਦਰਜਨ ਵਿਅਕਤੀ ਨਾਮਜ਼ਦ
ਬਿਜਲੀ ਕਰਮਚਾਰੀ ਦੇ ਘਰ ਜਾ ਕੇ ਕੁੱਟਮਾਰ ਕਰਨ ਦਾ ਮਾਮਲਾ
Publish Date: Fri, 08 May 2026 08:22 PM (IST)
Updated Date: Fri, 08 May 2026 08:23 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਰਨ : ਦੇਰ ਰਾਤ ਨੂੰ ਖ਼ਰਾਬ ਬਿਜਲੀ ਠੀਕ ਨਾ ਕੀਤੇ ਜਾਣ ਦੀ ਰੰਜਿਸ਼ ਤਹਿਤ ਕਥਿਤ ਤੌਰ ’ਤੇ ਬਿਜਲੀ ਕਰਮਚਾਰੀ ਦੇ ਘਰ ਜਾ ਕੇ ਗਾਲ਼ਾਂ ਕੱਢਣ ਤੇ ਉਸ ਦੀ ਕੁੱਟਮਾਰ ਕਰਨ ਤੋਂ ਇਲਾਵਾ ਅਗਲੇ ਦਿਨ ਵੀ ਡਿਊਟੀ ਵਿਚ ਵਿਘਨ ਪਾਉਣ ਦੇ ਮਾਮਲੇ ਵਿਚ ਥਾਣਾ ਸਦਰ ਤਰਨਤਰਾਨ ਦੀ ਪੁਲਿਸ ਨੇ ਦੋ ਦਰਜਨ ਦੇ ਕਰੀਬ ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਘਟਨਾ ਦੋ ਹਫਤੇ ਪਹਿਲਾਂ ਦੀ ਹੈ। ਸਕੱਤਰ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਕੱਦਗਿੱਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਪ ਮੰਡਲ ਤਰਨਤਾਰਨ ਵਿਖੇ ਅਧੀਨ ਪੈਂਦੇ ਇਲਾਕੇ ਦੀ ਲਾਈਨ ਤੋਂ 21 ਅਪ੍ਰੈਲ ਦੀ ਰਾਤ ਨੂੰ ਬਿਜਲੀ ਬੰਦ ਹੋਈ ਸੀ। ਉਸ ਵੇਲੇ ਉਹ ਕੰਪਲੇਂਟ ਸੈਂਟਰ ਵਿਖੇ ਤਾਇਨਾਤ ਸੀ। ਇਸ ਸਬੰਧੀ ਦਫਤਰ ਵੱਲੋਂ ਉਨ੍ਹਾਂ ਦੀ ਡਿਊਟੀ ਸਪਲਾਈ ਬਹਾਲ ਕਰਨ ਸਬੰਧੀ ਡਿਊਟੀ ਲਾਈ ਗਈ ਤਾਂ ਉਹ ਸਟਾਫ ਵਿਚ ਲਾਈਨਮੈਨ ਲਖਵਿੰਦਰ ਸਿੰਘ ਅਤੇ ਲਾਈਨਮੈਨ ਸੁਖਦੇਵ ਸਿੰਘ ਨਾਲ ਪਿੰਡਾਂ ਵਿਚ ਲਾਈਟ ਠੀਕ ਕਰਨ ਲਈ ਪੁੱਜਾ ਅਤੇ ਕੁਝ ਫਾਲਟ ਠੀਕ ਵੀ ਕਰ ਦਿੱਤੇ। ਫਿਰ ਉਹ ਪਿੰਡ ਬਾਗੜੀਆਂ ਪੁੱਜੇ ਤੇ ਹਨੇਰਾ ਜ਼ਿਆਦਾ ਹੋਣ ਕਰ ਕੇ ਸਾਰੇ ਸਟਾਫ ਨੇ ਸਰਪੰਚ ਬਿਕਰਮਜੀਤ ਸਿੰਘ ਨਾਲ ਮਿਲ ਕੇ ਲਾਈਟ ਸਵੇਰੇ ਠੀਕ ਕਰਨ ਦਾ ਕਿਹਾ ਅਤੇ ਫਿਰ ਸਾਰਾ ਸਟਾਫ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਪਰ ਸਾਢੇ 11 ਵਜੇ ਰਾਤ ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਵਨ, ਹਰਵਰਜੀਤ ਸਿੰਘ, ਪਿੰਕਾ, ਕਰਮਜੀਤ ਸਿੰਘ ਵਾਸੀ ਕਲੇਰ ਅਤੇ ਗੋਰਾ ਵਾਸੀ ਬਾਗੜੀਆਂ 15 ਦੇ ਕਰੀਬ ਅਣਪਛਾਤਿਆਂ ਨਾਲ ਉਸ ਦੇ ਘਰ ਆਏ ਅਤੇ ਗਾਲੀ-ਗਲੋਚ ਕਰਦਿਆਂ ਉਸ ਦੀ ਕੁੱਟਮਾਰ ਕੀਤੀ। ਜਦੋਂਕਿ ਸਵੇਰੇ ਮੁੜ ਉਸ ਦਾ ਰਸਤਾ ਰੋਕ ਕੇ ਡਿਊਟੀ ਵਿਚ ਵਿਘਨ ਪਾਇਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਸਕੱਤਰ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਉਕਤ ਸਾਰੇ ਵਿਅਕਤੀਆਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਹੈ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।