ਘੰਟਿਆਂ ਬੱਧੀ ਲੱਗਦੇ ਜਾਮ ਤੋਂ ਵਿਦਿਆਰਥੀ, ਮਰੀਜ਼ ਤੇ ਰਾਹਗੀਰ ਪ੍ਰੇਸ਼ਾਨ, ਪ੍ਰਸ਼ਾਸਨ ਕੋਲੋਂ ਪੱਕੇ ਹੱਲ ਦੀ ਮੰਗ

- ਜਾਮ ਦਾ ਸਭ ਤੋਂ ਵੱਧ ਪ੍ਰਭਾਵ ਸਕੂਲੀ ਬੱਚਿਆਂ, ਮਰੀਜ਼ਾਂ ਤੇ ਨੌਕਰੀਪੇਸ਼ਾ ਲੋਕਾਂ ’ਤੇ ਪੈ ਰਿਹਾ
ਕੇਪੀ ਗਿੱਲ, •ਪੰਜਾਬੀ ਜਾਗਰਣ
ਕੈਰੋਂ : ਸਥਾਨਕ ਇਲਾਕੇ ਵਿਚ ਕਈ ਦਿਨਾਂ ਤੋਂ ਲੱਗ ਰਹੇ ਭਾਰੀ ਟ੍ਰੈਫਿਕ ਜਾਮ ਨੇ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤੀ ਹੈ। ਵੱਖ-ਵੱਖ ਦਾਣਾ ਮੰਡੀਆਂ ਤੋਂ ਅਨਾਜ ਲੈ ਕੇ ਗੁਦਾਮਾਂ ਵਿਚ ਪਹੁੰਚਾਉਣ ਜਾਂ ਇਕ ਗੁਦਾਮ ਤੋਂ ਦੂਜੇ ਗੁਦਾਮ ਤੱਕ ਅਨਾਜ ਦੀ ਢੁਆਈ ਕਰ ਰਹੇ ਟਰੱਕਾਂ ਦੀਆਂ ਲੰਮੀਆਂ ਕਤਾਰਾਂ ਕਾਰਨ ਘੰਟਿਆਂ ਤਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਭਾਵੇਂ ਪ੍ਰਸ਼ਾਸਨ ਵੱਲੋਂ ਟਰੱਕ ਚਾਲਕਾਂ ਅਤੇ ਟਰਾਂਸਪੋਰਟਰਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਪਰ ਜ਼ਮੀਨੀ ਹਾਲਾਤ ਇਸ ਦੇ ਉਲਟ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਸਰਹੱਦੀ ਖੇਤਰਾਂ ਨੂੰ ਪੱਟੀ ਸ਼ਹਿਰ ਨਾਲ ਜੋੜਨ ਵਾਲੇ ਅਹਿਮ ਰਸਤੇ ’ਤੇ ਦਿਨ-ਰਾਤ ਆਵਾਜਾਈ ਲੱਗੀ ਰਹਿੰਦੀ ਹੈ। ਪਰ ਸੜਕ ਦੇ ਦੋਵਾਂ ਪਾਸਿਆਂ ਖੜ੍ਹੇ ਟਰੱਕਾਂ ਅਤੇ ਕਈ ਵਾਰ ਤਿੰਨ-ਤਿੰਨ ਕਤਾਰਾਂ ਵਿਚ ਚੱਲਦੇ ਵਾਹਨਾਂ ਕਾਰਨ ਸੜਕ ਦਾ ਵੱਡਾ ਹਿੱਸਾ ਘਿਰ ਜਾਂਦਾ ਹੈ, ਜਿਸ ਕਾਰਨ ਆਮ ਰਾਹਗੀਰਾਂ ਲਈ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਸਭ ਤੋਂ ਵੱਧ ਪ੍ਰਭਾਵ ਸਕੂਲੀ ਬੱਚਿਆਂ, ਮਰੀਜ਼ਾਂ ਅਤੇ ਨੌਕਰੀਪੇਸ਼ਾ ਲੋਕਾਂ ’ਤੇ ਪੈ ਰਿਹਾ ਹੈ। ਸਕੂਲਾਂ ਦੀਆਂ ਬੱਸਾਂ ਕਈ-ਕਈ ਘੰਟੇ ਜਾਮ ਵਿੱਚ ਫਸੀਆਂ ਰਹਿੰਦੀਆਂ ਹਨ, ਜਿਸ ਕਾਰਨ ਵਿਦਿਆਰਥੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਐਮਰਜੈਂਸੀ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਐਂਬੂਲੈਂਸਾਂ ਵੀ ਜਾਮ ਵਿੱਚ ਫਸ ਜਾਂਦੀਆਂ ਹਨ, ਜਿਸ ਨਾਲ ਮਰੀਜ਼ਾਂ ਦੀ ਜਾਨ ਨੂੰ ਖਤਰਾ ਬਣ ਜਾਂਦਾ ਹੈ। ਕਈ ਵਾਰ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਲੰਮਾ ਸਮਾਂ ਜਾਮ ਵਿੱਚ ਖੜ੍ਹਾ ਰਹਿਣਾ ਪੈਂਦਾ ਹੈ। ਦੁਪਹਿਰ ਦੀ ਤਿੱਖੀ ਧੁੱਪ ਅਤੇ ਗਰਮੀ ਵਿੱਚ ਘੰਟਿਆਂ ਜਾਮ ਵਿੱਚ ਫਸੇ ਲੋਕ ਬੇਵੱਸ ਮਹਿਸੂਸ ਕਰਦੇ ਹਨ। ਨਾ ਉਹ ਅੱਗੇ ਵਧ ਸਕਦੇ ਹਨ ਅਤੇ ਨਾ ਹੀ ਪਿੱਛੇ ਮੁੜ ਸਕਦੇ ਹਨ। ਕਈ ਵਾਰੀ ਮਜਬੂਰੀ ਵਸ਼ ਰਾਹਗੀਰ ਆਪਣੀਆਂ ਗੱਡੀਆਂ ਛੱਡ ਕੇ ਖੁਦ ਜਾਮ ਖੁਲਵਾਉਣ ਲਈ ਮੈਦਾਨ ਵਿੱਚ ਉਤਰਦੇ ਵੇਖੇ ਗਏ। ਇਲਾਕੇ ਦੇ ਦੋ ਨਿੱਜੀ ਹਸਪਤਾਲ ਅਤੇ ਇਕ ਸਰਕਾਰੀ ਹਸਪਤਾਲ ਇਸੇ ਰਸਤੇ ’ਤੇ ਪੈਂਦੇ ਹਨ, ਜਿਸ ਕਾਰਨ ਇੱਥੇ ਜਾਮ ਲੱਗਣ ਨਾਲ ਸਿਹਤ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਇਸ ਤੋਂ ਇਲਾਵਾ ਬਾਬਾ ਬੁੱਢਾ ਸਾਹਿਬ ਝਬਾਲ ਅਤੇ ਗੁਰਦੁਆਰਾ ਜਨਮ ਅਸਥਾਨ ਪਹੂਵਿੰਡ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਨੂੰ ਵੀ ਇਸ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਰਾਹਗੀਰਾਂ ਸੰਤੋਖ ਸਿੰਘ, ਹੀਰਾ ਸਿੰਘ, ਬਗੀਚਾ ਸਿੰਘ, ਬਲਬੀਰ ਸਿੰਘ ਅਤੇ ਸੁਖਮਨ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਰੋਜ਼ਾਨਾ ਦਾ ਰਸਤਾ ਹੈ ਅਤੇ ਹੁਣ ਘਰੋਂ ਨਿਕਲਣ ਤੋਂ ਪਹਿਲਾਂ ਇਹੀ ਸੋਚਣਾ ਪੈਂਦਾ ਹੈ ਕਿ ਅੱਗੇ ਜਾ ਕੇ ਜਾਮ ਵਿੱਚ ਫਸਣਾ ਹੀ ਹੈ। ਇਸ ਲਈ ਇੱਕ ਘੰਟਾ ਪਹਿਲਾਂ ਤੁਰਨ ਦੇ ਬਾਵਜੂਦ ਵੀ ਕਈ ਵਾਰੀ ਉਹ ਆਪਣੀ ਮੰਜ਼ਿਲ ’ਤੇ ਸਮੇਂ ਸਿਰ ਨਹੀਂ ਪਹੁੰਚ ਸਕਦੇ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕਈ ਟਰੱਕ ਚਾਲਕਾਂ ਦਾ ਰਵੱਈਆ ਬਹੁਤ ਰੁੱਖਾ ਹੁੰਦਾ ਹੈ ਅਤੇ ਉਹ ਰਾਹਗੀਰਾਂ ਨਾਲ ਬਦਸਲੂਕੀ ਕਰਨ ਤੋਂ ਵੀ ਨਹੀਂ ਹਿਚਕਦੇ। ਲੋਕਾਂ ਦਾ ਕਹਿਣਾ ਹੈ ਕਿ ਮੌਕੇ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਦੀਆਂ ਹਦਾਇਤਾਂ ਨੂੰ ਵੀ ਕਈ ਟਰੱਕ ਚਾਲਕ ਨਜ਼ਰਅੰਦਾਜ਼ ਕਰਦੇ ਹਨ, ਜਿਸ ਕਾਰਨ ਹਾਲਾਤ ਹੋਰ ਗੰਭੀਰ ਬਣ ਜਾਂਦੇ ਹਨ। ਇਲਾਕੇ ਦੇ ਲੋਕਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੱਟੀ ਉਪ ਮੰਡਲ ਮੈਜਿਸਟ੍ਰੇਟ ਪਾਸੋਂ ਮੰਗ ਕੀਤੀ ਹੈ ਕਿ ਇਸ ਗੰਭੀਰ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇ।
- ਸੁਖਬੀਰ ਸਿੰਘ ਨਿੱਬਰ ਨੇ ਪ੍ਰਸ਼ਾਸਨ ਕੋਲੋਂ ਤੁਰੰਤ ਕਾਰਵਾਈ ਦੀ ਕੀਤੀ ਮੰਗ
ਸਮਾਜ ਸੇਵੀ ਅਤੇ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਦੇ ਆਗੂ ਸੁਖਬੀਰ ਸਿੰਘ ਨਿੱਬਰ ਨੇ ਪੱਟੀ-ਖੇਮਕਰਨ ਰੋਡ ’ਤੇ ਲੱਗ ਰਹੇ ਭਾਰੀ ਜਾਮਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਲੱਗ ਰਹੇ ਲੰਮੇ ਜਾਮਾਂ ਕਾਰਨ ਆਮ ਲੋਕਾਂ, ਸਕੂਲੀ ਬੱਚਿਆਂ, ਮਰੀਜ਼ਾਂ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਐਂਬੂਲੈਂਸਾਂ ਦਾ ਜਾਮ ਵਿੱਚ ਫਸਣਾ ਬਹੁਤ ਗੰਭੀਰ ਮਸਲਾ ਹੈ ਅਤੇ ਇਸ ਕਾਰਨ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ। ਸੁਖਬੀਰ ਸਿੰਘ ਨਿੱਬਰ ਨੇ ਮੰਗ ਕੀਤੀ ਕਿ ਟਰੱਕਾਂ ਦੀ ਆਵਾਜਾਈ ਲਈ ਵੱਖਰਾ ਪ੍ਰਬੰਧ ਕੀਤਾ ਜਾਵੇ ਅਤੇ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।