ਪਰਸ ਖੋਹਣ ਦੀ ਨੀਅਤ ਨਾਲ ਐਕਟਿਵਾ ਨੂੰ ਮਾਰੀ ਟੱਕਰ, ਦੂਰ ਤਕ ਘੜੀਸੀ ਔਰਤ
ਪਰਸ ਖੋਹਣ ਦੀ ਨੀਅਤ ਨਾਲ ਐਕਟਿਵਾ ਨੂੰ ਮਾਰੀ ਟੱਕਰ, ਦੂਰ ਤਕ ਘਸੀਟੀ ਮਹਿਲਾ
Publish Date: Fri, 08 May 2026 08:05 PM (IST)
Updated Date: Fri, 08 May 2026 08:05 PM (IST)
- ਜ਼ਖ਼ਮੀ ਹਾਲਤ ’ਚ ਔਰਤ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ’ਚ ਕਰਵਾਇਆ ਦਾਖ਼ਲ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪਰਸ ਖੋਹਣ ਦੀ ਨੀਅਤ ਨਾਲ ਬਾਈਕ ਸਵਾਰ ਨੇ ਐਕਟਿਵਾ ਨੂੰ ਫੇਟ ਮਾਰੀ ਪਰ ਔਰਤ ਦਾ ਕੜਾ ਮੋਟਰਸਾਈਕਲ ਨਾਲ ਫਸ ਗਿਆ ਤੇ ਉਹ ਦੂਰ ਤਕ ਉਸ ਨੂੰ ਘੜੀਸਦਾ ਲੈ ਗਿਆ। ਜਿਸ ਕਾਰਨ ਉਕਤ ਔਰਤ ਜ਼ਖ਼ਮੀ ਹੋ ਗਈ, ਜਿਸ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਖੋਹਬਾਜ ਮੋਟਰਸਾਈਕਲ ਛੱਡ ਕੇ ਫ਼ਰਾਰ ਹੋਣ ਵਿਚ ਸਫਲ ਹੋ ਗਿਆ। ਜਿਸ ਦੇ ਖ਼ਿਲਾਫ਼ ਥਾਣਾ ਝਬਾਲ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਰਾਜਵਿੰਦਰ ਕੌਰ ਪਤਨੀ ਪਲਵਿੰਦਰ ਸਿੰਘ ਵਾਸੀ ਮਾਣੋਚਾਹਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਇਸ ਵੇਲੇ ਝਬਾਲ ਦੀ ਭਾਂਬੜ ਕਾਲੋਨੀ ਵਿਚ ਰਹਿ ਰਹੀ ਹੈ। ਸ਼ਾਮ ਕਰੀਬ ਸਾਢੇ 7 ਵਜੇ ਉਹ ਆਪਣੀ ਦੁਕਾਨ ਤੋਂ ਐਕਟਿਵਾ ਨੰਬਰ ਪੀਬੀ46 ਕਿਊ 0833 ’ਤੇ ਸਵਾਰ ਹੋ ਕੇ ਘਰ ਜਾ ਰਹੀ ਸੀ। ਜਦੋਂ ਉਹ ਰਵਿੰਦਰਾ ਸਕੂਲ ਪੰਜਵੜ੍ਹ ਕੋਲ ਪੁੱਜੀ ਤਾਂ ਪਿੱਛੋਂ ਇਕ ਨੌਜਵਾਨ ਮੋਟਰਸਾਈਕਲਲ ’ਤੇ ਆਇਆ ਅਤੇ ਉਸ ਦਾ ਪਰਸ ਖੋਹਣ ਦੀ ਨੀਅਤ ਨਾਲ ਐਕਟਿਵਾ ਨੂੰ ਫੇਟ ਮਾਰੀ। ਇਸ ਦੌਰਾਨ ਐਕਟਿਵਾ ਡੋਲ ਗਈ ਅਤੇ ਉਸਦਾ ਕੜਾ ਮੋਟਰਸਾਈਕਲ ਦੇ ਪਿੱਛੇ ਲੱਗੇ ਕਰੀਅਰ ਸਟੈਂਡ ਨਾਲ ਅੜ ਗਿਆ। ਜਿਸ ਕਾਰਨ ਬਾਈਕ ਸਵਾਰ ਖੋਹਬਾਜ ਉਸ ਨੂੰ ਦੂਰ ਤਕ ਘੜੀਸਦਾ ਹੋਇਆ ਲੈ ਗਿਆ ਤੇ ਉਹ ਜ਼ਖ਼ਮੀ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਜ਼ੇਰੇ ਇਲਾਜ ਔਰਤ ਦੇ ਬਿਆਨ ਕਲਮਬੰਦ ਕਰ ਕੇ ਅਣਪਛਾਤੇ ਖੋਹਬਾਜ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਜਦੋਂਕਿ ਮੌਕੇ ਤੋਂ ਹੀਰੋ ਡੀਲੈਕਸ ਮੋਟਰਸਾਈਕਲ ਵੀ ਕਬਜ਼ੇ ’ਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਖੋਹਬਾਜ ਦੀ ਪਛਾਣ ਕਰ ਕੇ ਉਸ ਨੂੰ ਕਾਬੂ ਕਰ ਲਿਆ ਜਾਵੇਗਾ।