ਖੇਤੀਬਾੜੀ ਵਿਭਾਗ ਨੇ ਲਾਇਆ ਕਿਸਾਨ ਸਿਖਲਾਈ ਕੈਂਪ
ਖੇਤੀਬਾੜੀ ਵਿਭਾਗ ਨੇ ਪਿੰਡ ਢੰਡ ’ਚ ਲਗਾਇਆ ਕਿਸਾਨ ਸਿਖਲਾਈ ਕੈਂਪ
Publish Date: Fri, 08 May 2026 07:15 PM (IST)
Updated Date: Fri, 08 May 2026 07:17 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਮੁੱਖ ਖੇਤੀਬਾੜੀ ਅਫ਼ਸਰ ਡਾ. ਤੇਜਬੀਰ ਸਿੰਘ ਭੰਗੂ ਦੀ ਅਗਵਾਈ ਹੇਠ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਬਲਾਕ ਗੰਡੀਵਿੰਡ ਦੇ ਪਿੰਡ ਢੰਡ ਵਿਖੇ ਕਿਸਾਨ ਟ੍ਰੇਨਿੰਗ ਕੈਂਪ ਲਾਇਆ ਗਿਆ। ਇਸ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਤੋਂ ਡਾ. ਨਵਜੋਤ ਸਿੰਘ ਬਰਾੜ ਨੇ ਝੋਨੇ, ਬਾਸਮਤੀ ਅਤੇ ਮੱਕੀ ਤੋਂ ਮਿਆਰੀ ਅਤੇ ਵੱਧ ਝਾੜ ਲੈਣ ਲਈ ਕਿਸਮਾਂ, ਬਿਜਾਈ, ਖ਼ਾਦਾਂ ਆਦਿ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ। ਡਾ. ਸਾਹਿਲ ਨੇ ਮੱਛੀ ਪਾਲਣ ਅਤੇ ਡੇਅਰੀ ਫਾਰਮਿੰਗ ਸਬੰਧੀ ਜਾਣਕਾਰੀ ਦਿੱਤੀ। ਪਸ਼ੂ ਪਾਲਣ ਵਿਭਾਗ ਤੋਂ ਆਏ ਡਾ. ਨਰਿਪਜੀਤ ਕੌਰ ਅਤੇ ਇੰਦੂ ਬਾਲਾ ਨੇ ਪਸ਼ੂ ਪਾਲਣ ਵਿਭਾਗ ਅੰਦਰ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਬਾਗਬਾਨੀ ਵਿਭਾਗ ਤੋਂ ਬਾਗਬਾਨੀ ਵਿਕਾਸ ਅਫ਼ਸਰ ਡਾ. ਬਿਕਰਮਜੀਤ ਸਿੰਘ ਨੇ ਬਾਗਬਾਨੀ ਵਿਭਾਗ ਅੰਦਰ ਚੱਲ ਰਹੀਆਂ ਵੱਖ-ਵੱਖ ਸਕੀਮਾਂ ਅਤੇ ਸਬਸਿਡੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਵਰਮੀ ਕੰਪੋਸਟ ਅਤੇ ਮੱਕੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ ਅਪੀਲ ਕੀਤੀ ਤਾਂ ਜੋ ਕਿਸਾਨਾਂ ਦੀ ਆਮਦਨ ਵਿਚ ਵਾਧਾ ਕੀਤਾ ਜਾ ਸਕੇ। ਬੀਟੀਐੱਮ ਜਤਿਨਪਾਲ ਵੱਲੋਂ ਖੇਤੀਬਾੜੀ ਵਿਭਾਗ ਅੰਦਰ ਚੱਲ ਰਹੀ ਆਤਮਾ ਸਕੀਮ ਦੀਆਂ ਸਰਗਰਮੀਆਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਕਿਸਾਨ ਸਿਖਲਾਈ ਕੈਂਪ ਵਿਚ ਸਰਕਲ ਇੰਚਾਰਜ ਖੇਤੀਬਾੜੀ ਵਿਸਥਾਰ ਅਫ਼ਸਰ ਗੁਰਮੀਤ ਸਿੰਘ ਵੱਲੋਂ ਕਿਸਾਨਾਂ ਨੂੰ ਆਪਣੀ-ਆਪਣੀ ਫਾਰਮਰ ਆਈਡੀ ਬਣਾਉਣ ਦੀ ਅਪੀਲ ਕੀਤੀ ਗਈ ਤਾਂ ਕਿ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਵਿਚ ਕੋਈ ਮੁਸ਼ਕਿਲ ਨਾ ਆਵੇ। ਬਲਾਕ ਖੇਤੀਬਾੜੀ ਅਫ਼ਸਰ ਗੰਡੀਵਿੰਡ ਗੁਰਿੰਦਰਜੀਤ ਸਿੰਘ ਨੇ ਮਹਿਕਮੇ ਦੇ ਅੰਦਰ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਖੇਤੀਬਾੜੀ ਅਫਸਰ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਹੇਠ ਆਪਣਾ ਰਕਬਾ ਵਧਾਉਣ ਦੀ ਅਪੀਲ ਕੀਤੀ ਗਈ ਅਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਿੱਧੀ ਬਿਜਾਈ ਉਪਰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਰਾਸ਼ੀ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਫ਼ਸਲੀ ਵਿਭਿੰਨਤਾ ਸਕੀਮ ਅਧੀਨ ਝੋਨੇ ਹੇਠੋਂ ਰਕਬਾ ਘਟਾ ਕੇ ਮੱਕੀ ਦੀ ਕਾਸ਼ਤ ਕਰਨ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਮੱਕੀ ਦੀ ਕਾਸ਼ਤ ’ਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ 17 ਹਜ਼ਾਰ 500 ਰੁਪਏ ਦੀ ਵਿੱਤੀ ਸਹਾਇਤਾ ਪ੍ਰਤੀ ਹੈੱਕਟੇਅਰ ਬਾਰੇ ਜਾਣਕਾਰੀ ਦਿੱਤੀ। ਬਲਾਕ ਖੇਤੀਬਾੜੀ ਅਫ਼ਸਰ ਵੱਲੋਂ ਕਿਸਾਨਾਂ ਨੂੰ ਖ਼ਾਦਾਂ ਦੀ ਲੋੜ ਅਨੁਸਾਰ ਵਰਤੋਂ ਕਰਨ ਲਈ ਕਿਹਾ ਗਿਆ। ਉਨ੍ਹਾਂ ਨੇ ਟ੍ਰੇਨਿੰਗ ਵਿਚ ਸ਼ਾਮਲ ਹੋਏ ਕਿਸਾਨਾਂ ਅਤੇ ਮਾਹਿਰਾਂ ਦਾ ਧੰਨਵਾਦ ਕੀਤਾ। ਟ੍ਰੇਨਿੰਗ ਦੇ ਮੰਚ ਦਾ ਸੰਚਾਲਨ ਸਤਿੰਦਰ ਸਿੰਘ ਏਈਓ ਨੇ ਕੀਤਾ। ਇਸ ਟ੍ਰੇਨਿੰਗ ਨੂੰ ਸਫ਼ਲ ਬਣਾਉਣ ਲਈ ਪ੍ਰਦੀਪ ਨੰਦਾ ਏਐੱਸਆਈ, ਵਿਜੈ ਸਿੰਘ ਅਤੇ ਮਨਪ੍ਰੀਤ ਸਿੰਘ ਸਹਾਇਕ ਤਕਨੀਕੀ ਮੈਨੇਜਰ ਨੇ ਯੋਗਦਾਨ ਪਾਇਆ। ਇਸ ਟ੍ਰੇਨਿੰਗ ਵਿਚ 100 ਤੋਂ ਵੱਧ ਆਗਾਹ ਵਧੂ ਕਿਸਾਨ ਨੇ ਹਿੱਸਾ ਲਿਆ।