ਖਾਲਸਾ ਕਾਲਜ, ਚੋਹਲਾ ਸਾਹਿਬ ’ਚ ‘ਡਿਜ਼ੀਟਲ ਲਿਟਰੇਸੀ ਫਾਰ ਟੀਚਿੰਗ ਪ੍ਰੈਕਟਿਸ’ ਵਿਸ਼ੇ ‘ਤੇ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ

ਰਾਕੇਸ਼ ਨਈਅਰ•, ਪੰਜਾਬੀ ਜਾਗਰਣ
ਚੋਹਲਾ ਸਾਹਿਬ : ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵੱਲੋਂ ਆਈਸੀਟੀ ਅਕੈਡਮੀ ਦੇ ਸਹਿਯੋਗ ਨਾਲ ‘ਡਿਜੀਟਲ ਲਿਟਰੇਸੀ ਫਾਰ ਟੀਚਿੰਗ ਪ੍ਰੈਕਟਿਸ’ ਵਿਸ਼ੇ ’ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਐੱਫਡੀਪੀ ਬੜੇ ਉਤਸ਼ਾਹ ਅਤੇ ਸਫਲਤਾਪੂਰਵਕ ਢੰਗ ਨਾਲ ਸੰਪੰਨ ਹੋਇਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਡਿਜ਼ੀਟਲ ਯੁੱਗ ਦੀਆਂ ਨਵੀਆਂ ਤਕਨੀਕਾਂ ਨਾਲ ਜੋੜਨਾ, ਅਧਿਆਪਨ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਵਿਚ ਆਧੁਨਿਕ ਡਿਜ਼ੀਟਲ ਸਾਧਨਾਂ ਦੀ ਵਰਤੋਂ ਲਈ ਪ੍ਰੇਰਿਤ ਕਰਨਾ ਸੀ। ਕਾਲਜ ਦੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਨੇ ਭਰਪੂਰ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਡਿਜ਼ੀਟਲ ਸਿੱਖਿਆ ਦੇ ਵੱਖ-ਵੱਖ ਪੱਖਾਂ ਜਿਵੇਂ ਕਿ ਈ-ਕੰਟੈਂਟ ਤਿਆਰ ਕਰਨਾ, ਆਨਲਾਈਨ ਟੀਚਿੰਗ ਟੂਲਜ਼ ਦੀ ਵਰਤੋਂ, ਵਰਚੁਅਲ ਕਲਾਸਰੂਮ ਮੈਨੇਜਮੈਂਟ, ਆਰਟੀਫ਼ੀਸ਼ਲ ਇੰਟੈਲੀਜੈਂਸ ਅਧਾਰਿਤ ਸਿਖਲਾਈ ਤਕਨੀਕਾਂ, ਗੂਗਲ ਐਪਲੀਕੇਸ਼ਨਾਂ ਦੀ ਵਰਤੋਂ ਅਤੇ ਸਮਾਰਟ ਕਲਾਸਰੂਮ ਸਿਖਲਾਈ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਐੱਫਡੀਪੀ ਦੇ ਰਿਸੋਰਸ ਪਰਸਨ ਮੁਹੰਮਦ ਆਦਿਲ ਨੇ ਆਪਣੇ ਵਿਸ਼ੇਸ਼ ਲੈਕਚਰਾਂ ਅਤੇ ਪ੍ਰਯੋਗਾਤਮਕ ਸੈਸ਼ਨਾਂ ਰਾਹੀਂ ਅਧਿਆਪਕਾਂ ਨੂੰ ਡਿਜ਼ੀਟਲ ਪਲੇਟਫਾਰਮਾਂ ਦੀ ਪ੍ਰਭਾਵਸ਼ਾਲੀ ਵਰਤੋਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਆਧੁਨਿਕ ਸਿੱਖਿਆ ਪ੍ਰਣਾਲੀ ਵਿਚ ਡਿਜੀਟਲ ਲਿਟਰੇਸੀ ਦੀ ਮਹੱਤਤਾ ਲਗਾਤਾਰ ਵੱਧ ਰਹੀ ਹੈ ਅਤੇ ਅਧਿਆਪਕਾਂ ਲਈ ਨਵੀਆਂ ਤਕਨੀਕਾਂ ਨਾਲ ਅੱਪਡੇਟ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵੱਖ-ਵੱਖ ਆਨਲਾਈਨ ਸਾਧਨਾਂ ਅਤੇ ਐਪਲੀਕੇਸ਼ਨਾਂ ਦੀ ਵਰਤੋਂ ਦੇ ਡੈਮੋ ਵੀ ਦਿੱਤੇ, ਜਿਸ ਨਾਲ ਭਾਗੀਦਾਰਾਂ ਨੂੰ ਵਿਹਾਰਿਕ ਜਾਣਕਾਰੀ ਪ੍ਰਾਪਤ ਹੋਈ। ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਹਿੰਮਤ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅਧਿਆਪਕਾਂ ਦੀ ਪੇਸ਼ਾਵਰ ਯੋਗਤਾ ਵਿਚ ਨਿਖਾਰ ਲਿਆਉਣ ਦੇ ਨਾਲ-ਨਾਲ ਵਿਦਿਆਰਥੀਆਂ ਲਈ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਰੋਚਕ ਅਤੇ ਪ੍ਰਭਾਵਸ਼ਾਲੀ ਬਣਾਉਣ ਵਿਚ ਮਦਦਗਾਰ ਸਾਬਿਤ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਡਿਜ਼ੀਟਲ ਸਿੱਖਿਆ ਦੇ ਵਧਦੇ ਦਾਇਰੇ ਨੂੰ ਦੇਖਦਿਆਂ ਅਧਿਆਪਕਾਂ ਨੂੰ ਤਕਨੀਕੀ ਤੌਰ ’ਤੇ ਮਜ਼ਬੂਤ ਬਣਾਉਣਾ ਸਮੇਂ ਦੀ ਲੋੜ ਹੈ। ਸਮਾਪਤੀ ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਨੇ ਰਿਸੋਰਸ ਪਰਸਨ ਅਤੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਡਿਜੀਟਲ ਤਕਨੀਕਾਂ ਸਿੱਖਿਆ ਦਾ ਅਤੁੱਟ ਹਿੱਸਾ ਬਣ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਕਾਦਮਿਕ ਅਤੇ ਗਿਆਨ ਭਰਪੂਰ ਉਪਰਾਲੇ ਅਧਿਆਪਕਾਂ ਦੀ ਕਾਰਗੁਜ਼ਾਰੀ ਵਿਚ ਸੁਧਾਰ ਲਿਆਉਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਿੱਖਣ ਦੇ ਤਜ਼ਰਬੇ ਨੂੰ ਵੀ ਬਿਹਤਰ ਬਣਾਉਂਦੇ ਹਨ। ਉਨ੍ਹਾਂ ਨੇ ਆਈਸੀਟੀ ਅਕੈਡਮੀ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਦਿਆਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਗੁਣਵੱਤਾ-ਆਧਾਰਿਤ ਪ੍ਰੋਗਰਾਮ ਕਰਵਾਉਣ ਦੀ ਵਚਨਬੱਧਤਾ ਜਤਾਈ। ਇਸ ਮੌਕੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਸਾਰੇ ਅਧਿਆਪਕਾਂ ਨੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਲਾਭਦਾਇਕ ਅਤੇ ਗਿਆਨ ਵਰਧਕ ਕਰਾਰ ਦਿੱਤਾ। ਪ੍ਰੋਗਰਾਮ ਧੰਨਵਾਦ ਮਤਾ ਨਾਲ ਸਫਲਤਾਪੂਰਵਕ ਸੰਪੰਨ ਹੋਇਆ।